ਵਿਧਾਨ ਸਭਾ ਚੋਣਾਂ : ਬੈਂਕਾਂ ਨੂੰ ਨਗਦੀ ਜਮ੍ਹਾ ਕਰਵਾਉਣ ਤੇ ਕਢਵਾਉਣ ‘ਤੇ ਨਜ਼ਰ ਰੱਖਣ ਦੀ ਹਦਾਇਤ

ਜਲੰਧਰ (ਦ ਸਟੈਲਰ ਨਿਊਜ਼)। ਵਿਧਾਨ ਸਭਾ ਚੋਣਾਂ ਦੌਰਾਨ ਬੈਂਕਾਂ ਪਾਸੋਂ ਸ਼ੱਕੀ ਟਰਾਂਸਜ਼ੈਕਸ਼ਨ ਸਬੰਧੀ ਸੂਚਨਾ ਇਕੱਤਰ ਕਰਨ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਜ) ਅਮਰਜੀਤ ਬੈਂਸ ਨੇ ਵੱਖ-ਵੱਖ ਬੈਂਕਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਉਨ੍ਹਾਂ ਨੂੰ ਚੋਣਾਂ ਦੌਰਾਨ ਨਗਦੀ ਜਮ੍ਹਾ ਕਰਵਾਉਣ ਅਤੇ ਕਢਵਾਉਣ ਦੇ ਸ਼ੱਕੀ ਮਾਮਲਿਆਂ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਮੇਂ ਸਿਰ ਸੂਚਿਤ ਕਰਨ ਦੀਆਂ ਹਦਾਇਤਾਂ ਦਿੱਤੀਆਂ।

Advertisements

ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬੈਂਕ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਨਿਰਦੇਸ਼ ਦਿੱਤੇ ਕਿ ਚੋਣ ਪ੍ਰਕਿਰਿਆ ਦੌਰਾਨ ਬੈਂਕ ਖਾਤੇ ਵਿੱਚ ਇਕ ਲੱਖ ਰੁਪਏ ਤੋਂ ਵੱਧ ਅਸਧਾਰਣ ਤੇ ਸ਼ੱਕੀ ਨਗਦੀ ਕਢਵਾਉਣ ਜਾਂ ਜਮ੍ਹਾ ਕਰਵਾਉਣ ਅਤੇ  ਜ਼ਿਲ੍ਹੇ/ਹਲਕੇ ਵਿੱਚ ਇੱਕ ਬੈਂਕ ਖਾਤੇ ਤੋਂ ਆਰ.ਟੀ.ਜੀ.ਐਸ (RTGS) ਰਾਹੀਂ ਕਈ ਵਿਅਕਤੀਆਂ ਦੇ ਖਾਤਿਆਂ ਵਿੱਚ ਰਕਮ ਦੇ ਅਸਾਧਾਰਨ ਤਬਾਦਲੇ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਵੇ। ਇਸ ਤੋਂ ਇਲਾਵਾ ਉਮੀਦਵਾਰ ਜਾਂ ਉਸ ਦੇ ਪਤੀ/ਪਤਨੀ ਜਾਂ ਉਸ ਦੇ ਆਸ਼ਰਿਤਾਂ ਦੇ ਬੈਂਕ ਖਾਤੇ ਵਿੱਚ 1.00 ਲੱਖ ਰੁਪਏ ਤੋਂ ਵੱਧ ਦੀ ਨਕਦੀ ਜਮ੍ਹਾ ਕਰਵਾਉਣ ਜਾਂ ਕਢਵਾਉਣ ਸਬੰਧੀ ਸੂਚਨਾ ਦੇਣਾ ਵੀ ਯਕੀਨੀ ਬਣਾਇਆ ਜਾਵੇ। ਉਨ੍ਹਾਂ ਬੈਂਕ ਅਧਿਕਾਰੀਆਂ ਨੂੰ ਕਿਹਾ ਕਿ ਕੋਈ ਹੋਰ ਕੈਸ਼ ਟਰਾਂਜ਼ੈਕਸ਼ਨ, ਜਿਸ ਦੀ ਵਰਤੋਂ ਰਿਸ਼ਵਤ ਦੇ ਤੌਰ ‘ਤੇ ਕੀਤੀ ਜਾ ਸਕਦੀ ਹੈ, ਸਮੇਤ ਸਿਆਸੀ ਪਾਰਟੀ ਦੇ ਖਾਤੇ ਵਿੱਚ 1.00 ਲੱਖ ਰੁਪਏ ਤੋਂ ਵੱਧ ਦੀ ਨਕਦੀ ਕਢਵਾਉਣ ਅਤੇ ਜਮ੍ਹਾ ਕਰਵਾਉਣ ਸਬੰਧੀ ਵੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ 10.00 ਲੱਖ ਰੁਪਏ ਤੋਂ ਵੱਧ ਦੀ ਨਕਦੀ ਜਮ੍ਹਾ ਜਾਂ ਕਢਵਾਉਣ ਦੀ ਜਾਣਕਾਰੀ ਵੀ ਆਮਦਨ ਕਰ ਕਾਨੂੰਨ ਤਹਿਤ ਲੋੜੀਂਦੀ ਕਾਰਵਾਈ ਲਈ ਰਿਪੋਰਟ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਆਮਦਨ ਕਰ ਵਿਭਾਗ ਦੇ ਨੋਡਲ ਅਫ਼ਸਰਾਂ ਨੂੰ ਅੱਗੇ ਜਮ੍ਹਾ ਕਰਵਾਈ ਜਾ ਸਕੇ। ਇਸ ਮੌਕੇ ਲੀਡ ਬੈਂਕ ਮੈਨੇਜਰ ਜੈ ਭੂਸ਼ਣ, ਕੈਨਰਾ ਬੈਂਕ ਦੇ ਮੈਨੇਜਰ ਜਗਦੀਸ਼ ਕੁਮਾਰ ਸਮੇਤ ਵੱਖ-ਵੱਖ ਬੈਂਕਾਂ ਦੇ ਅਧਿਕਾਰੀ ਮੌਜੂਦ ਸਨ।

LEAVE A REPLY

Please enter your comment!
Please enter your name here