ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਦੀ ਹੋਈ ਮੀਟਿੰਗ

ਹੁਸ਼ਿਆਰਪੁਰ: (ਦ ਸਟੈਲਰ ਨਿਊਜ਼): ਰੋਡਵੇਜ਼ ਰਿਟਾਇਰਡ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਮੀਟਿੰਗ ਰਣਜੀਤ ਸਿੰਘ ਮੁਲਤਾਨੀ ਸਾਬਕਾ ਟ੍ਰੈਫਿਕ ਮੈਨੇਜਰ ਦੀ ਪ੍ਰਧਾਨਗੀ ਹੇਠ ਬੱਸ ਸਟੈਂਡ ਹੁਸ਼ਿਆਰਪੁਰ ਵਿਖੇ ਹੋਈ। ਇਸ ਜੱਥੇਬੰਦੀ ਵਿੱਚ ਨਵੇਂ ਆਏ ਮੈਂਬਰ ਸੁਰਿੰਦਰ ਪਾਲ ਸਿੰਘ ਸਾਬਕਾ ਇੰਸਪੈਕਟਰ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਅੱਜ ਚਰਨਜੀਤ ਸਿੰਘ ਸਾਬਕਾ ਟ੍ਰੈਫਿਕ ਮੈਨੇਜਰ ਪੰਜਾਬ ਰੋਡਵੇਜ਼ ਚੰਡੀਗੜ੍ਹ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ।ਉਨ੍ਹਾਂ ਦਾ ਵੀ ਸਨਮਾਨ ਕੀਤਾ ਗਿਆ।

Advertisements

ਇਸ ਤੋਂ ਉਪਰੰਤ ਇਸ ਜੱਥੇਬੰਦੀ ਦੇ ਵਾਈਸ ਪ੍ਰਧਾਨ ਬੀਰ ਸਿੰਘ ਬੀਰ ਦੇ ਇਕਲੌਤੇ ਜਵਾਨ ਬੇਟੇ ਦੀ ਮੌਤ ਹੋਣ ਤੇ 2 ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਰਣਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਰੋਡਵੇਜ਼ ਹੁਸ਼ਿਆਰਪੁਰ ਨੂੰ 6ਵੇਂ ਪੇਅ ਕਮਿਸ਼ਨ ਮੁਤਾਬਿਕ ਜਿਹੜੇ ਪੈਨਸ਼ਨਰਾਂ ਨੇ ਜਨਵਰੀ-2016 ਤੋਂ ਪਹਿਲਾਂ ਜਾਂ ਬਾਅਦ ਵਿੱਚ ਵਾਧਾ ਲਿਆ ਸੀ, ਉਨਾਂ ਦੀਆ ਪੈਨਸ਼ਨਾਂ ਇਸ ਦਫਤਰ ਵਲੋਂ ਤਿਆਰ ਕਰਕੇ ਏ.ਜੀ. ਪੰਜਾਬ ਨੂੰ ਪੈਨਸ਼ਨਾਂ ਫਿਕਸ ਕਰਨ ਲਈ ਭੇਜਣੀਆਂ ਹਨ। ਪਰ ਇਸ ਦਫਤਰ ਦਾ ਸਟਾਫ 6 ਮਹੀਨਿਆਂ ਤੋਂ ਆਪਣੇ ਕੋਲ ਫਾਈਲਾਂ ਰੱਖ ਕੇ ਬੈਠਾ ਹੈ। ਮਿਤੀ:20-04-2022 ਨੂੰ ਮਿਨੀ ਸਕੱਤਰੇਤ ਵਿੱਚ ਪੈਨਸ਼ਨਾਂ ਦੀਆ ਮੁਸ਼ਕਿਲਾਂ ਸੁਣਨ ਲਈ ਲੋਕ ਅਦਾਲਤ ਲੱਗੀ ਸੀ ਜਿਸ ਵਿੱਚ ਪੰਜਾਬ ਰੋਡਵੇਜ਼ ਦੇ ਪੈਨਸ਼ਨਰਾਂ ਨੇ ਇਕੱਠੇ ਹੋ ਕੇ ਸ਼ਿਕਾਇਤ ਕੀਤੀ ਕਿ ਸਾਡੀਆਂ ਫਾਈਲਾਂ ਰੋਡਵੇਜ਼ ਦਫਤਰ ਵਿੱਚ ਹੀ ਪਈਆਂ ਹਨ ਜਿਨ੍ਹਾਂ ਨੂੰ ਕਿ ਏ.ਜੀ. ਪੰਜਾਬ ਚੰਡੀਗੜ੍ਹ ਨੂੰ ਭੇਜਣਾ ਹੈ ਪਰ ਦਫਤਰ ਨੇ ਕੋਈ ਕਾਰਵਾਈ ਨਹੀ ਕੀਤੀ।

