ਪੀਸੀਸੀ ਅਪਾਇੰਟਮੈਂਟ ਕੋਟਾ 450 ਪ੍ਰਤੀ ਦਿਨ ਤੋਂ 600 ਕੀਤੇ ਜਾਣ ਨਾਲ ਬਿਨੈਕਾਰਾਂ ਨੂੰ ਵੱਡੀ ਰਾਹਤ

ਜਲੰਧਰ, (ਦ ਸਟੈਲਰ ਨਿਊਜ਼)। ਪੁਲਿਸ ਕਲੀਅਰੈਂਸ ਸਰਟੀਫਿਕੇਟ (ਪੀ.ਸੀ.ਸੀ.) ਦੀ ਮੰਗ ਕਰਨ ਵਾਲੇ ਵਸਨੀਕਾਂ ਨੂੰ ਹੋਰ ਵੱਡੀ ਰਾਹਤ ਦਿੰਦਿਆਂ ਪੀ.ਸੀ.ਸੀ. ਜਾਰੀ ਕਰਨ ਲਈ ਖੇਤਰੀ ਪਾਸਪੋਰਟ ਅਫ਼ਸਰ ਦਾ ਕੋਟਾ ਮੌਜੂਦਾ 450 ਅਪਾਇੰਟਮੈਂਟ ਪ੍ਰਤੀ ਦਿਨ ਤੋਂ ਵਧਾ ਕੇ 600 ਕਰ ਦਿੱਤਾ ਗਿਆ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਖੇਤਰੀ ਪਾਸਪੋਰਟ ਅਫ਼ਸਰ ਯਸ਼ਪਾਲ ਨੇ ਦੱਸਿਆ ਕਿ ਵਿਦੇਸ਼ ਮੰਤਰਾਲੇ ਵੱਲੋਂ ਜਲੰਧਰ ਦੇ ਆਰ.ਪੀ.ਓ ਵੱਲੋਂ ਬੇਨਤੀ ਕਰਨ ‘ਤੇ ਲੋਕਾਂ ਦੀ ਸਹੂਲਤ ਲਈ ਇਹ ਫੈਸਲਾ ਲਿਆ ਗਿਆ ਹੈ। ਯਸ਼ ਪਾਲ ਨੇ ਕਿਹਾ ਕਿ ਇਸ ਨਾਲ ਲੋਕਾਂ ਨੂੰ ਪੀ.ਸੀ.ਸੀ. ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ।

Advertisements

ਉਨ੍ਹਾਂ ਇਹ ਵੀ ਦੱਸਿਆ ਕਿ ਖੇਤਰੀ ਪਾਸਪੋਰਟ ਦਫ਼ਤਰ ਵੱਲੋਂ ਲੋਕਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਹਾਲ ਹੀ ਵਿੱਚ ਵਿਦੇਸ਼ ਜਾਣ ਦੇ ਚਾਹਵਾਨ ਲੋਕਾਂ ਦੀ ਸਹੂਲਤ ਲਈ ਇਸ ਕੋਟੇ ਨੂੰ ਵਧਾਉਣ ਲਈ ਮੰਤਰਾਲੇ ਨੂੰ ਵਿਸਥਾਰਤ ਪ੍ਰਸਤਾਵ ਵੀ ਭੇਜਿਆ ਗਿਆ । ਪਹਿਲਾਂ ਅਪਾਇੰਟਮੈਂਟ ਕੋਟਾ 135 ਪ੍ਰਤੀ ਦਿਨ ਸੀ ਪਰ ਕਿਉਂਕਿ ਪੀ.ਸੀ.ਸੀ. ਦੀ ਮੰਗ ਰੋਜ਼ਾਨਾ ਵੱਧ ਰਹੀ ਸੀ, ਇਸ ਲਈ ਆਰ.ਪੀ.ਓ. ਵੱਲੋਂ ਇਸ ਮੁੱਦੇ ਨੂੰ ਐਮ.ਈ.ਏ. ਪਾਸ ਉਠਾਇਆ ਗਿਆ, ਜਿਸ ਤੋਂ ਬਾਅਦ ਇਸ ਨੂੰ ਵਧਾ ਕੇ 180 ਕਰ ਦਿੱਤਾ ਗਿਆ। ਹਾਲਾਂਕਿ ਆਰ.ਪੀ.ਓ. ਵੱਲੋਂ ਮੁੜ ਬੇਨਤੀ ਕਰਨ ‘ਤੇ ਕੋਟੇ ਨੂੰ ਹਾਲ ਹੀ ਵਿੱਚ ਵਧਾ ਕੇ 270, ਫਿਰ 450 ਕੀਤਾ ਗਿਆ ਅਤੇ ਹੁਣ ਇਸਨੂੰ 600 ਪੀ.ਸੀ.ਸੀ. ਪ੍ਰਤੀ ਦਿਨ ਤੱਕ ਵਧਾ ਦਿੱਤਾ ਗਿਆ ਹੈ।

