ਡੀਸੀ ਨੇ ਸਿਵਲ ਹਸਪਤਾਲ ਦਾ ਕੀਤਾ ਨਿਰੀਖਣ, ਅਧਿਕਾਰੀਆਂ ਨੂੰੰ ਓਪੀਡੀ ਪਰਚੀ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੇ ਦਿੱਤੇ ਨਿਰਦੇਸ਼

ਜਲੰਧਰ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਸਿਵਲ ਹਸਪਤਾਲ ਜਲੰਧਰ ਦਾ ਦੌਰਾ ਕਰ ਕੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਮੁਆਇਨਾ ਕੀਤਾ, ਜਿੱਥੇ ਉਨ੍ਹਾਂ ਨੇ ਓ.ਪੀ.ਡੀ. ਸਲਿੱਪਾਂ ਜਾਰੀ ਕਰਨ ਦੀ ਸਮੁੱਚੀ ਪ੍ਰਕਿਰਿਆ ਨੂੰ ਤੇਜ਼ ਕਰਨ ਦੀਆਂ ਹਦਾਇਤਾਂ ਦਿੱਤੀਆਂ ਤਾਂ ਜੋ ਮਰੀਜ਼ਾਂ ਨੂੰ ਓਪੀਡੀ ਪਰਚੀ ਪ੍ਰਾਪਤ ਕਰਨ ਵਿੱਚ ਕਿਸੇ ਕਿਸਮ ਦੀ ਦੇਰੀ ਦਾ ਸਾਹਮਣਾ ਨਾ ਕਰਨਾ ਪਵੇ।
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਸਿਵਲ ਸਰਜਨ ਡਾ. ਰਣਜੀਤ ਸਿੰਘ ਨਾਲ ਐਮਰਜੈਂਸੀ ਵਿਭਾਗ, ਜੱਚਾ-ਬੱਚਾ ਹਸਪਤਾਲ ਤੇ ਹੋਰ ਵਾਰਡਾਂ ਦਾ ਦੌਰਾ ਕਰਦਿਆਂ ਉਥੇ ਪ੍ਰਦਾਨ ਕੀਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ। ਉਨ੍ਹਾਂ ਹੋਰ ਡਾਕਟਰੀ ਸੁਵਿਧਾਵਾਂ ਬਾਰੇ ਡਾਕਟਰੀ ਸਟਾਫ ਨਾਲ ਗੱਲਬਾਤ ਕੀਤੀ ਅਤੇ ਲੋਕਾਂ ਨੂੰ ਨਿਰਵਿਘਨ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਕਿਹਾ।

Advertisements

ਸਿਵਲ ਹਸਪਤਾਲ ਵਿਖੇ ਓ.ਪੀ.ਡੀ. ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਓ.ਪੀ.ਡੀ. ਵਿੱਚ ਪਰਚੀ ਕੱਟਣ ਦੀ ਸਮੁੱਚੀ ਪ੍ਰਕਿਰਿਆ ਵਿੱਚ ਹੋਰ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਮਰੀਜ਼ਾਂ ਨੂੰ ਇਲਾਜ ਲਈ ਬਹੁਤਾ ਇੰਤਜ਼ਾਰ ਨਾ ਕਰਨਾ ਪਵੇ। ਉਨ੍ਹਾਂ ਹਸਪਤਾਲ ਵਿੱਚ ਆਉਣ ਵਾਲੇ ਲੋਕਾਂ ਦੇ ਬੈਠਣ ਲਈ ਢੁੱਕਵੇਂ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ ਵੀ ਦਿੱਤੀਆਂ ਤਾਂ ਜੋ ਇਲਾਜ ਕਰਵਾਉਣ ਆਏ ਮਰੀਜ਼ਾਂ ਲਈ ਆਪਣੀ ਵਾਰੀ ਦੀ ਉਡੀਕ ਕਰਨ ਨੂੰ ਸੁਵਿਧਾਜਨਕ ਬਣਾਇਆ ਜਾ ਸਕੇ ਜਦੋਂ ਡਾਕਟਰ ਦੂਜੇ ਮਰੀਜ਼ਾਂ ਨਾਲ ਰੁੱਝੇ ਹੁੰਦੇ ਹਨ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਵਲ ਹਸਪਤਾਲ ਨੂੰ 300 ਵਿਅਕਤੀਆਂ ਦੇ ਬੈਠਣ ਦੇ ਵਾਧੂ ਪ੍ਰਬੰਧ ਲਈ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।
ਇਸ ਦੌਰਾਨ ਹਸਪਤਾਲ ਦੇ ਅਧਿਕਾਰੀਆਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਨਰਸਿੰਗ ਸਟਾਫ਼ ਤੇ ਦਰਜਾ ਚਾਰ ਮੁਲਾਜ਼ਮਾਂ ਦੀਆਂ ਖਾਲੀ ਪਈਆਂ ਅਸਾਮੀਆਂ ਤੋਂ ਇਲਾਵਾ ਸਿਵਲ ਹਸਪਤਾਲ ਵਿੱਚ ਸਫਾਈ ਸਹੂਲਤਾਂ ਬਾਰੇ ਵੀ ਜਾਣੂ ਕਰਵਾਇਆ ਗਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਗਰ ਨਿਗਮ ਜਲੰਧਰ ਰਾਹੀਂ ਹਸਪਤਾਲ ਦੇ ਪ੍ਰਬੰਧਕਾਂ ਨੂੰ ਆਰਜ਼ੀ ਤੌਰ ’ਤੇ 40-50 ਸਫ਼ਾਈ ਸੇਵਕ ਮੁਹੱਈਆ ਕਰਵਾਏ ਜਾਣਗੇ ਤਾਂ ਜੋ ਕੰਪਲੈਕਸ ਵਿੱਚੋਂ ਉਸਾਰੀ ਦੇ ਮਲਬੇ ਅਤੇ ਹੋਰ ਕੂੜਾ-ਕਰਕਟ ਨੂੰ ਸਾਫ਼ ਕੀਤਾ ਜਾ ਸਕੇ ਅਤੇ ਇਸ ਦੇ ਨਾਲ ਹੀ ਠੇਕਾ ਆਧਾਰਿਤ ਖਾਲੀ ਅਸਾਮੀਆਂ ਨੂੰ ਭਰ ਕੇ ਸਫ਼ਾਈ ਵਿਵਸਥਾ ਨੂੰ ਵੀ ਸੁਧਾਰਿਆ ਜਾਵੇਗਾ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਨਰਸਿੰਗ ਸਟਾਫ ਦੀਆਂ 83 ਅਤੇ ਦਰਜਾ ਚਾਰ ਦੀਆਂ 84 ਪ੍ਰਵਾਨਿਤ ਅਸਾਮੀਆਂ ਨੂੰ ਜਲਦੀ ਤੋਂ ਜਲਦੀ ਭਰਨ ਲਈ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਜਾਵੇਗਾ।
ਜ਼ਿਲ੍ਹੇ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਦਹੁਰਾਉਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਬਿਹਤਰੀਨ ਇਲਾਜ ਸਹੂਲਤਾਂ ਪ੍ਰਦਾਨ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਮੈਡੀਕਲ ਸੁਪਰਡੈਂਟ ਡਾ. ਕਮਲ ਸਿੱਧੂ, ਡੀ.ਐਮ.ਸੀ. ਡਾ. ਜਯੋਤੀ ਸ਼ਰਮਾ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here