ਪਾਣੀ ਨੂੰ ਦੂਸ਼ਿਤ ਕਰਨ ਦੀ ਜੁੰਮੇਵਾਰ ਹਮੀਰਾ ਮਿੱਲ ਖਿਲਾਫ ਕਰਾਂਗੇ ਸੰਘਰਸ਼: ਪ੍ਰਧਾਨ ਨਿਸ਼ਾਨ ਸਿੰਘ ਨਡਾਲਾ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਅੱਜ ਗੁਰਦੁਆਰਾ ਬਾਉਲੀ ਸਾਹਿਬ, ਨਡਾਲਾ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋਨ ਨਡਾਲਾ ਦੀ ਇੱਕ ਅਹਿਮ ਮੀਟਿੰਗ ਜ਼ੋਨ ਪ੍ਰਧਾਨ ਨਿਸ਼ਾਨ ਸਿੰਘ ਦੀ ਅਗਵਾਈ ਹੇਠ ਹੋਈ। ਇਸ ਮੋਕੇ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਕਿਸਾਨ ਇਕੱਤਰ ਹੋਏ ਅਤੇ ਸੂਬਾ ਖਜ਼ਾਨਚੀ ਗੁਰਲਾਲ ਸਿੰਘ ਪੰਡੋਰੀ, ਜ਼ਿਲ੍ਹਾ ਪ੍ਰਧਾਨ ਸਰਵਨ ਸਿੰਘ ਬਾਊਪੁਰ ਨੇ ਸ਼ਮੂਲੀਅਤ ਕਰਕੇ ਕਿਸਾਨਾਂ ਦੀ ਮੁਸ਼ਕਿਲਾਂ ਸੁਣੀਆਂ ਅਤੇ ਕਿਸਾਨੀ ਤੋ ਇਲਾਵਾ ਸਮਾਜਿਕ, ਵਾਤਾਵਰਨ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ। ਮੀਟਿੰਗ ਵਿੱਚ ਨਡਾਲਾ ਦੇ ਨੇੜਲੇ ਤੇ ਕਪੂਰਥਲਾ ਹੱਦ ਅੰਦਰ ਆਉੰਦੇ ਹਮੀਰਾ ਪਿੰਡ ਦੇ ਦੂਸ਼ਿਤ ਹੋ ਚੁੱਕੇ ਜ਼ਮੀਨ ਹੇਠਲੇ ਪਾਣੀ ਬਾਰੇ ਅਹਿਮ ਚਰਚਾ ਹੋਈ। ਇਸ ਮੌਕੇ ਨਿਸ਼ਾਨ ਸਿੰਘ ਜ਼ੋਨ ਪ੍ਰਧਾਨ ਨੇ ਮੀਟਿੰਗ ਸੰਬੋਧਨ ਕਰਦੇ ਕਿਹਾ ਕਿ ਹਮੀਰਾ ਜੀ.ਟੀ.ਰੋਡ ਤੇ ਮਿੱਲ ਦੇ ਕਾਰਨ ਸਾਡੇ ਇਲਾਕੇ ਦਾ ਜ਼ਮੀਨ ਹੇਠਲਾ ਪਾਣੀ ਦੂਸ਼ਿਤ ਹੋ ਗਿਆ ਹੈ, ਜਿਸਦੀ ਜੁੰਮੇਵਾਰ ਹਮੀਰਾ ਮਿੱਲ ਹੈ। ਨਿਸ਼ਾਨ ਸਿੰਘ ਨੇ ਹਮੀਰਾ ਵਿੱਚ ਆ ਰਹੇ ਪਾਣੀ ਨੂੰ ਇਕ ਬੋਤਲ ਵਿੱਚ ਭਰ ਕੇ ਆਏ ਕਿਸਾਨਾਂ ਨੂੰ ਦਿਖਾਇਆ, ਬੋਤਲ ਵਿੱਚਲਾ ਪਾਣੀ ਅਲੱਗ ਰੰਗ ਦੇਖ ਕੇ ਇਕੱਤਰ ਹੋਏ ਕਿਸਾਨ ਹੈਰਾਨ ਹੋ ਗਏ। ਨਿਸ਼ਾਨ ਸਿੰਘ ਨੇ ਕਿਹਾ ਕਿ ਸਾਡੇ ਇਲਾਕੇ ਚ’ ਛਿੜੀ ਭਿਆਨਕ ਕੈਂਸਰ ਤੇ ਹੋਰ ਨਾ-ਮੁਰਾਦ ਬਿਮਾਰੀਆਂ ਹਮੀਰਾ ਮਿੱਲ ਦੀ ਦੇਣ ਹਨ। ਉਨ੍ਹਾਂ ਕਿਹਾ ਕਿ ਬੀਤੀ 6 ਅਪ੍ਰੈਲ ਨੂੰ ਡੀ.ਸੀ. ਦਫਤਰ ਕਪੂਰਥਲਾ ਵਿਖੇ ਦਿੱਤੇ ਗਏ ਧਰਨੇ ਵਿੱਚ ਬਾਕੀ ਮੰਗਾਂ ਦੇ ਨਾਲ ਹਮੀਰਾ ਦਾ ਦੂਸ਼ਿਤ ਪਾਣੀ ਦਾ ਮਸਲਾ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਦਾ ਹੈ। ਜਿਸ ਤਹਿਤ ਜ਼ਿਲ੍ਹਾ ਕਮੇਟੀ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਅੱਠ ਦਿਨਾਂ ਵਿੱਚ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸ ਮੋਕੇ ਸੂਬਾ ਖਜ਼ਾਨਚੀ ਗੁਰਲਾਲ ਸਿੰਘ ਪੰਡੋਰੀ ਨੇ ਸੰਬੋਧਨ ਕਰਦੇ ਕਿਹਾ ਕਿ 10 ਜੂਨ ਨੂੰ ਝੋਨੇ ਦੀ ਲਵਾਈ ਚਾਲੂ ਕੀਤੀ ਜਾਵੇਗੀ ਅਤੇ ਝੋਨੇ ਦੀ ਬਿਜਾਈ ਦੋਰਾਨ ਜੇਕਰ ਪ੍ਰਸ਼ਾਸ਼ਨ ਨੇ ਕਿਸਾਨਾਂ ਨਾਲ ਕੋਈ ਬੇ-ਇਨਸਾਫੀ ਜਾ ਕਿਸਾਨੀ ਵਿਰੋਧੀ ਹੁਕਮ ਦਿੱਤਾ ਤਾਂ ਜੱਥੇਬੰਦੀ ਐਕਸ਼ਨ ਲਵੇਗੀ ਅਤੇ ਆਪਣਾ ਸੰਘਰਸ਼ ਕਰੇਗੀ।ਇਸ ਮੋਕੇ ਜ਼ਿਲਾ ਪ੍ਰਧਾਨ ਸਰਵਨ ਸਿੰਘ ਬਾਊਪੁਰ ਨੇ ਮੀਟਿੰਗ ਸੰਬੋਧਨ ਕਰਦੇ ਕਿਹਾ ਕਿ ਕਿਸਾਨ ਭਰਾਵੋ ਜੱਥੇਬੰਧਕ ਹੋਣਾ ਲਾਜ਼ਮੀ ਹੈ, ਕਿਸਾਨਾਂ ਨੇ ਜੇਕਰ ਆਪਣੇ ਹੱਕ ਲੈਣੇ ਹਨ ਤਾਂ ਜੱਥੇਬੰਦੀ ਦਾ ਹਿੱਸਾ ਬਨਣਾ ਪਵੇਗਾ। ਇਸ ਮੋਕੇ ਉਨ੍ਹਾਂ ਮੁੱਖ ਮੰਤਰੀ ਪੰਜਾਬ ਨੂੰ ਗੁਜਾਰਿਸ਼ ਕੀਤੀ ਕਿ ਕਿਸਾਨਾਂ ਨੂੰ 10 ਘੰਟੇ ਬਿਜਲੀ ਸਪਲਾਈ ਕੀਤੀ ਜਾਵੇ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਬੇ-ਲੋੜੀ ਮੋਟਰਾਂ ਨਾ ਚਲਾਈਏ, ਵਰਤੋ ਅਨੁਸਾਰ ਮੋਟਰਾਂ ਚਲਾਈਆਂ ਜਾਣ ਜਿਸ ਨਾਲ ਪੰਜਾਬ ਦੀ ਬਿਜਲੀ ਤੇ ਪਾਣੀ ਬੱਚਣਗੇ। ਇਸ ਤੋ ਇਲਾਵਾ ਉਨ੍ਹਾਂ ਹਮੀਰਾ ਦੇ ਦੂਸ਼ਿਤ ਪਾਣੀ ਬਾਰੇ ਚਰਚਾ ਕਰਦੇ ਕਿਹਾ ਕਿ ਪਾਣੀ ਨੂੰ ਦੂਸ਼ਿਤ ਹੋਣ ਤੇ ਮਿੱਲ ਖਿਲਾਫ ਸਰਕਾਰ ਜਲਦ ਕਾਰਵਾਈ ਕਰੇ ਅਤੇ ਇਲਾਕੇ ਦੇ ਲੋਕਾਂ ਦੀ ਜਾਨ ਬਚਾਵੇ। ਉਨ੍ਹਾਂ ਕਿਹਾ ਕਿ ਪਾਣੀ ਦੇ ਗੰਭੀਰ ਮਸਲੇ ਲਈ ਮਾਨਯੋਗ ਡੀ.ਸੀ. ਕਪੂਰਥਲਾ ਵੱਲੋਂ ਜੇਕਰ ਜਲਦ ਕੋਈ ਹੱਲ ਨਾ ਕੀਤਾ ਗਿਆ ਤਾਂ ਸੂਬਾ ਕਮੇਟੀ ਨਾਲ ਮਿਲਕੇ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ।

Advertisements

ਮੀਟਿੰਗ ਵਿੱਚ ਆਏ ਕਿਸਾਨਾਂ ਨੂੰ ਜੱਥੇਬੰਦੀ ਦੀ ਮੈਂਬਰਸਿਪ ਕਾਰਡ ਦਿੱਤੇ ਗਏ ਅਤੇ ਛਿਮਾਹੀ ਫੰਡ ਇਕੱਠਾ ਕਰਨ ਦੀ ਅਪੀਲ ਕੀਤੀ ਗਈ। ਹੋਰ ਵੀ ਕਿਸਾਨਾਂ ਦੀ ਮੁਸ਼ਕਿਲਾ ਬਾਰੇ ਵਿਚਾਰ ਚਰਚਾ ਕੀਤੀ ਗਈ।ਇਸ ਮੋਕੇ ਜਿਲਾ ਸੀ.ਮੀਤ. ਪ੍ਰਧਾਨ ਜਗਮੋਹਨ ਸਿੰਘ ਚੀਮਾਂ, ਜੋਨ ਸੀ. ਪ੍ਰਧਾਨ ਨਿਰਮਲ ਸਿੰਘ, ਬਲਦੇਵ ਸਿੰਘ ਖਜਾਨਚੀ, ਸਕੱਤਰ ਹਰਜੀਤ ਸਿੰਘ, ਬਲਕਾਰ ਸਿੰਘ ਲੱਖਣ ਕੇ ਪੱਡਾ, ਬਲਵਿੰਦਰ ਸਿੰਘ ਬਾਗੜੀਆਂ, ਮਲਕੀਤ ਸਿੰਘ ਟਾਂਡੀ, ਸਰਬਜੀਤ ਸਿੰਘ ਬੱਲ, ਜੋਗਾ ਸਿੰਘ ਮਿਰਜਾਪੁਰ, ਮਹਿੰਦਰ ਸਿੰਘ ਬੱਸੀ, ਸਮਸ਼ੇਰ ਸਿੰਘ ਮੰਡ, ਹਰਬੰਸ ਸਿੰਘ ਘੱਗ, ਹਰਬੰਸ ਸਿੰਘ ਦੋਲਤਪੁਰ, ਦਰਸ਼ਨ ਸਿੰਘ ਹਮੀਰਾ ਤੇ ਹੋਰ ਕਿਸਾਨ ਹਾਜਰ ਸਨ।

LEAVE A REPLY

Please enter your comment!
Please enter your name here