ਹਫਤੇ ਦੇ ਅੰਦਰ ਗਰੀਨ ਪਾਰਕ ਸੜਕ ਦਾ ਨਿਰਮਾਣ ਨਾ ਕੀਤਾ ਗਿਆ ਤਾਂ ਨਗਰ ਨਿਗਮ ਦੇ ਬਾਹਰ ਦੇਵਾਂਗੇ ਧਾਰਨਾ: ਅਵੀ ਰਾਜਪੂਤ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਵਿਰਾਸਤੀ ਸ਼ਹਿਰ ਦੀਆ ਬਣਾਉਣ ਲਈ ਪੁੱਟਿਆ ਗਈਆਂ ਸੜਕਾਂ ਦੇ ਨਿਰਮਾਣ ਕਾਰਜ ਵਿੱਚ ਹੋ ਰਹੀ ਦੇਰੀ ਕਾਰਨ ਹਰ ਵਰਗ ਦੁਖੀ ਹੈ,ਵਾਹਨ ਚਾਲਕਾਂ ਤੋਂ ਇਲਾਵਾ ਪੈਦਲ ਚੱਲਣ ਵਾਲੇ ਲੋਕਾਂ ਦਾ ਪੈਦਲ ਚੱਲਣਾ ਵੀ ਔਖਾ ਹੋ ਰਿਹਾ ਹੈ।ਸ਼ਹਿਰ ਦੀਆ ਜਿਆਦਾ ਤਰ ਸੜਕਾਂ ਆਮਜਨ ਲਈ ਪਰੇਸ਼ਾਨੀ ਦਾ ਕਾਰਨ ਬਣ ਰਹੀਆਂ ਹਨ। ਸ਼ਹਿਰ ਵਾਸੀਆਂ ਵਲੋਂ ਬਾਰ ਬਾਰ ਨਗਰ ਨਿਗਮ ਤੋਂ ਸੜਕਾਂ ਜਲਦੀ ਬਣਾਉਣ ਦੀ ਮੰਗ ਕਰਨ ਦੇ ਬਾਵਜੂਦ ਪ੍ਰਸ਼ਾਸਨ ਅੱਖਾਂ ਮੀਟੀ ਬੈਠਾ ਹੈ। ਬੁਧਵਾਰ ਨੂੰ ਨਗਰ ਨਿਗਮ ਦੀ ਢਿੱਲੀ ਕਾਰਗੁਜਾਰੀ ਤੋਂ ਗਰੀਨ ਪਾਰਕ ਨਜਦੀਕ ਗਰੀਨ ਪਬਲਿਕ ਸਕੂਲ ਦੇ ਨਿਵਾਸੀਆਂ ਨੇ ਨਗਰ ਨਿਗਮ ਨੂੰ ਕਈ ਵਾਰ ਕਹਿਣ ਦੇ ਬਾਵਜੂਦ ਵੀ ਸੜਕ ਦਾ ਨਿਰਮਾਣ ਕਾਰਜ ਨਾ ਕਰਨ ਤੋਂ ਪਰੇਸ਼ਾਨ ਹੋਕੇ ਸਮਾਜ ਸੇਵਕ ਤੇ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਅਵੀ ਰਾਜਪੂਤ ਨਾਲ ਮੀਟਿੰਗ ਕਰਕੇ ਨਗਰ ਨਿਗਮ ਖਿਲਾਫ ਰੋਸ ਪ੍ਰਦਰਸ਼ਨ ਕਰਨ ਦੀ ਰਣਨੀਤੀ ਬਣਾਈ।ਇਸ ਮੌਕੇ ਤੇ ਅਵੀ ਰਾਜਪੂਤ ਨੇ ਕਿਹਾ ਕਿ ਜਦੋਂ ਤੋਂ ਪਿਛਲੀ ਕਾਂਗਰਸ ਸਰਕਾਰ ਨੇ ਨਗਰ ਪਾਲਿਕਾ ਨੂੰ ਨਗਰ ਨਿਗਮ ਵਿੱਚ ਤਬਦੀਲ ਕੀਤਾ ਹੈ, ਉਦੋਂ ਤੋਂ ਪੈਰਿਸ ਕਹੇ ਜਾਣ ਵਾਲੇ ਕਪੂਰਥਲਾ ਦਾ ਵਿਕਾਸ ਨਹੀਂ ਵਿਨਾਸ਼ ਹੋ ਰਿਹਾ ਹੈ,ਜਿਸ ਦੀ ਜਿਉਂਦੀ ਜਾਗਦੀ ਮਿਸਾਲ ਇਹ ਸ਼ਹਿਰ ਵਿਚ ਕਈ ਥਾਵਾਂ ਤੇ ਟੁੱਟੀਆਂ ਸੜਕਾਂ,ਗੰਦਗੀ ਦੇ ਢੇਰ,ਬੱਚਿਆਂ ਲਈ ਬਣਿਆ ਪਾਰਕਾਂ ਜੰਗਲ ‘ਚ ਤਬਦੀਲ ਹੋ ਰਹੀਆਂ ਹਨ ਅਤੇ ਨਗਰ ਨਿਗਮ ਦੇ ਅਧਿਕਾਰੀ ਕੁੰਭਕਰਨੀ ਨੀਂਦ ‘ਚ ਸੋ ਰਹੇ ਹਨ।ਅਵੀ ਰਾਜਪੂਤ ਨੇ ਅਖਬਾਰਾਂ ‘ਚ ਫੋਕੀ ਬਿਆਨ ਬਾਜੀ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅਖਬਾਰਾਂ ‘ਚ ਵੱਡੇ-ਵੱਡੇ ਬਿਆਨ ਦੇਣ ਦੀ ਬਜਾਏ ‘ਆਪ’ ਦੇ ਆਗੂ ਸ਼ਹਿਰ ਦੀ ਵਿਗੜ ਰਹੀ ਹਾਲਤ ਵੱਲ ਧਿਆਨ ਦੇਣ ਤਾਂ ਚੰਗਾ ਹੋਵੇਗਾ।

