“ਈਜ਼ ਆਫ ਡੂਇੰਗ ਬਿਜਨਸ“ ਵਿਚ ਕਪੂਰਥਲਾ ਜਿਲ੍ਹੇ ਨੇ ਪੰਜਾਬ ਵਿੱਚੋਂ ਹਾਸਿਲ ਕੀਤਾ ਪਹਿਲਾ ਸਥਾਨ

ਕਪੂਰਥਲਾ ( ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ । ਕਪੂਰਥਲਾ ਜਿਲ੍ਹੇ ਨੇ ਪੰਜਾਬ ਭਰ ਵਿਚੋਂ ‘ਈਜ਼ ਆਫ ਡੂਇੰਗ ਬਿਜ਼ਨਸ’ ( ਉਦਯੋਗਾਂ ਲਈ ਸੁਖਾਵਾਂ ਮਾਹੌਲ) ਦੇ ਖੇਤਰ ਵਿਚ ਸ਼ਾਨਦਾਰ ਕਾਰਗੁਜ਼ਾਰੀ ਨਾਲ ਪਹਿਲਾ ਸਥਾਨ ਹਾਸਿਲ ਕੀਤਾ ਹੈ। ਇਸ ਸਬੰਧੀ ਇਨਵੈਸਟਮੈਂਟ ਪ੍ਰਮੋਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਕਮਲ ਕਿਸ਼ੋਰ ਯਾਦਵ ਵਲੋਂ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਦੌਰਾਨ ਰੈਂਕਿੰਗ ਲਈ ਨਿਰਧਾਰਿਤ ਮਾਪਡੰਦਾਂ ਅਨੁਸਾਰ ਕਪੂਰਥਲਾ ਜਿਲ੍ਹੇ ਵਲੋਂ ਨਵੇਂ ਉਦਯੋਗਾਂ ਦੀ ਸਥਾਪਨਾ ਲਈ ਲੋੜੀਂਦੀਆਂ ਮਨਜ਼ੂਰੀਆਂ ਸਮੇਂ ਸਿਰ ਦੇਣ, ਉਪਭੋਗਤਾ ਵਲੋਂ ਦਿੱਤੀ ਰੇਟਿੰਗ ਤੇ ਸਮੇਂ ਸਿਰ ਬਿਨੈਪੱਤਰਾਂ ਦਾ ਨਿਪਟਾਰਾ ਕਰਨ ਲਈ ਭਰਵੀਂ ਸ਼ਲਾਘਾ ਕੀਤੀ ਗਈ। ਜਾਰੀ ਰੈਕਿੰਗ ਅਨੁਸਾਰ ਕਪੂਰਥਲਾ ਜਿਲ੍ਹੇ ਨੇ ਨਿਰਧਾਰਿਤ ਮਾਪਦੰਡਾਂ ਅਨੁਸਾਰ 67.28 ਫੀਸਦੀ ਅੰਕਾਂ ਨਾਲ ਪਹਿਲਾ ਸਥਾਨ ਹਾਸਿਲ ਕੀਤਾ ਹੈ, ਜਦਕਿ ਜਲੰਧਰ ਨੇ 62.97 ਫੀਸਦੀ ਅੰਕਾਂ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ ਹੈ।

Advertisements

ਇਸ ਤੋਂ ਇਲਾਵਾ ਬਠਿੰਡਾ ਨੇ 61.48 ਫੀਸਦੀ ਨਾਲ ਤੀਜਾ ਸਥਾਨ ਹਾਸਿਲ ਕੀਤਾ ਹੈ। ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦਸਿਆ ਕਿ ਸੰਭਾਵੀ ਨਿਵੇਸ਼ਕਾਂ ਲਈ ਜ਼ਮੀਨ ਦੇ ਪ੍ਰਬੰਧਨ, ਪ੍ਰਮੁੱਖ ਉਦਯੋਗਾਂ ਨੂੰ ਹੁਲਾਰਾ ਦੇਣ, ਫਿਲਮਾਂ ਤੇ ਗੀਤ ਸੰਗੀਤ ਖੇਤਰ ਲਈ ਸ਼ੂਟਿੰਗ ਦੀ ਮਨਜ਼ੂਰੀ ਆਦਿ ਖੇਤਰਾਂ ਬਾਰੇ ਵਿਚਾਰ ਵਟਾਂਦਰੇ ਕੀਤਾ ਗਿਆ ਜੋ ਕਿ ਸੰਭਾਵਨਾ ਭਰਪੂਰ ਖੇਤਰ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਸਮੇਂ ਦੌਰਾਨ ਹੀ ਜਿਲ੍ਹੇ ਵਿਚ ਨਵੇਂ ਉਦਯੋਗਿਕ ਯੂਨਿਟਾਂ ਦੀ ਸਥਾਪਨਾ ਤੇ ਪੁਰਾਣੇ ਯੂਨਿਟਾਂ ਦੇ ਵਿਸਥਾਰ ਲਈ ਮਿੱਥੇ ਸਮੇਂ ਤੋਂ ਪਹਿਲਾਂ 16 ਬਿਨੈਕਾਰਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਤਾਂ ਜੋ ਨਿਵੇਸ਼ਕਾਂ ਨੂੰ ਸੁਖਾਵਾਂ ਮਾਹੌਲ ਦੇ ਕੇ ਰੁਜ਼ਗਾਰ ਨੂੰ ਪ੍ਰਫੁੱਲਿਤ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ ਵਲੋਂ ਜਿਲ੍ਹਾ ਪ੍ਰਸ਼ਾਸ਼ਨ ਤੇ ਵਿਸ਼ੇਸ਼ ਕਰਕੇ ਉਦਯੋਗ ਵਿਭਾਗ ਨੂੰ ਸ਼ਾਨਦਾਰ ਕਾਰਗੁਜ਼ਾਰੀ ਲਈ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਉਦਯੋਗਾਂ ਨੂੰ ਹੁਲਾਰਾ ਦੇਣ ਲਈ ਹੋਰ ਵਡੇਰੇ ਯਤਨ ਕੀਤੇ ਜਾਣਗੇ।

LEAVE A REPLY

Please enter your comment!
Please enter your name here