ਈਕੋ ਟੂਰਿਜ਼ਮ ਨੂੰ ਪ੍ਰਫੁੱਲਤ ਕਰਨ ਲਈ ਚਾਨਣ ਮੁਨਾਰਾ ਸਾਬਤ ਹੋਵੇਗਾ ਥਾਨਾ ਨੇਚਰ ਰਿਟਰੀਟ: ਸਪੀਕਰ

ਹੁਸਿ਼ਆਰਪੁਰ, (ਦ ਸਟੈਲਰ ਨਿਊਜ਼): ਪੰਜਾਬ ਵਿਧਾਨ ਸਭਾ ਸਪੀਕਰ ਸ੍ਰੀ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਪਿੰਡ ਥਾਨਾ ਵਿਖੇ ਬਣੇ ਥਾਨਾ ਨੇਚਰ ਰਿਟਰੀਟ ਅਤੇ ਜੰਗਲ ਸਫ਼ਾਰੀ ਪ੍ਰੋਜੈਕਟ ਦੌਰਾ ਕੀਤਾ ਅਤੇ ਪ੍ਰੋਜੈਕਟ ਵਿਚ ਮੌਜੂਦ ਸਹੂਲਤਾਂ ਦਾ ਜਾਇਜ਼ਾ ਲਿਆ। ਇਸ ਮੌਕੇ ਹਲਕਾ ਵਿਧਾਇਕ ਸ਼ਾਮਚੁਰਾਸੀ ਡਾ. ਰਵਜੋਤ ਸਿੰਘ, ਹਲਕਾ ਵਿਧਾਇਕ ਟਾਂਡਾ ਸ੍ਰੀ ਜਸਵੀਰ ਸਿੰਘ ਗਿੱਲ, ਹਲਕਾ ਵਿਧਾਇਕ ਗੜ੍ਹਸ਼ੰਕਰ ਸ੍ਰੀ ਜੈ ਕ੍ਰਿਸ਼ਨ ਸਿੰਘ ਰੋੜੀ, ਹਲਕਾ ਵਿਧਾਇਕ ਦਸੂਹਾ ਸ੍ਰੀ ਕਰਮਬੀਰ ਸਿੰਘ ਘੁੰਮਣ, ਕੰਜ਼ਰਵੇਟਰ ਫੋਰੈਸਟ ਡਾ. ਸੰਜੀਵ ਤਿਵਾੜੀ, ਡੀ.ਐਫ.ਓ. ਸ੍ਰੀ ਅਮਨੀਤ ਸਿੰਘ ਤੋਂ ਇਲਾਵਾ ਹੋਰ ਵੀ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।

Advertisements


ਇਸ ਮੌਕੇ ਪੰਜਾਬ ਵਿਧਾਨ ਸਭਾ ਸਪੀਕਰ ਸ੍ਰੀ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਥਾਨਾ ਪਿੰਡ ਵਿਚ ਜੰਗਲਾਤ ਵਿਭਾਗ ਵਲੋਂ ਸਥਾਪਿਤ ਕੀਤਾ ਗਿਆ ਥਾਨਾ ਨੇਚਰ ਰਿਟਰੀਟ ਅਤੇ ਜੰਗਲ ਸਫ਼ਾਰੀ ਪ੍ਰੋਜੈਕਟ ਸੂਬੇ ਵਿਚ ਈਕੋ ਟੂਰਿਜ਼ਮ ਨੂੰ ਪ੍ਰਫੁੱਲਤ ਕਰਨ ਲਈ ਇਕ ਚਾਨਣ ਮੁਨਾਰਾ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਈਕੋ ਟੂਰਿਜ਼ਮ ਸਪਾਟ ਦਾ ਆਨੰਦ ਮਾਨਣ ਲਈ ਦੇਸ਼-ਵਿਦੇਸ਼ ਦੇ ਨਾਲ-ਨਾਲ ਪੰਜਾਬ ਤੋਂ ਵੀ ਵੱਡੀ ਗਿਣਤੀ ਵਿਚ ਸੈਲਾਨੀ ਦੇਸ਼ ਦੇ ਹੋਰਨਾਂ ਸੂਬਿਆਂ ਵੱਲ ਰੁਖ ਕਰਦੇ ਹਨ। ਹੁਣ ਇਸ ਪ੍ਰੋਜੈਕਟ ਦੀ ਸਥਾਪਨਾ ਨਾਲ ਜਿਥੇ ਪੰਜਾਬ ਵਾਸੀਆਂ ਨੂੰ ਈਕੋ ਟੂਰਿਜ਼ਮ ਦਾ ਲਾਭ ਮਿਲੇਗਾ, ਉਥੇ ਦੇਸ਼ਾਂ-ਵਿਦੇਸ਼ਾਂ ਤੋਂ ਈਕੋ ਟੂਰਿਜ਼ਮ ਲਈ ਆਉਣ ਵਾਲਿਆਂ ਲਈ ਵੀ ਇਹ ਖਿੱਚ ਦਾ ਕੇਂਦਰ ਬਣੇਗਾ। ਇਸ ਨਾਲ ਜਿਥੇ ਪੰਜਾਬ ਵਿਚ ਸੈਰ-ਸਪਾਟੇ ਨੂੰ ਬੜ੍ਹਾਵਾ ਮਿਲੇਗਾ, ਉਸ ਦੇ ਨਾਲ ਹੀ ਇਹ ਸੂਬੇ ਦੀ ਆਰਥਿਕਤਾ ਲਈ ਵੀ ਲਾਹੇਵੰਦ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਵਿਚ ਆਪਣੇ ਕਿਸਮ ਦੇ ਅਨੋਖੇ 3 ਲੇਕ ਫੇਸਿੰਗ ਈਕੋ ਟੈਂਟ ਸਥਾਪਿਤ ਕੀਤੇ ਗਏ ਹਨ, ਜਿਥੇ ਈਕੋ ਟੂਰਿਜ਼ਮ ਦੇ ਸ਼ੌਕੀਨ ਜੰਗਲ ਵਿਚ ਸਾਰੀਆਂ ਸਹੂਲਤਾਂ ਦੇ ਨਾਲ ਕੁਦਰਤੀ ਮਾਹੌਲ ਵਿਚ ਰਾਤ ਗੁਜ਼ਾਰਨ ਦਾ ਆਨੰਦ ਮਾਣ ਸਕਦੇ ਹਨ। ਅਜਿਹੀ ਸੁਵਿਧਾ ਪਹਿਲਾਂ ਦੇਸ਼ ਦੇ ਕੁਝ ਇਕ ਹੀ ਰਾਜਾਂ ਵਿਚ ਮੌਜੂਦ ਹੈ, ਜਿਥੇ ਦੇਸ਼ਾਂ-ਵਿਦੇਸ਼ਾਂ ਤੋਂ ਆਉਣ ਵਾਲੇ ਸੈਲਾਨੀਆਂ ਦਾ ਤਾਂਤਾ ਲੱਗਿਆ ਰਹਿੰਦਾ ਹੈ।


