ਯੂਕਰੇਨ ’ਚ ਫਸੇ ਜਲੰਧਰ ਦੇ ਵਿਦਿਆਰਥੀਆਂ ਦੀ ਜਾਣਕਾਰੀ ਇਕੱਤਰ ਕਰਨ ਜ਼ਿਲ੍ਹਾ ਪ੍ਰਸ਼ਾਸਨ ਨੇ ਜਾਰੀ ਕੀਤਾ ਹੈਲਪਲਾਈਨ ਨੰਬਰ

ਜਲੰਧਰ (ਦ ਸਟੈਲਰ ਨਿਊਜ਼): ਯੂਕਰੇਨ ਵਿੱਚ ਫਸੇ ਜਲੰਧਰ ਦੇ ਵਿਦਿਆਰਥੀਆਂ ਸਬੰਧੀ ਜਾਣਕਾਰੀ ਇਕੱਤਰ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ੁੱਕਰਵਾਰ ਨੂੰ ਇੱਕ ਹੈਲਪਲਾਈਨ ਨੰਬਰ 0181-2224417 ਜਾਰੀ ਕੀਤਾ ਗਿਆ ਹੈ ਤਾਂ ਜੋ ਉਥੇ ਫਸੇ ਜ਼ਿਲ੍ਹੇ ਦੇ ਲੋਕਾਂ ਦੀ ਜਾਣਕਾਰੀ ਇਕੱਤਰ ਕੀਤੀ ਜਾ ਸਕੇ ਅਤੇ ਮੰਗੇ ਜਾਣ ’ਤੇ ਰਾਜ ਸਰਕਾਰ ਰਾਹੀਂ ਸਬੰਧਤ ਅਥਾਰਟੀ ਨੂੰ ਤੁਰੰਤ ਮੁਹੱਈਆ ਕਰਵਾਈ ਜਾ ਸਕੇ।

Advertisements

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਇਹ ਸੂਚਨਾ ਜਦੋਂ ਵੀ ਮੰਗੀ ਜਾਵੇਗੀ, ਸਬੰਧਤ ਅਥਾਰਟੀ ਨਾਲ ਸਾਂਝੀ ਕਰਨ ਲਈ ਤਿਆਰ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸੇ ਵੀ ਅਧਿਕਾਰਕ ਸੰਚਾਰ ਤੋਂ ਪਹਿਲਾਂ ਸਰਗਰਮ ਉਪਰਾਲੇ ਵਜੋਂ ਇਹ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ ਤਾਂ ਜੋ ਮੰਗੇ ਜਾਣ ’ਤੇ ਸੂਬਾ ਸਰਕਾਰ ਰਾਹੀਂ ਵਿਦੇਸ਼ ਮੰਤਰਾਲੇ ਨਾਲ ਸਾਂਝੀ ਕੀਤੀ ਜਾ ਸਕੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਪਰਿਵਾਰਕ ਮੈਂਬਰ ਯੂਕਰੇਨ ਵਿੱਚ ਫਸੇ ਹੋਏ ਹਨ, ਉਹ ਇਸ ਹੈਲਪਲਾਈਨ ‘ਤੇ ਜਾਣਕਾਰੀ ਸਾਂਝੀ ਕਰ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਲੋਕ ਡਿਪਟੀ ਕਮਿਸ਼ਨਰ ਦਫ਼ਤਰ, ਕਮਰਾ ਨੰ. 22 ਵਿਖੇ ਵੀ ਦਫ਼ਤਰੀ ਸਮੇਂ ਦੌਰਾਨ ਯੂਕਰੇਨ ਵਿੱਚ ਫਸੇ ਆਪਣੇ ਪਰਿਵਾਰਕ ਮੈਂਬਰਾਂ ਜਾਂ ਰਿਸ਼ਤੇਦਾਰਾਂ ਬਾਰੇ ਜਾਣਕਾਰੀ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਯੂਕਰੇਨ ਵਿੱਚ ਫਸੇ ਵਿਅਕਤੀ ਦਾ ਨਾਮ, ਪਿਤਾ ਦਾ ਨਾਮ, ਪਾਸਪੋਰਟ ਨੰਬਰ, ਯੂਨੀਵਰਸਿਟੀ/ਕਾਲਜ ਦਾ ਨਾਮ, ਯੂਕਰੇਨ ਵਿੱਚ ਉਸ ਦਾ ਪਤਾ ਆਦਿ ਸਮੇਤ ਵੱਧ ਤੋਂ ਵੱਧ ਜਾਣਕਾਰੀ ਪ੍ਰਦਾਨ ਕਰਨੀ ਹੋਵੇਗੀ ਤਾਂ ਜੋ ਸਾਰੀ ਲੋੜੀਂਦੀ ਜਾਣਕਾਰੀ ਤੁਰੰਤ ਸਬੰਧਤ ਅਧਿਕਾਰੀਆਂ ਨਾਲ ਸਾਂਝੀ ਕੀਤੀ ਜਾ ਸਕੇ।

LEAVE A REPLY

Please enter your comment!
Please enter your name here