ਆਦਮਪੁਰ ਚਹੁ-ਮਾਰਗੀ ਪ੍ਰਾਜੈਕਟ ਤਹਿਤ 121 ਐਕਵਾਇਰ ਉਸਾਰੀਆਂ ਨੂੰ ਹਟਾਉਣ ਦੀ ਪ੍ਰਕਿਰਿਆ ਸ਼ੁਰੂ

ਜਲੰਧਰ (ਦ ਸਟੈਲਰ ਨਿਊਜ਼): ਨੈਸ਼ਨਲ ਹਾਈਵੇ ਨੰਬਰ 70 ‘ਤੇ ਚੱਲ ਰਹੇ ਚਹੁੰ-ਮਾਰਗੀ ਪ੍ਰਾਜੈਕਟ ਦੀ ਰਫ਼ਤਾਰ ਵਿੱਚ ਹੋਰ ਤੇਜ਼ੀ ਲਿਆਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਵੱਲੋਂ ਆਦਮਪੁਰ ਫਲਾਈਓਵਰ ਦੇ ਨਿਰਮਾਣ ਲਈ 650 ਮੀਟਰ ਜ਼ਮੀਨ ਦੇ ਹਿੱਸੇ ਵਿੱਚ ਆਉਂਦੀਆਂ 121 ਐਕੁਆਇਰ ਉਸਾਰੀਆਂ/ਢਾਂਚਿਆਂ ਨੂੰ ਹਟਾਉਣ ਦੀ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ ਗਈ।

Advertisements

ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਚਹੁੰ ਮਾਰਗੀ ਪ੍ਰਾਜੈਕਟ ਤਹਿਤ ਨੈਸ਼ਨਲ ਹਾਈਵੇਜ਼ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਵੱਲੋਂ ਜ਼ਮੀਨ ਦਾ ਇਹ 650 ਮੀਟਰ ਹਿੱਸਾ ਐਕਵਾਇਰ ਕੀਤਾ ਗਿਆ ਹੈ, ਜਿੱਥੇ ਫਲਾਈਓਵਰ ਬਣਾਉਣ ਦਾ ਕੰਮ ਚੱਲ ਰਿਹਾ ਹੈ।ਉਨ੍ਹਾਂ ਅੱਗੇ ਕਿਹਾ ਕਿ ਜ਼ਮੀਨ ਐਕਵਾਇਰ ਕਰਨ ਪ੍ਰਕਿਰਿਆ ਤਹਿਤ ਪ੍ਰਸ਼ਾਸਨ ਵੱਲੋਂ 33.63 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ ਪਰ ਕੁਝ ਨਾਜਾਇਜ਼ ਕਾਬਜ਼ਕਾਰਾਂ ਵੱਲੋਂ ਜਾਣਬੁੱਝ ਕੇ ਕਬਜ਼ਾ ਨਹੀਂ ਛੱਡਿਆ ਜਾ ਰਿਹਾ। ਉਨ੍ਹਾਂ ਇਹ ਵੀ ਦੱਸਿਆ ਕਿਹਾ ਕਿ ਇਸ ਸਬੰਧੀ ਕੰਪੀਟੈਂਟ ਅਥਾਰਟੀ ਆਫ਼ ਲੈਂਡ ਐਕਿਊਜੀਸ਼ਨ ਵੱਲੋਂ 15 ਅਕਤੂਬਰ 2022 ਨੂੰ ਅਖਬਾਰਾਂ ਵਿੱਚ ਜਨਤਕ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਜ਼ਮੀਨ ਮਾਲਕਾਂ ਨੂੰ 60 ਦਿਨਾਂ ਦੇ ਅੰਦਰ ਐਕਵਾਇਰ ਕੀਤੀ ਜ਼ਮੀਨ ਨੂੰ ਖ਼ਾਲੀ ਕਰਨ ਲਈ ਕਿਹਾ ਗਿਆ ਸੀ। ਇਸੇ ਤਰ੍ਹਾਂ ਸਬੰਧਤ ਇਲਾਕੇ ਵਿੱਚ ਕਈ ਅਨਾਊਂਸਮੈਂਟ ਵੀ ਕੀਤੀਆਂ ਗਈਆਂ ਸਨ ਪਰ ਕਬਜ਼ਾਧਾਰਕਾਂ ਵੱਲੋਂ ਇਨ੍ਹਾਂ ਨੂੰ ਖਾਲੀ ਨਹੀਂ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਹੁਣ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ 121 ਉਸਾਰੀਆਂ ਨੂੰ ਢਾਹੁਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਹੁਣ ਤੱਕ ਅਜਿਹੀਆਂ 41 ਉਸਾਰੀਆਂ ਨੂੰ ਹਟਾ ਦਿੱਤਾ ਗਿਆ ਹੈ ਜਦਕਿ ਹੋਰਨਾਂ ਖਿਲਾਫ਼ ਕਾਰਵਾਈ ਜਾਰੀ ਹੈ। ਉਨ੍ਹਾਂ ਦੱਸਿਆ ਕਿ ਉਸਾਰੀਆਂ ਨੂੰ ਹਟਾਉਣ ਤੋਂ ਬਾਅਦ ਜ਼ਮੀਨ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਨੂੰ ਸੌਂਪ ਦਿੱਤੀ ਜਾਵੇਗੀ ਤਾਂ ਜੋ ਅਥਾਰਟੀ ਇਥੇ ਫਲਾਈਓਵਰ ਦੇ ਚੱਲ ਰਹੇ ਨਿਰਮਾਣ ਨੂੰ ਬਿਨਾਂ ਕਿਸੇ ਰੁਕਾਵਟ ਦੇ ਮੁਕੰਮਲ ਕਰ ਸਕੇ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦੇ ਸਮੇਂ ਸਿਰ ਪੂਰਾ ਹੋਣ ਨਾਲ ਨਾ ਸਿਰਫ਼ ਜਲੰਧਰ ਦੇ ਯਾਤਰੀਆਂ ਸਗੋਂ ਹਿਮਾਚਲ ਪ੍ਰਦੇਸ਼ ਤੇ ਨਾਲ ਲੱਗਦੇ ਹੋਰਨਾਂ ਰਾਜਾਂ ਦੇ ਲੋਕਾਂ ਨੂੰ ਵੀ ਇਥੋਂ ਲੰਘਣ ਸਮੇਂ ਵੱਡੀ ਸਹੂਲਤ ਮਿਲੇਗੀ।

LEAVE A REPLY

Please enter your comment!
Please enter your name here