
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਮਿਸ਼ਨ ਤੰਦਰੁਸਤ ਪੰਜਾਬ ਅਤੇ ਫੂਡ ਸੇਫਟੀ ਅਤੇ ਸਟੈਡਰਡ ਐਕਟ 2006 ਤਹਿਤ ਪੰਜਾਬ ਦੇ ਲੋਕਾਂ ਨੂੰ ਸਾਫ-ਸੁਥਰਾ ਮਿਲਾਵਟ ਰਹਿਤ ਖਾਦ ਪਦਾਰਥਾਂ ਮੁੱਹਈਆ ਕਰਵਾਉਣ ਅਤੇ ਮਿਲਾਵਟ ਖੌਰਾਂ ਖਿਲਾਫ ਉਚਿਤ ਕਾਰਵਾਈ ਦੇ ਉਦੇਸ਼ ਨਾਲ ਸਿਵਲ ਸਰਜਨ ਡਾ. ਪਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜ਼ਿਲ੍ਹਾ ਸਿਹਤ ਅਫਸਰ ਡਾ. ਲਖਵੀਰ ਸਿੰਘ ਦੀ ਅਗਵਾਈ ਹੇਠ ਫੂਡ ਸੇਫਟੀ ਅਫਸਰ ਰਮਨ ਵਿਰਦੀ, ਰਾਮ ਲੁਭਾਇਆ, ਨਰੇਸ਼ ਕੁਮਾਰ, ਪਰਮਜੀਤ ਸਿੰਘ ਤੇ ਫੂਡ ਟੀਮ ਵਲੋਂ ਵੇਰਕਾ ਮਿਲਕ ਪਲਾਂਟ ਅੱਜੋਵਾਲ ਅਤੇ ਸ਼ਿਮਲਾ ਪਹਾੜੀ ਵਿਖੇ ਨਿਊ ਡੀਲੇਕ੍ਸ ਬੇਕਰੀ, ਪੰਡਿਤ ਕੁਲਫੀ ਵਾਲੇ ਅਤੇ ਡੀਲੇਕ੍ਸ ਅੰਮ੍ਰਿਤਸਰੀ ਕੁਲਚਾ ਦੀਆਂ ਦੁਕਾਨਾਂ ਤੇ ਦਸਤਕ ਦੇਕੇ ਦੁੱਧ ਅਤੇ ਦੁੱਧ ਪਦਾਰਥਾਂ ਤੋਂ ਬਣਨ ਵਾਲੀਆਂ ਵਸਤੂਆਂ ਦੇ ਵੱਖ-ਵੱਖ 11 ਸੈਂਪਲ ਜਿਨ੍ਹਾਂ ਵਿਚ ਸਟੈਂਡਰਡ ਮਿਲਕ , ਖੀਰ , ਪਨੀਰ ,ਪੀਓ ਮਿਲਕ , ਚੀਜ਼ ਕੋਰਨ ਰੋਲ, ਮਿਕ੍ਸਵੇਜ ਪੀਜਾ, ਮਿਲਕ ਬਦਾਮ, ਕੁਲਫੀ, ਬਰਫੀ, ਤਿਆਰ ਛੋਲੇ ਅਤੇ ਚਟਨੀ ਦੇ ਸੈਂਪਲ ਭਰੇ ਗਏ । ਇਸ ਬਾਰੇ ਹੋਰ ਜਾਣਕਾਰੀ ਸਾਂਝੀ ਕਰਦੇ ਹੋਏ ਜ਼ਿਲ੍ਹਾ ਸਿਹਤ ਅਫਸਰ ਡਾ. ਲਖਵੀਰ ਸਿੰਘ ਨੇ ਦੱਸਿਆ ਕਿ ਟੀਮ ਵਲੋਂ ਸੈਂਪਲ ਇੱਕਤਰ ਕਰਕੇ ਅਗਲੇਰੀ ਜਾਂਚ ਲਈ ਸਟੇਟ ਟੈਸਟਿੰਗ ਲੈਬ ਖਰੜ ਨੂੰ ਭੇਜ ਦਿੱਤੇ ਗਏ ਹਨ ਅਤੇ ਰਿਪੋਟ ਪ੍ਰਾਪਤ ਹੋਣ ਤੇ ਫੂਡ ਸੇਫਟੀ ਅਤੇ ਸਟੈਡਰਡ ਐਕਟ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ।