Advertisements

ਅਵੀ ਰਾਜਪੂਤ ਨੇ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਚੋਣਾਂ ਦੌਰਾਨ ਨੇਤਾ ਲੋਕ ਜਿਨ੍ਹਾਂ ਲੋਕਾਂ ਦੇ ਸਾਹਮਣੇ ਭਿਖਾਰੀ ਬਣ ਕੇ ਵੋਟਾਂ ਮੰਗਦੇ ਹਨ,ਜਿੱਤਣ ਤੋਂ ਬਾਅਦ ਉਹੀ ਨੇਤਾ ਲੋਕਾਂ ਦੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਸਿਰਫ਼ ਅਖਬਾਰਾਂ ਵਿਚ ਫੋਕੀ ਬਿਆਨਬਾਜ਼ੀ ਕਰਦੇ ਹਨ,ਜੋ ਬਹੁਤ ਨਿੰਦਣਯੋਗ ਹੈ।ਇਸ ਦੌਰਾਨ ਅਵੀ ਰਾਜਪੂਤ ਨੇ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਜੋ ਕੌਂਸਲਰ ਆਪਣੇ ਵਾਰਡ ਵਿੱਚ ਵਿਕਾਸ ਕਾਰਜਾਂ ਵਿੱਚ ਅਣਗਹਿਲੀ ਵਰਤਦਾ ਹੈ,ਉਸ ਕੌਂਸਲਰ ਦੀ ਤਨਖਾਹ ਨਾ ਦਿੱਤੀ ਜਾਵੇ,ਤਾਂ ਜੋ ਉਨ੍ਹਾਂ ਨੂੰ ਇਹ ਵੀ ਪਤਾ ਲੱਗ ਸਕੇ ਕਿ ਉਨ੍ਹਾਂ ਨੂੰ ਕਿਸ ਜਨਤਾ ਨੇ ਵੋਟਾਂ ਪਾ ਕੇ ਜਿਤਾਇਆ ਹੈ। ਉਸ ਜਨਤਾ ਨੂੰ ਨਜ਼ਰਅੰਦਾਜ਼ ਕਰਨ ਦਾ ਖਾਮਿਆਜ਼ਾ ਭੁਗਤਣਾ ਪਵੇਗਾ।ਅਵੀ ਰਾਜਪੂਤ ਨੇ ਆਪ’ ਦੀ ਹਲਕਾ ਇੰਚਾਰਜ ਮੈਡਮ ਮੰਜੂ ਰਾਣਾ ਨੂੰ ਅਪੀਲ ਕਰਦਿਆਂ ਕਿਹਾ ਕਿ ਨਗਰ ਨਿਗਮ ਨੂੰ ਭੰਗ ਕਰਕੇ ਦੁਬਾਰਾ ਨਗਰ ਪਾਲਿਕਾ ਬਣਾਈ ਜਾਵੇ ਕਿਉਂਕਿ ਜਨਤਾ ਤੇ ਪੈ ਰਹੇ ਬੋਝ ਨੂੰ ਘੱਟ ਕੀਤਾ ਜਾ ਸਕੇ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਇੱਕ ਹਫ਼ਤੇ ਵਿੱਚ ਗਰੀਨ ਪਾਰਕ ਨੇੜੇ ਗਰੀਨ ਫੀਲਡ ਸਕੂਲ ਨੂੰ ਜਾਂਦੀ ਸੜਕ ਨੂੰ ਨਾ ਬਣਾਇਆ ਗਿਆ ਤਾਂ ਮੁਹੱਲਾ ਵਾਸੀਆਂ ਨੂੰ ਨਾਲ ਲੈ ਕੇ ਉਹ ਨਗਰ ਨਿਗਮ ਦਫ਼ਤਰ ਦੇ ਬਾਹਰ ਧਰਨਾ ਦੇਣਗੇ।ਇਸ ਮੌਕੇ ਗੁਲਸ਼ਨ ਸ਼ਰਮਾ,ਰਾਜੇਸ਼ ਅਰੋੜਾ,ਡਾ ਰਮੇਸ਼ ਮੰਨਾ,ਰਾਕੇਸ਼ ਕੁਮਾਰ, ਤਜਿੰਦਰ ਲਵਲੀ,ਸੁਮਿਤ ਕਪੂਰ,ਲਵੀ,ਬਲਰਾਜ,ਅਮਿਤ ਅਰੋੜਾ,ਵਿਪਨ ਸ਼ਰਮਾ,ਸੰਤੋਸ਼ ਚੋਪੜਾ,ਰਾਕੇਸ਼ ਵਾਲੀਆ, ਚੰਦਰਮੋਹਨ ਮੰਨਾ,ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here