ਕੋਵਿਡ ਦੇ ਮੱਦੇਨਜ਼ਰ ਜ਼ਿਲ੍ਹੇ ਅੰਦਰ 1 ਫਰਵਰੀ ਤੱਕ ਪਾਬੰਦੀਆਂ ਵਿੱਚ ਵਾਧਾ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਹੁਸ਼ਿਆਰਪੁਰ ਅਪਨੀਤ ਰਿਆਤ ਨੇ ਕੋਵਿਡ ਦੇ ਖਤਰੇ ਦੇ ਮੱਦੇਨਜ਼ਰ ਇੱਕ ਵਿਸ਼ੇਸ ਹੁਕਮ ਜਾਰੀ ਕਰਕੇ ਜ਼ਿਲ੍ਹੇ ਅੰਦਰ ਪਹਿਲਾਂ ਤੋਂ ਲਾਗੂ ਪਾਬੰਦੀਆਂ 1 ਫਰਵਰੀ 2022 ਤੱਕ ਵਧਾ ਦਿੱਤੀਆਂ ਹਨ। ਇਨਡੋਰ (ਅੰਦਰ) ਅਤੇ ਆਊਟਡੋਰ (ਬਾਹਰ) 300 ਤੋਂ ਵੱਧ ਲੋਕਾਂ ਦੇ ਇੱਕਠ ਕਰਨ ‘ਤੇ ਵੀ ਰੋਕ ਲਗਾਈ ਗਈ ਹੈ। ਇਹ ਇੱਕਠ ਵੀ ਕੋਵਿਡ ਸਬੰਧੀ ਲਾਗੂ ਪ੍ਰੋਟੋਕਾਲ ਦੀ ਪਾਲਣਾ ਨਾਲ ਹੀ ਕੀਤਾ ਜਾ ਸਕੇਗਾ।  ਹੁਕਮ ਜਾਰੀ ਕਰਦਿਆਂ ਰਿਆਤ ਨੇ ਕਿਹਾ ਕਿ ਜਨਤਕ ਥਾਂਵਾਂ ਅਤੇ ਕੰਮ ਵਾਲੀਆਂ ਥਾਂਵਾਂ ‘ਤੇ ਮਾਸਕ ਪਾਉਣਾ ਲਾਜਮੀ ਹੋਵੇਗਾ ਅਤੇ ਨਾਲ ਹੀ ਜਨਤਕ ਥਾਂਵਾਂ ‘ਤੇ ਸਮਾਜਿਕ ਦੂਰੀ (6 ਫੁੱਟ) ਰੱਖਣੀ ਜ਼ਰੂਰੀ ਹੈ। 

Advertisements

ਜ਼ਿਲ੍ਹਾ ਮੈਜਿਸਟਰੇਟ ਵਲੋਂ ਜਾਰੀ ਇਨ੍ਹਾਂ ਹੁਕਮਾਂ ਅਨੁਸਾਰ ਗੈਰ-ਜ਼ਰੂਰੀ ਆਵਾਜਾਈ ‘ਤੇ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਮਿਉਂਸੀਪਲ ਖੇਤਰਾਂ ਵਿਚ ਰੋਕ ਰਹੇਗੀ। ਹਾਲਾਂਕਿ ਜ਼ਰੂਰੀ ਗਤੀਵਿਧੀਆਂ, ਸਮਾਨ ਦੀ ਢੋਆ-ਢੁਆਈ, ਸਰਕਾਰੀ ਕੰਮਕਾਜ ਆਦਿ ਦੀ ਆਗਿਆ ਹੋਵੇਗੀ। ਇਸੇ ਤਰ੍ਹਾਂ ਬੱਸ ਤੋਂ ਉਤਰ ਕੇ ਆਪਣੇ ਘਰ ਜਾਣ ਦੀ ਆਗਿਆ ਵੀ ਇਸ ਸਮੇਂ ਦੌਰਾਨ ਹੋਵੇਗੀ। ਵੈਕਸੀਨ, ਸਿਹਤ ਯੰਤਰ ਅਤੇ ਟੈਸਟਿੰਗ ਕਿੱਟ ਦੀ ਆਵਾਜਾਈ ‘ਤੇ ਕੋਈ ਰੋਕ ਨਹੀਂ ਹੋਵੇਗੀ।  ਇਸੇ ਤਰ੍ਹਾਂ ਸਕੂਲ, ਕਾਲਜ, ਯੂਨੀਵਰਸਿਟੀਆਂ ਕੋਚਿੰਗ ਸੰਸਥਾਨ ਆਦਿ ਨੂੰ ਵੀ ਬੰਦ ਰੱਖਣ ਦੀ ਹਦਾਇਤ ਕੀਤੀ ਗਈ ਹੈ, ਜਦ ਕਿ ਆਨਲਾਈਨ ਵਿਧੀ ਨਾਲ ਪੜ੍ਹਾਈ ਜਾਰੀ ਰਹੇਗੀ । ਮੈਡੀਕਲ ਤੇ ਨਰਸਿੰਗ ਕਾਲਜ ਰੋਜ਼ਾਨਾ ਦੇ ਆਧਾਰ ‘ਤੇ ਕੰਮ ਕਰਨਗੇ।