ਪਾਸਪੋਰਟ ਨਾਲ ਸਬੰਧਤ ਬਿਹਤਰੀਨ ਸੇਵਾਵਾਂ ਪ੍ਰਦਾਨ ਕਰਨ ਦੀ ਵਚਨਬੱਧਤਾ ਦੁਹਰਾਉਂਦਿਆਂ ਖੇਤਰੀ ਪਾਸਪੋਰਟ ਅਫ਼ਸਰ ਨੇ ਕਿਹਾ ਕਿ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਬਿਨੈਕਾਰ ਆਨਲਾਈਨ ਅਪਲਾਈ ਅਤੇ ਭੁਗਤਾਨ ਕਰਨ ਤੋਂ ਬਾਅਦ ਸਿੱਧਾ www.passportindia.gov.in ‘ਤੇ ਆਪਣਾ ਪਾਸਪੋਰਟ ਅਤੇ ਪੀ.ਸੀ.ਸੀ. ਅਪਾਇੰਟਮੈਂਟ ਚੈੱਕ ਅਤੇ ਬੁੱਕ ਕਰ ਸਕਦੇ ਹਨ।  ਯਸ਼ ਪਾਲ ਨੇ ਕਿਹਾ ਕਿ ਲੋਕਾਂ ਨੂੰ ਇਹ ਸੇਵਾਵਾਂ ਪ੍ਰਾਪਤ ਕਰਨ ਲਈ ਕਿਸੇ ਵਿਚੋਲੇ ਦੀ ਲੋੜ ਨਹੀਂ ਕਿਉਂਕਿ ਖੇਤਰੀ ਪਾਸਪੋਰਟ ਦਫ਼ਤਰ ਵੱਲੋਂ ਅਜਿਹੀ ਕਿਸੇ ਸੰਸਥਾ ਜਾਂ ਵਿਚੋਲੇ ਨੂੰ ਅਧਿਕਾਰਤ ਨਹੀਂ ਕੀਤਾ ਗਿਆ।

ਖੇਤਰੀ ਪਾਸਪੋਰਟ ਅਫ਼ਸਰ ਨੇ ਕਿਹਾ ਕਿ ਹਰ ਸੇਵਾ ਸਾਫ਼-ਸੁਥਰੇ ਅਤੇ ਪਾਰਦਰਸ਼ੀ ਢੰਗ ਨਾਲ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅਜਿਹੇ ਵਿਚੋਲਿਆਂ ਦੇ ਝਾਂਸੇ ਵਿਚ ਆਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਇਸ ਦੀ ਬਜਾਏ ਪਾਸਪੋਰਟ ਦਫ਼ਤਰ ਨਾਲ ਸਿੱਧਾ ਸੰਪਰਕ ਕਰਨਾ ਚਾਹੀਦਾ ਹੈ, ਜੋ ਹਮੇਸ਼ਾ ਲੋਕਾਂ ਦੀ ਸੇਵਾ ਲਈ ਉਪਲਬਧ ਹੈ। ਜ਼ਿਕਰਯੋਗ ਹੈ ਕਿ ਦੇਸ਼ ਭਰ ਵਿੱਚ ਪੀ.ਸੀ.ਸੀ. ਅਪਾਇੰਟਮੈਂਟ ਵਿੱਚ ਬੇਮਿਸਾਲ ਵਾਧਾ ਹੋਇਆ ਹੈ ਅਤੇ ਪਹਿਲੀ ਸਮਰੱਥਾ ਦੇ ਮੁਕਾਬਲੇ ਕੋਟੇ ਵਿੱਚ ਰਿਕਾਰਡ ਵਾਧੇ ਰਾਹੀਂ ਇਸ ਵਧਦੀ ਮੰਗ ਨੂੰ ਪੂਰਾ ਕਰਨ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਹਨ।

LEAVE A REPLY

Please enter your comment!
Please enter your name here