ਉਨਾਂ ਦੱਸਿਆ ਕਿ ਸਾਲ ਦੀ ਸ਼ੁਰੂਆਤ ਦੁੱਧ ਅਤੇ ਉਸਤੋਂ ਤਿਆਰ ਪਦਾਰਥਾਂ ਦੀ ਸ਼ੁੱਧਤਾ ਨੂੰ ਪਰਖਣ ਲਈ ਅੱਜ ਖਾਧ-ਪਦਾਰਥਾਂ ਦੇ ਸੈਂਪਲ ਲੈਣ ਨਾਲ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਸ਼ੁੱਧ ਖਾਧ ਪਦਾਰਥ ਮੁਹਈਆ ਕਰਵਾਏ ਜਾ ਸਕਣ।ਇਸ ਮੌਕੇ ਟੀਮ ਵਲੋਂ ਵੇਰਕਾ ਮਿਲਕ ਪਲਾਂਟ ਦੀ ਲੈਬ ਅਤੇ ਮਾਈਕਰੋ ਲੈਬ ਵਿਚ ਸਾਫ ਸਫਾਈ ਦਾ ਵੀ ਨਿਰੀਖਣ ਕੀਤਾ ਗਿਆ। ਚੈਕਿੰਗ ਦੌਰਾਨ ਦੁਕਾਨਾਦਾਰਾਂ ਦੇ ਐਫ.ਐਸ.ਐਸ.ਆਈ ਤਹਿਤ ਬਣਾਏ ਗਏ ਲਾਇਸੈਂਸ ਦੇਖੇ ਜਾਂਦੇ ਹਨ ਅਤੇ ਜਿਨਾਂ ਦੁਕਾਨਦਾਰਾਂ ਦੇ ਕੈਟਾਗਿਰੀ ਅਨੁਸਾਰ ਨਹੀਂ ਹੁੰਦੇ ਉਨਾਂ ਨੂੰ ਸਖਤ ਹਦਾਇਤਾਂ ਨਾਲ ਬਣਦੀ ਫੀਸ ਅਨੁਸਾਰ ਲਾਇਸੈਂਸ ਬਣਾਉਣ ਲਈ ਕਿਹਾ ਜਾਂਦਾ ਹੈ।ਉਨਾਂ ਮੀਡੀਆ ਰਾਹੀਂ ਮਿਲਾਵਟ ਯੁਕਤ ਨਕਲੀ ਅਤੇ ਸਬ- ਸਟੈਂਡਰਡ ਖਾਧ-ਪਦਾਰਥਾਂ ਵੇਚਣ ਵਾਲੇ ਦੁਕਾਨਦਾਰਾਂ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਅਜਿਹੀਆਂ ਅਚਨਚੇਤ ਚੈਕਿੰਗ ਭੱਵਿਖ ਵਿੱਚ ਵੀ ਜਾਰੀ ਰਹਿਣਗੀਆਂ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ ਅਤੇ ਉਹਨਾਂ ਦਾ ਮਕਸਦ ਕਿਸੇ ਨੂੰ ਵੀ ਤੰਗ ਪਰੇਸ਼ਾਨ ਨਹੀਂ ਕਰਨਾ ਹੈ ਅਤੇ ਲੋਕਾਂ ਨੂੰ ਮਿਆਰੀ ਅਤੇ ਸ਼ੁੱਧ ਖਾਧ ਪਦਾਰਥ ਮੁਹਈਆ ਕਰਵਾਉਣਾ ਉਨ੍ਹਾਂ ਦਾ ਫਰਜ ਹੈ ਜਿਸ ਨਾਲ ਸਮਝੋਤਾ ਨਹੀਂ ਕੀਤਾ ਜਾ ਸਕਦਾ ।
