ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

ਫਿਰੋਜ਼ਪੁਰ, ( ਦ ਸਟੈਲਰ ਨਿਊਜ਼), ਪੰਜਾਬ ਵਿਧਾਨਸਭਾ ਚੋਣਾਂ 2022 ਲਈ ਪੋਲਿੰਗ 20 ਫਰਵਰੀ 2022 ਨੂੰ ਹੋਣ ਜਾ ਰਹੀ ਹੈ। ਸ਼ਾਂਤੀਪੂਰਵਕ ਢੰਗ ਨਾਲ ਪੋਲਿੰਗ ਕਰਵਾਉਣ ਅਤੇ ਜ਼ਿਲ੍ਹੇ ਵਿਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਜ਼ਿਲ੍ਹਾ ਚੋਣ ਅਫਸਰ ਕਮ ਜ਼ਿਲ੍ਹਾ ਮੈਜਿਸਟਰੇਟ ਫਿਰੋਜ਼ਪੁਰ ਗਿਰੀਸ਼ ਦਿਆਲਨ ਵੱਲੋਂ ਵੱਖ ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ।  ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ 18 ਫਰਵਰੀ 2022 ਸ਼ਾਮ 06.00 ਵਜੇ ਤੋਂ ਚੋਣਾਂ ਸਬੰਧੀ ਚੋਣ ਪ੍ਰਚਾਰ ਬੰਦ ਹੋ ਜਾਵੇਗਾ ਅਤੇ ਕੋਈ ਵੀ ਚੋਣ ਪ੍ਰਚਾਰ ਨਹੀਂ ਕੀਤਾ ਜਾ ਸਕਦਾ। ਇਸ ਤੋਂ ਇਲਾਵਾ ਹਲਕੇ ਤੋਂ ਬਾਹਰੋਂ ਆਏ, ਹਲਕੇ ਦੇ ਵੋਟਰ ਨਾ ਹੋਣ ਵਾਲੇ ਸਿਆਸੀ ਵਰਕਰਾਂ ਅਤੇ ਪਾਰਟੀ ਵਰਕਰਾਂ ਦੀ ਮੌਜੂਦਗੀ ਉਸ ਹਲਕੇ ਵਿਚ ਨਹੀਂ ਹੋਣੀ ਚਾਹੀਦੀ। ਉਨ੍ਹਾਂ ਹਦਾਇਤ ਕੀਤੀ ਕਿ ਹਲਕੇ ਤੋਂ ਬਾਹਰੋਂ ਆਏ, ਹਲਕੇ ਦੇ ਵੋਟਰ ਨਾ ਹੋਣ ਵਾਲੇ ਸਿਆਸੀ ਵਰਕਰ ਅਤੇ ਪਾਰਟੀ ਵਰਕਰ 18 ਫਰਵਰੀ 2022 ਸ਼ਾਮ 6.00 ਵਜੇ ਤੋਂ ਪਹਿਲਾਂ ਵਾਪਿਸ ਚੱਲੇ ਜਾਣ।

Advertisements

ਇਸ ਦੇ ਨਾਲ ਹੀ 18 ਫਰਵਰੀ ਸ਼ਾਮ 06.00 ਵਜੇ ਤੋਂ 20 ਫਰਵਰੀ 2022 ਸ਼ਾਮ 06.00 ਵਜੇ ਤੱਕ ਜ਼ਿਲ੍ਹੇ ਅੰਦਰ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇੱਕਠੇ ਹੋਣ, ਪਬਲਿੰਕ ਮੀਟਿੰਗਾਂ ਕਰਨ ਤੇ ਪਾਬੰਦੀ ਰਹੇਗੀ ਅਤੇ ਜ਼ਿਲ੍ਹੇ ਅੰਦਰ  ਲਾਊਡ ਸਪੀਕਰ/ਮੈਗਾ ਫੋਨ ਵਜਾਉਣ ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਗਏ ਹਨ। ਇੱਕ ਹੋਰ ਮਨਾਹੀ ਦੇ ਹੁਕਮ ਅਨੁਸਾਰ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪੋਲਿੰਗ ਵਾਲੇ ਦਿਨ ਪੋਲਿੰਗ ਸਟੇਸ਼ਨਾਂ ਦੇ 100 ਮੀਟਰ ਦੇ ਘੇਰੇ ਅੰਦਰ ਕਿਸੇ ਵੀ ਵਿਅਕਤੀ ਵੱਲੋਂ ਪ੍ਰਚਾਰ ਨਾਲ ਸਬੰਧਿਤ ਪੋਸਟਰ/ਬੈਨਰ, ਸ਼ੋਰ ਸ਼ਰਾਬਾ ਮਚਾਉਣ ਜਾਂ ਹੁੱਲੜ ਬਾਜੀ ਕਰਨ ਅਤੇ ਪੋਲਿੰਗ ਸਟੇਸ਼ਨਾਂ ਦੇ 200 ਮੀਟਰ ਘੇਰੇ ਦੇ ਅੰਦਰ ਕੋਈ ਵੀ ਪ੍ਰਾਈਵੇਟ ਵਹੀਕਲ ਲਿਜਾਣ ਅਤੇ ਪੋਲਿੰਗ ਬੂਥ/ਟੈਂਟ ਲਗਾਉਣ ਸਬੰਧੀ ਮਨਾਹੀ ਦਾ ਹੁਕਮ ਜਾਰੀ ਕੀਤਾ ਗਿਆ ਹੈ। ਜ਼ਿਲ੍ਹੇ ਅੰਦਰ 18 ਫਰਵਰੀ ਸ਼ਾਮ 6 ਵਜ਼ੇ ਤੋਂ 20 ਫਰਵਰੀ ਤੱਕ ਡਰਾਈ ਡੇਅ ਰਹੇਗਾ। ਇਸੇ ਤਰ੍ਹਾਂ ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲ੍ਹੇ ਵਿੱਚ 10 ਮਾਰਚ ਨੂੰ ਵੋਟਾਂ ਦੀ ਗਿਣਤੀ ਹੋਣ ਵਾਲੇ ਦਿਨ ਵੀ ਡਰਾਈ ਡੇਅ ਵਜੋਂ ਐਲਾਨਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਹੁਕਮ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

LEAVE A REPLY

Please enter your comment!
Please enter your name here