ਮਾਛੀਵਾੜਾ: ਸਰਹਿੰਦ ਨਹਿਰ ਦੇ ਪਵਾਤ ਪੁਲ ਵਿੱਚ ਥੈਲੇ ਅਤੇ ਕੁਝ ਗਊਆਂ ਦੇ ਅੰਗ ਪਾਣੀ ਵਿਚ ਤੈਰਦੇ ਮਿਲੇ

ਮਾਛੀਵਾੜਾ ( ਦ ਸਟੈਲਰ ਨਿਊਜ਼)। ਮਾਛੀਵਾੜਾ ਨੇੜੇ ਵੱਡੀ ਮੰਦਭਾਗੀ ਘਟਨਾ ਵਾਪਰੀ ਕਿ ਇੱਥੇ ਨੇੜੇ ਹੀ ਵਗਦੀ ਸਰਹਿੰਦ ਨਹਿਰ ਵਿਚ ਸ਼ਰਾਰਤੀ ਅਨਸਰ ਗਊਆਂ ਦੀ ਹੱਤਿਆ ਕਰ ਉਨ੍ਹਾਂ ਦੇ ਅੰਗ ਨਹਿਰ ਵਿਚ ਸੁੱਟ ਗਏ, ਜਿਸ ਕਾਰਨ ਇਲਾਕੇ ਵਿਚ ਸਨਸਨੀ ਫੈਲ ਗਈ। ਪ੍ਰਾਪਤ ਜਾਣਕਾਰੀ ਅਨੁਸਾਰ, ਸਰਹਿੰਦ ਨਹਿਰ ਦੇ ਪਵਾਤ ਪੁਲ ’ਤੇ ਕਿਸੇ ਵਿਅਕਤੀ ਨੇ ਦੇਖਿਆ ਕਿ ਕਾਫ਼ੀ ਮਾਤਰਾ ਵਿਚ ਥੈਲੇ ਅਤੇ ਕੁਝ ਗਊਆਂ ਦੇ ਅੰਗ ਪਾਣੀ ਵਿਚ ਤੈਰ ਰਹੇ ਸਨ, ਜਿਸ ਸਬੰਧੀ ਤੁਰੰਤ ਮਾਛੀਵਾੜਾ ਪੁਲਸ ਥਾਣਾ ਵਿਖੇ ਸੂਚਨਾ ਦਿੱਤੀ ਗਈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸ਼ਿਵ ਸੈਨਾ ਆਗੂ ਰਮਨ ਵਢੇਰਾ ਅਤੇ ਸਮਾਜ ਸੇਵੀ ਨੀਰਜ ਸਿਹਾਲਾ ਵੀ ਮੌਕੇ ’ਤੇ ਪਹੁੰਚ ਗਏ ਅਤੇ ਡੀਐੱਸਪੀ ਸਮਰਾਲਾ ਹਰਵਿੰਦਰ ਸਿੰਘ ਖਹਿਰਾ ਤੋਂ ਇਲਾਵਾ ਥਾਣਾ ਮੁਖੀ ਵਿਜੈ ਕੁਮਾਰ ਵੀ ਸਥਿਤੀ ਦਾ ਜਾਇਜ਼ਾ ਲੈਣ ਆਏ।

Advertisements

ਪਾਣੀ ਵਿਚ ਤੈਰਦੇ ਗਊਆਂ ਦੇ ਅੰਗਾਂ ਤੋਂ ਇਹ ਅਨੁਮਾਨ ਲਗਾਇਆ ਜਾ ਰਿਹਾ ਸੀ ਕਿ ਸ਼ਰਾਰਤੀ ਅਨਸਰਾਂ ਵਲੋਂ ਉਨ੍ਹਾਂ ਦਾ ਮਾਸ ਵੱਢ ਕੇ ਬਾਕੀ ਪੂੰਛਾਂ, ਚਮਡ਼ੀ ਤੇ ਹੋਰ ਅੰਗਾਂ ਨੂੰ ਥੈਲਿਆਂ ’ਚ ਬੰਦ ਕਰ ਅਤੇ ਖੁੱਲੇ ਪਾਣੀ ਵਿਚ ਸੁੱਟ ਦਿੱਤਾ ਗਿਆ। ਪਵਾਤ ਪੁਲ ਦੀ ਇੱਕ ਕੰਧ ’ਤੇ ਖੂਨ ਦੇ ਨਿਸ਼ਾਨ ਵੀ ਦਿਖਾਈ ਦਿੱਤੇ ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਇਸ ਸਥਾਨ ਤੋਂ ਗਊਆਂ ਦੇ ਅੰਗਾਂ ਨੂੰ ਨਹਿਰ ਵਿਚ ਸੁੱਟਿਆ ਗਿਆ। ਨਹਿਰ ਵਿਚ ਪਾਣੀ ਘੱਟ ਹੋਣ ਕਾਰਨ ਇਹ ਗਊਆਂ ਦੇ ਅੰਗ ਅਤੇ ਭਰੇ ਥੈਲੇ ਰੁੜ੍ਹ ਨਾ ਸਕੇ, ਜਿਸ ਕਾਰਨ ਇਹ ਸਾਰੀ ਘਟਨਾ ਬਾਰੇ ਜਾਣਕਾਰੀ ਮਿਲ ਸਕੀ। ਇਸ ਮੌਕੇ ਥਾਣਾ ਮੁਖੀ ਵਿਜੈ ਕੁਮਾਰ ਨੇ ਦੱਸਿਆ ਕਿ ਸ਼ਿਵ ਸੈਨਾ ਆਗੂ ਰਮਨ ਵਢੇਰਾ ਅਤੇ ਨੀਰਜ ਸਿਹਾਲਾ ਦੇ ਬਿਆਨਾਂ ਦੇ ਅਧਾਰ ’ਤੇ ਗਊਆਂ ਦੀ ਹੱਤਿਆ ਕਰਨ ਦੇ ਕਥਿਤ ਦੋਸ਼ ਹੇਠ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜਲਦ ਹੀ ਗੋਤਾਖੋਰਾਂ ਨੂੰ ਬੁਲਾਇਆ ਗਿਆ ਹੈ ਅਤੇ ਗਊਆਂ ਦੇ ਸਾਰੇ ਅੰਗਾਂ ਨੂੰ ਬਾਹਰ ਕੱਢ ਵੈਟਨਰੀ ਡਾਕਟਰਾਂ ਦੇ ਇੱਕ ਬੋਰਡ ਤੋਂ ਪੋਸਟ ਮਾਰਟਮ ਕਰਵਾਇਆ ਜਾਵੇ।

ਥਾਣਾ ਮੁਖੀ ਨੇ ਕਿਹਾ ਕਿ ਸਰਹਿੰਦ ਨਹਿਰ ’ਚੋਂ ਗਊਆਂ ਦੇ ਸਾਰੇ ਅੰਗ ਬਾਹਰ ਕੱਢਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਜਿਨ੍ਹਾਂ ਦੀ ਹੱਤਿਆ ਕੀਤੀ ਗਈ ਉਨ੍ਹਾਂ ਦੀ ਕਿੰਨੀ ਗਿਣਤੀ ਹੈ। ਮੁੱਢਲੀ ਜਾਣਕਾਰੀ ਅਨੁਸਾਰ ਗਊਆਂ ਦੀ ਗਿਣਤੀ 5 ਤੋਂ ਵੱਧ ਲੱਗ ਰਹੀ ਸੀ। ਇਸ ਮੌਕੇ ਸ਼ਿਵ ਸੈਨਾ ਆਗੂ ਰਮਨ ਵਢੇਰਾ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ ਅਤੇ ਅਜਿਹੀਆਂ ਘਿਨੌਣੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦਾ ਪੁਲਸ ਪ੍ਰਸ਼ਾਸਨ ਅਜਿਹੇ ਅਨਸਰਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ। ਰਮਨ ਵਢੇਰਾ ਨੇ ਕਿਹਾ ਕਿ ਗਊ ਹੱਤਿਆ ਕਾਰਨ ਹਿੰਦੂ ਭਾਈਚਾਰੇ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਉਹ ਪੁਲਸ ਪ੍ਰਸ਼ਾਸਨ ਅੱਗੇ ਮੰਗ ਕਰਦੇ ਹਨ ਕਿ ਜਲਦ ਇਸ ਘਿਨੌਣੀ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਸਾਜਿਸ਼ਕਰਤਾ ਹਨ ਉਨ੍ਹਾਂ ਨੂੰ ਬੇਨਕਾਬ ਕਰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।

LEAVE A REPLY

Please enter your comment!
Please enter your name here