ਪੰਜਾਬ ਵਿਧਾਨ ਸਭਾ ਸਪੀਕਰ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿਚ ਸੈਰ-ਸਪਾਟੇ ਦੀਆਂ ਗਤੀਵਿਧੀਆਂ ਨੂੰ ਪ੍ਰਫੁੱਲਤ ਕਰਨ ਲਈ ਗੰਭੀਰ ਹੈ ਅਤੇ ਇਸ ਲਈ ਸੂਬੇ ਭਰ ਵਿਚ ਨਵੇਂ ਟੂਰਿਸਟ ਸਪਾਟ ਤਿਆਰ ਕਰਨ ਦੀ ਦਿਸ਼ਾ ਵਿਚ ਅੱਗੇ ਵਧਿਆ ਜਾ ਰਿਹਾ ਹੈ ਅਤੇ ਥਾਨਾ ਨੇਚਰ ਰਿਟਰੀਟ ਅਤੇ ਜੰਗਲ ਸਫ਼ਾਰੀ ਪ੍ਰੋਜੈਕਟ ਰਾਹੀਂ ਇਸ ਦਿਸ਼ਾ ਵਿਚ ਇਕ ਵੱਡੀ ਪੁਲਾਂਘ ਪੁੱਟੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਸੂਬੇ ਦੇ ਮੁੱਖ ਮੰਤਰੀ ਸ੍ਰ: ਭਗਵੰਤ ਸਿੰਘ ਮਾਨ ਦੇ ਧਿਆਨ ਵਿਚ ਵੀ ਇਹ ਪ੍ਰੋਜੈਕਟ ਲਿਆਉਣਗੇ ਅਤੇ ਉਨ੍ਹਾਂ ਨੂੰ ਬੇਨਤੀ ਕਰਨਗੇ ਕਿ ਉਹ ਨਿੱਜੀ ਤੌਰ ’ਤੇ ਇਸ ਪ੍ਰੋਜੈਕਟ ਦਾ ਦੌਰਾ ਕਰਨ, ਤਾਂ ਜੋ ਅਜਿਹੇ ਪ੍ਰੋਜੈਕਟਾਂ ਨੂੰ ਹੋਰ ਅੱਗੇ ਵਧਾਇਆ ਜਾ ਸਕੇ। ਸ੍ਰੀ ਸੰਧਵਾਂ ਨੇ ਹਲਕਾ ਵਿਧਾਇਕਾਂ ਸਮੇਤ ਇਸ ਮੌਕੇ ਇਸ ਪ੍ਰੋਜੈਕਟ ਤਹਿਤ ਚਲਾਈ ਜਾ ਰਹੀ ਜੰਗਲ ਸਫ਼ਾਰੀ ਦਾ ਵੀ ਆਨੰਦ ਮਾਣਿਆ।  

LEAVE A REPLY

Please enter your comment!
Please enter your name here