ਸਾਰੇ ਬਾਰ, ਸਿਨੇਮਾ, ਮਲਟੀਪਲੈਕਸ, ਮਾਲ, ਰੈਸਟੋਰੈਂਟ ਨੂੰ 50 ਫੀਸਦੀ ਸਮੱਰਥਾ ਨਾਲ ਹੀ ਖੋਲ੍ਹਣ ਦੀ ਆਗਿਆ ਹੋਵੇਗੀ ਬਸ਼ਰਤੇ ਸਾਰਾ ਸਟਾਫ ਪੂਰੀ ਤਰਾਂ ਵੈਕਸੀਨੇਟਿਡ ਹੋਵੇ। ਏਸੀ ਬੱਸਾਂ 50 ਫੀਸਦੀ ਸਮੱਰਥਾ ਨਾਲ ਹੀ ਚੱਲ ਸਕਣਗੀਆਂ। ਇਸ ਤੋਂ ਇਲਾਵਾ ਸਰਕਾਰੀ ਜਾਂ ਪ੍ਰਾਈਵੇਟ ਅਦਾਰਿਆਂ ਤੋਂ ਕੋਈ ਵੀ ਸੇਵਾ ਉਸੇ ਵਿਅਕਤੀ ਨੂੰ ਮਿਲੇਗੀ ਜਿਸ ਨੇ ਮਾਸਕ ਪਾਇਆ ਹੋਵੇਗਾ। ਬਾਕੀ ਸਾਰੇ ਵਿਭਾਗ ਵੀ ਕੋਵਿਡ ਪ੍ਰੋਟੋਕਾਲ ਦੀ ਸਖ਼ਤੀ ਨਾਲ ਲਾਗੂ ਕਰਨਾ ਯਕੀਨੀ ਬਣਾਉਣਗੇ। ਪੂਰੀ ਤਰ੍ਹਾਂ ਵੈਕਸੀਨੇਟਿਡ, 72 ਘੰਟਿਆਂ ਪਹਿਲਾਂ ਵਾਲੀ ਆਰ.ਟੀ.ਪੀ.ਸੀ.ਆਰ ਨੈਗੇਟਿਵ ਰਿਪੋਰਟ ਵਾਲਿਆਂ ਨੂੰ ਹੀ ਜ਼ਿਲ੍ਹੇ ਅੰਦਰ ਆਉਣ ਦੀ ਇਜਾਜਤ ਹੋਵੇਗੀ। ਦਿਵਆਂਗ ਵਿਅਕਤੀ ਅਤੇ ਗਰਭਵਤੀ ਔਰਤਾਂ ਨੂੰ ਦਫਤਰ ਵਿਚ ਆਉਣ ਤੋਂ ਛੋਟ ਦਿੱਤੀ ਜਾ ਸਕਦੀ ਹੈ ਪਰ ਉਨ੍ਹਾਂ ਤੋਂ ਘਰ ਤੋਂ ਕੰਮ ਲਿਆ ਜਾ ਸਕਦਾ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਇਹ ਹੁਕਮ 1 ਫਰਵਰੀ 2022 ਤੱਕ ਲਾਗੂ ਰਹਿਣਗੇ ਅਤੇ ਹੁਕਮਾਂ ਦੀ ਉਲੰਘਣਾ ਕਰਨ ‘ਤੇ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

LEAVE A REPLY

Please enter your comment!
Please enter your name here