ਜ਼ਿਲ੍ਹਾ ਚੋਣ ਅਫ਼ਸਰ ਨੇ ਸ਼ਾਂਤੀਪੂਰਨ ਮਤਦਾਨ ਲਈ ਵੋਟਰਾਂ ਅਤੇ ਪੋਲਿੰਗ ਸਟਾਫ਼ ਦਾ ਪ੍ਰਗਟਾਇਆ ਧੰਨਵਾਦ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਅਪਨੀਤ ਰਿਆਤ ਨੇ ਨਿਰਪੱਖ ਚੋਣਾਂ ਕਰਵਾਉਣ ਲਈ ਜਿਥੇ ਅੱਜ ਵੱਖ-ਵੱਖ ਪੋਲਿੰਗ ਬੂਥਾਂ ਦਾ ਦੌਰਾ ਕਰਕੇ ਵੋਟ ਪ੍ਰਕਿਰਿਆ ਦਾ ਜਾਇਜ਼ਾ ਲਿਆ, ਉਥੇ ਉਨ੍ਹਾਂ ਵਲੋਂ ਜ਼ਿਲ੍ਹੇ ਦੇ ਸਾਰੇ 1563 ਬੂਥਾਂ ’ਤੇ ਸਖਤ ਨਿਗਰਾਨੀ ਵੀ ਰੱਖੀ ਜਾ ਰਹੀ ਸੀ, ਜਿਸ ਸਦਕਾ ਜ਼ਿਲ੍ਹੇ ਵਿਚ ਸ਼ਾਂਤੀਪੂਰਨ ਮਤਦਾਨ ਸਿਰੇ ਚੜ੍ਹ ਸਕਿਆ।
ਜ਼ਿਲ੍ਹਾ ਚੋਣ ਅਫ਼ਸਰ ਨੇ ਪੂਰੇ ਉਤਸ਼ਾਹ ਨਾਲ ਮਤਦਾਨ ਕਰਨ ਵਾਲੇ ਵੋਟਰਾਂ ਦਾ ਧੰਨਵਾਦ ਕਰਨ ਦੇ ਨਾਲ-ਨਾਲ ਵੋਟ ਪ੍ਰਕਿਰਿਆ ਨੂੰ ਸਫ਼ਲ ਬਣਾਉਣ ਲਈ ਪੋਲਿੰਗ ਸਟਾਫ਼ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ-2022 ਦੇ ਮਤਦਾਨ ਲਈ ਹੋਈ ਵੋਟਿੰਗ ਤੋਂ ਬਾਅਦ 10 ਮਾਰਚ ਨੂੰ ਜ਼ਿਲ੍ਹੇ ਦੇ 7 ਵਿਧਾਨ ਸਭਾ ਹਲਕਿਆਂ ਦੀ ਗਿਣਤੀ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਰਿਟਰਨਿੰਗ ਅਫ਼ਸਰਾਂ ਵਲੋਂ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਸਬੰਧਤ ਹਲਕਿਆਂ ਵਿਚ ਪੁਖਤਾ ਇੰਤਜ਼ਾਮ ਕੀਤੇ ਗਏ ਸਨ, ਜਿਸ ਸਦਕਾ ਜ਼ਿਲ੍ਹੇ ਵਿਚ ਨਿਰਪੱਖ, ਆਜ਼ਾਦ ਅਤੇ ਸ਼ਾਂਤੀਪੂਰਵਕ ਮਤਦਾਨ ਸਫ਼ਲ ਹੋ ਸਕਿਆ।