ਇਸ ਅਦਾਲਤ ਦੇ ਜੱਜ ਸਾਹਿਬਾਨ ਵਲੋਂ ਇਸ ਮਹਿਕਮੇ ਤੋਂ ਇਕ ਹਫਤੇ ਦਾ ਟਾਈਮ ਦਿੱਤਾ ਗਿਆ ਸੀ ਜਿਸ ਨੂੰ ਇਸ ਦਫਤਰ ਦੇ ਸੁਪਰਡੈਂਟ ਵਲੋਂ ਲਿਖ ਕੇ ਦਿੱਤਾ ਗਿਆ ਕਿ ਇਕ ਹਫਤੇ ਵਿੱਚ ਇਨ੍ਹਾਂ ਦੀਆ ਫਾਈਲਾਂ ਚੰਡੀਗੜ੍ਹ ਭੇਜ ਦਿੱਤੀਆਂ ਜਾਣਗੀਆਂ। ਉਪਰੋਕਤ ਅਦਾਲਤ ਵਲੋਂ ਮਿਤੀ: 29-04-2022 ਨੂੰ ਅਤੇ ਮਿਤੀ: 10-05-2022 ਨੂੰ ਪੰਜਾਬ ਰੋਡਵੇਜ਼ ਦਫਤਰ ਨੂੰ ਨੋਟਿਸ ਭੇਜਿਆ ਗਿਆ ਪਰ ਫਿਰ ਵੀ ਪਰਨਾਲਾ ਉਥੇ ਦਾ ਉਥੇ ਹੀ ਹੈ। ਉਪਰੋਕਤ ਪੈਨਸ਼ਨਰ ਰੋਡਵੇਜ਼ ਦਫਤਰ ਪੇਸ਼ ਹੋਏ, ਦਫਤਰ ਨੇ ਫਿਰ ਇਹੀ ਕਿਹਾ ਕਿ ਸਾਨੂੰ ਅਦਾਲਤ ਦੀ ਕੋਈ ਪਰਵਾਹ ਨਹੀ ਇਸ ਲਈ ਅਸੀਂ ਮਾਣਯੋਗ ਮੁੱਖਮੰਤਰੀ ਨੂੰ ਸਮੂਹ ਰਿਟਾਇਰਡ ਪੈਨਸ਼ਨਰ ਬੇਨਤੀ ਕਰਦੇ ਹਾਂ ਕਿ ਪੈਨਸ਼ਨਰਾਂ ਦੀਆਂ ਅਦਾਲਤਾਂ ਲਗਾ ਕੇ ਲੋਕਾਂ ਦਾ ਅਤੇ ਅਫਸਰਾਂ ਦਾ ਸਮਾਂ ਨਾ ਬਰਬਾਦ ਕੀਤਾ ਜਾਵੇ ਕਿਉਂਕਿ ਦਫਤਰਾਂ ਦੇ ਬਾਬੂ ਕੋਈ ਕੰਮ ਕਰਨ ਨੂੰ ਤਿਆਰ ਨਹੀ ਹਨ। ਇਸ ਤੋਂ ਬਾਅਦ ਗਿਆਨ ਸਿੰਘ ਭਲੇਠੂ ਜਨਰਲ ਸਕੱਤਰ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਰੋਡਵੇਜ਼ ਵਿੱਚ ਪਹਿਲਾਂ ਭਰਤੀ ਕੀਤੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ।

ਕਈ ਸਾਲਾਂ ਤੋਂ ਪੈਨਸ਼ਨਰਾਂ ਦੇ ਮੈਡੀਕਲ ਬਿਲ ਦਫਤਰਾਂ ਵਿੱਚ ਪਏ ਹਨ ਜੋ ਕਿ ਪਾਸ ਹੋ ਕੇ ਨਹੀ ਆਏ। ਪੈਨਸ਼ਨਰਾਂ ਨੇ ਉਧਾਰ ਤੇ ਰਿਸ਼ਤੇਦਾਰਾਂ ਤੋਂ ਪੈਸੇ ਲੈ ਕੇ ਆਪਣੇ ਇਲਾਜ ਤੇ ਪੈਸੇ ਖਰਚੇ ਸਨ ਜਿਨ੍ਹਾਂ ਦਾ ਵਿਆਜ ਬਿਲਾ ਨਾਲੋਂ ਦੁਗਣਾ ਹੋ ਰਿਹਾ ਹੈ। ਭਲੇਠੂ ਨੇ ਇਹ ਵੀ ਮੰਗ ਕੀਤੀ ਕਿ ਪੈਨਸ਼ਨਰਾਂ ਨੂੰ ਜਲਦੀ ਤੋਂ ਜਲਦੀ ਕੈਸ਼ਲੈੱਸ ਮੈਡੀਕਲ ਸਕੀਮ ਲਾਗੂ ਕੀਤੀ ਜਾਵੇ ਅਤੇ ਪੁਰਾਣੇ ਬਿਲ ਜਲਦੀ ਤੋਂ ਜਲਦੀ ਪਾਸ ਕੀਤੇ ਜਾਣ। ਡੀ.ਏ. ਦੀਆਂ ਕਿਸ਼ਤਾਂ ਅਤੇ 6ਵੇਂ ਪੇਅ ਕਮਿਸ਼ਨ ਦਾ ਬਕਾਇਆ ਇਕ ਕਿਸ਼ਤ ਵਿੱਚ ਦਿੱਤਾ ਜਾਵੇ। ਪਰਮਜੀਤ ਸਿੰਘ ਹੁਸ਼ਿਆਰਪੁਰੀ ਨੇ ਆਪਣੀ ਲਿਖੀ ਹੋਈ ਕਵਿਤਾ ਦੁਆਰਾ ਜੋ ਕਿ ਭਗਵੰਤ ਮਾਨ ਦੀ ਆਪ ਸਰਕਾਰ ਦੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਆਸ ਕੀਤੀ ਕਿ ਹਰ ਵਰਗ ਇਹ ਸਰਕਾਰ ਧਿਆਨ ਵਿੱਚ ਰੱਖੇਗੀ।

ਇਸ ਮੀਟਿੰਗ ਦੇ ਮੁੱਖ ਮਹਿਮਾਨ ਸਾਬਕਾ ਟ੍ਰੈਫਿਕ ਮੈਨੇਜਰ ਚਰਨਜੀਤ ਸਿੰਘ ਨੇ ਮੌਜੂਦਾ ਦਫਤਰ ਦੇ ਕਰਮਚਾਰੀਆਂ ਦੇ ਕੰਮਾਂ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਮੌਜੂਦਾ ਕਰਮਚਾਰੀ ਇਹ ਸੋਚ ਰਹੇ ਹਨ ਕਿ ਅਸੀਂ ਕਦੇ ਰਿਟਾਇਰ ਨਹੀਂ ਹੋਣਾ, ਇਸ ਕਰਕੇ ਰਿਟਾਇਰੀਆਂ ਦੇ ਕੰਮ ਨਹੀ ਕਰਦੇ। ਉਨ੍ਹਾਂ ਨੇ ਸਰਕਾਰ ਤੋਂ ਇਹ ਮੰਗ ਕੀਤੀ ਕਿ ਪੈਨਸ਼ਨਰਾਂ ਨੂੰ 2.59 ਦੇ ਡੇਅ ਫਾਰਮੁੱਲੇ ਨਾਲ ਪੈਨਸ਼ਨ ਲਾਗੂ ਕੀਤੀ ਜਾਵੇ ਤੇ ਪੈਨਸ਼ਨਰਾਂ ਨੂੰ ਬਕਾਇਆ ਇਕ ਕਿਸ਼ਤ ਵਿੱਚ ਦਿੱਤਾ ਜਾਵੇ। ਇਸ ਮੀਟਿੰਗ ਨੂੰ ਅਵਤਾਰ ਸਿੰਘ ਝਿੰਗੜ, ਪਰਮਜੀਤ ਸਿੰਘ ਹੁਸ਼ਿਆਰਪੁਰੀ, ਹਰਦੀਪ ਸਿੰਘ ਖਾਲਸਾ, ਬਲਵਿੰਦਰ ਸਿੰਘ ਗੜ੍ਹਸ਼ੰਕਰੀ, ਅਵਤਾਰ ਸਿੰਘ ਸ਼ੇਰਪੁਰੀ, ਗੁਰਬਖਸ਼ ਸਿੰਘ ਮਨਕੋਟੀਆ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਤੇ ਗੁਰਬਖਸ਼ ਸਿੰਘ ਸੁਪਰਡੈਂਟ, ਬੀਰ ਸਿੰਘ ਬੀਰ, ਬਲਵੀਰ ਸਿੰਘ, ਪ੍ਰਵੀਨ ਕੁਮਾਰ, ਜਗਦੀਸ਼ ਸਿੰਘ, ਮਹਿੰਦਰ ਕੁਮਾਰ, ਸੁਰਿੰਦਰ ਪਾਲ, ਹਰਭਜਨ ਦਾਸ, ਸੁਰਜੀਤ ਸਿੰਘ ਸੈਣੀ, ਯੋਗਰਾਜ, ਗੁਰੂਦੱਤ, ਕਾਬਲ ਸਿੰਘ, ਕਰਤਾਰ ਸਿੰਘ ਅਤੇ ਸੋਹਣ ਲਾਲ ਇੰਸਪੈਕਟਰ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here