ਫੌਜ ਅਤੇ ਪੁਲਿਸ ਦੇ ਜਵਾਨਾਂ ਪ੍ਰਤੀ ਅਸ਼ੋਭਨੀਕ ਟਿੱਪਣੀਆਂ ਨਾ ਕਰਨ ਸਿਆਸਤਦਾਨ: ਮਾਸਟਰ ਮੋਹਨ ਲਾਲ

ਜਲੰਧਰ (ਦ ਸਟੈਲਰ ਨਿਊਜ਼) ਰਿਪੋਰਟ: ਅਭਿਸ਼ੇਕ ਕੁਮਾਰ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਪੰਜਾਬ ਦੇ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਨੇ ਸਿਆਸਤਦਾਨਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਬੋਲਦੇ ਸਮੇਂ ਆਪਣੀ ਬਾਣੀ ’ਤੇ ਸੰਜਮ ਰੱਖਣ, ਖਾਸ ਕਰ ਕੇ ਫੌਜ ਅਤੇ ਪੁਲਿਸ ਦੇ ਜਵਾਨਾਂ ਪ੍ਰਤੀ ਅਸ਼ੋਭਨੀਕ ਟਿੱਪਣੀਆਂ ਨਾ ਕਰਨ।

Advertisements

ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਇਹ ਬਿਆਨ ਕਿਸੇ ਨੂੰ ਹਜਮ ਨਹੀਂ ਹੋਵੇਗਾ ਕਿ ਜੇ ਐੱਮ. ਐੱਲ. ਏ. ਇਕ ਧਮਕੀ ਦੇਵੇ ਤਾਂ ਪੁਲਸ ਦਾ ਪਿਸ਼ਾਬ ਨਿਕਲ ਜਾਏਗਾ। ਅਜਿਹਾ ਬਿਆਨ ਅਤੇ ਉਹ ਵੀ ਸੁਰੱਖਿਆ ਫੋਰਸਾਂ ਦੇ ਜਵਾਨਾਂ ਸਬੰਧੀ ਅਤੇ ਕਾਂਗਰਸ ਪ੍ਰਧਾਨ ਵੱਲੋਂ ਦਿੱਤਾ ਗਿਆ ਹੋਵੇ ਤਾਂ ਵਧੇਰੇ ਚਿੰਤਾ ਵਾਲੀ ਗੱਲ ਹੈ। ਕੀ ਸਿੱਧੂ ਨੂੰ ਇਸ ਗੱਲ ਦਾ ਪਤਾ ਹੈ ਕਿ ਜੰਮੂ-ਕਸ਼ਮੀਰ ਵਿਚ ਪੁਲਸ ਦੇ ਕਿੰਨੇ ਜਵਾਨ ਅੱਤਵਾਦੀਆਂ ਹੱਥੋਂ ਸ਼ਹੀਦ ਹੋਏ ਹਨ? ਕੀ ਸਿੱਧੂ ਨੂੰ ਇਹ ਪਤਾ ਹੈ ਕਿ ਉਨ੍ਹਾਂ ਦੀ ਸੁਰੱਖਿਆ ਵਿਚ ਕਿੰਨੇ ਪੁਲਿਸ ਮੁਲਾਜਮ ਲੱਗੇ ਹੋਏ ਹਨ? ਜੇ ਉਹ ਸੱਚਮੁੱਚ ਕਾਂਗਰਸ ਦੇ ਪ੍ਰਧਾਨ ਹਨ ਤਾਂ ਪੁਲਿਸ ਦੇ ਜਵਾਨਾਂ ਤੋਂ ਬਿਨਾਂ ਨਿਕਲ ਕੇ ਦੱਸਣ। ਪੁਲਸ ਦੀਆਂ ਜਿਪਸੀਆਂ ਕਿਸ ਲਈ ਹਨ? ਸਿੱਧੂ ਸਾਹਿਬ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਪੁਲਿਸ ਫੋਰਸ ਦਾ ਮਨੋਬਲ ਨਾ ਤੋੜਨ।

ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਮੇਰੇ ਛੋਟੇ ਭਰਾ ਸੁਖਬੀਰ ਸਿੰਘ ਬਾਦਲ ਸਿਆਸਤਦਾਨਾਂ ਨੂੰ ਭਾਵੇਂ ਜੋ ਮਰਜੀ ਕਹਿਣ ਪਰ ਉਨ੍ਹਾਂ ਦਾ ਇਹ ਕਹਿਣਾ ਕਿ ਖਾਕੀ ਨੇ ਪੁਲਿਸ ਨੂੰ ਬਦਨਾਮ ਕਰ ਦਿੱਤਾ ਹੈ ਅਤੇ ਮੈਂ ਜੇ ਇਕ ਧਮਕੀ ਦਿੱਤੀ ਤਾਂ ਉਨ੍ਹਾਂ ਦੀ ਪੈਂਟ ਗਿੱਲੀ ਹੋ ਜਾਏਗੀ, ਮੇਰੀ ਸਰਕਾਰ ਆਉਣ ਦਿਓ, ਮੈਂ ਅਫਸਰਾਂ ਨੂੰ ਬਖਸ਼ਾਂਗਾ ਨਹੀਂ, ਮਰਿਆਦਾ ਭਰਪੂਰ ਨਹੀਂ ਹਨ। ਸੁਖਬੀਰ ਬੇਸ਼ੱਕ ਆਪਣੇ ਆਈ. ਏ. ਐੱਸ. ਅਧਿਕਾਰੀਆਂ ਨੂੰ ਨਾ ਬਖਸ਼ਣ ਪਰ ਅਸ਼ੋਭਨੀਕ ਸ਼ਬਦਾਂ ਦੀ ਵਰਤੋਂ ਨਾ ਕਰਨ।

ਮਾਸਟਰ ਮੋਹਨ ਲਾਲ ਨੇ ਕਿਹਾ ਕਿ 1980 ਤੋਂ 1992 ਦਰਮਿਆਨ ਦੇ ਸਮੇਂ ਦਾ ਸੁਖਬੀਰ ਬਾਦਲ ਧਿਆਨ ਰੱਖਣ, ਕਿੰਨੇ ਪੁਲਸ ਮੁਲਾਜਮ ਅੱਤਵਾਦੀਆਂ ਹੱੱਥੋਂ ਸ਼ਹੀਦ ਹੋਏ? ਕੀ ਅਸੀਂ ਆਪਣੀ ਹੀ ਪੁਲਿਸ ਅਤੇ ਆਪਣੀ ਹੀ ਫੌਜ ਵਿਰੁੱਧ ਬੋਲਦੇ ਰਹਾਂਗੇ? ਉਨ੍ਹਾਂ ਨੂੰ ਵੀ ਚਾਹੀਦਾ ਹੈ ਕਿ ਇਸ ਨਾਜੁਕ ਸਮੇਂ ਵਿਚ ਪੁਲਸ ਦੇ ਜਵਾਨਾਂ ਦੀ ਪਿੱਠ ’ਤੇ ਆਪਣਾ ਹੱਥ ਰੱਖਣ। ਫੌਜ ਦੇ ਜਵਾਨਾਂ ਪ੍ਰਤੀ ਆਪਣਾ ਸਿਰ ਝੁਕਾਉਣ। ਪੰਜਾਬ ਵਿਚ ਜੋ ਨਵਾਂ ਦੌਰ ਧਾਰਮਿਕ ਥਾਵਾਂ ਦੀ ਬੇਅਦਬੀ ਕਰਨ ਦਾ ਸ਼ੁਰੂ ਹੋਇਆ ਹੈ, ਨੂੰ ਪੁਲਿਸ ਅਤੇ ਫੌਜ ਮਿਲ ਕੇ ਹੀ ਬਚਾਅ ਸਕਦੀਆਂ ਹਨ।

ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਅੱਤਵਾਦ ਦਾ ਮੁਕਾਬਲਾ ਪੰਜਾਬ ਪੁਲਿਸ ਦੇ ਜਵਾਨਾਂ ਨੇ ਕੀਤਾ, ਮੈਂ ਉਨ੍ਹਾਂ ਨੂੰ ਸਾਧੂਵਾਦ ਦਿੰਦਾ ਹਾਂ। ਪੁਲਸ ਦੇ ਸਭ ਅਧਿਕਾਰੀਆਂ ਨੂੰ ਬੇਨਤੀ ਕਰਾਂਗਾ ਕਿ ਉਹ ਗੁੱਸੇ ਵਿਚ ਨਾ ਆਉਣ। ਇਹ ਨੇਤਾ ਵੀ ਆਪਣੇ ਹਨ, ਬੇਗਾਨੇ ਨਹੀਂ। ਇਸ ਲਈ ਸਿਆਸਤਦਾਨ ਅਤੇ ਪੁਲਿਸ ਦੋਵੇਂ ਮਿਲ ਕੇ ਪੰਜਾਬ ਨੂੰ ਬਚਾਉਣ।

LEAVE A REPLY

Please enter your comment!
Please enter your name here