Advertisements

ਰਿਆਤ ਨੇ ਕਿਹਾ ਕਿ ਅੱਜ 5 ਵਜੇ ਤੱਕ 64.7 ਫੀਸਦੀ ਮਤਦਾਨ ਹੋਇਆ, ਜਿਸ ਵਿਚ ਵਿਧਾਨ ਸਭਾ ਹਲਕਾ ਚੱਬੇਵਾਲ ਵਿਖੇ 67.5 ਫੀਸਦੀ, ਦਸੂਹਾ 61.9, ਗੜ੍ਹਸ਼ੰਕਰ 66.4, ਹੁਸ਼ਿਆਰਪੁਰ 61.8, ਮੁਕੇਰੀਆਂ 66.4, ਸ਼ਾਮਚੁਰਾਸੀ 65 ਅਤੇ ਉੜਮੁੜ ਵਿਧਾਨ ਸਭਾ ਹਲਕੇ ਵਿਚ 64.8 ਫੀਸਦੀ ਪੋਲਿੰਗ ਹੋਈ। ਉਨ੍ਹਾਂ ਕਿਹਾ ਕਿ ਸਾਰੇ ਬੂਥਾਂ ਤੋਂ ਪੋਲਿੰਗ ਦੇ ਮੁਕੰਮਲ ਅੰਕੜੇ ਪ੍ਰਾਪਤ ਹੋਣ ਤੋਂ ਬਾਅਦ ਇਹ ਅੰਕੜੇ ਹੋਰ ਵੀ ਵੱਧ ਸਕਦੇ ਹਨ। ਉਪਰੰਤ ਈ.ਵੀ.ਐਮਜ਼ ਨੂੰ ਸਖਤ ਪ੍ਰਬੰਧਾਂ ਹੇਠ ਸਟਰਾਂਗ ਰੂਮਾਂ ਵਿਚ ਸ਼ਿਫਟ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਟਰਾਂਗ ਰੂਮਾਂ ਦੇ ਬਾਹਰ ਐਲ.ਈ.ਡੀਜ਼ ਲਗਾਈਆਂ ਜਾ ਚੁੱਕੀਆਂ ਹਨ ਅਤੇ ਚੋਣ ਲੜ ਰਹੇ ਉਮੀਦਵਾਰ ਵੋਟਿੰਗ ਮਸ਼ੀਨਾਂ ਦੀ ਸੁਰੱਖਿਆ ਦੇਖ ਸਕਣਗੇ।
ਐਸ.ਐਸ.ਪੀ. ਸ੍ਰੀ ਧਰੁਮਨ ਐਚ. ਨਿੰਬਾਲੇ ਨੇ ਵੀ ਜਿਥੇ ਪੋਲਿੰਗ ਸਟਾਫ਼ ਦੀ ਸ਼ਲਾਘਾ ਕੀਤੀ, ਉਥੇ ਸੀ.ਏ.ਪੀ.ਐਫ., ਪੈਰਾ ਮਿਲਟਰੀ ਅਤੇ ਜ਼ਿਲ੍ਹਾ ਪੁਲਿਸ ਦੇ ਜਵਾਨਾਂ ਵਲੋਂ ਨਿਭਾਈ ਡਿਊਟੀ ਦੀ ਪ੍ਰਸ਼ੰਸਾ ਵੀ ਕੀਤੀ। ਉਨ੍ਹਾਂ ਕਿਹਾ ਕਿ ਸੀ.ਏ.ਪੀ.ਐਫ. ਦੀਆਂ 40 ਕੰਪਨੀਆਂ ਜ਼ਿਲ੍ਹੇ ਵਿਚ ਤਾਇਨਾਤ ਹਨ। ਇਸ ਤੋਂ ਇਲਾਵਾ ਪੈਰਾ ਮਿਲਟਰੀ ਅਤੇ ਪੰਜਾਬ ਪੁਲਿਸ ਦੇ ਜਵਾਨ ਪੂਰੀ ਮੁਸ਼ਤੈਦੀ ਨਾਲ 24 ਘੰਟੇ ਡਿਊਟੀ ਨਿਭਾਅ ਰਹੇ ਹਨ। ਉਨ੍ਹਾਂ ਚੋਣ ਅਮਲੇ ਨਾਲ ਸੇਵਾਵਾਂ ਨਿਭਾਅ ਰਹੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਵੀ ਸ਼ਲਾਘਾ ਕੀਤੀ।

LEAVE A REPLY

Please enter your comment!
Please enter your name here