ਤੁਫਾਨ ਅਤੇ ਅਸਮਾਨੀ ਬਿਜਲੀ ਤੋਂ ਹੋਣ ਵਾਲੇ ਨੁਕਸਾਨਾਂ ਤੋਂ ਬਚਣ ਲਈ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਵੱਲੋਂ ਹਦਾਇਤਾਂ ਜਾਰੀ

ਫਿਰੋਜ਼ਪੁਰ, (ਦ ਸਟੈਲਰ ਨਿਊਜ਼): ਡਿਪਟੀ ਕਮਿਸ਼ਨਰ ਅਮ੍ਰਿਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਵੱਲੋਂ ਭਵਿੱਖ ਵਿੱਚ ਸੰਭਾਵਿਤ ਤੁਫਾਨ ਅਤੇ ਅਸਮਾਨੀ ਬਿਜਲੀ ਨਾਲ ਲੋਕਾਂ, ਪਸ਼ੂਆਂ, ਫਸਲਾਂ ਅਤੇ ਹੋਰਾਂ ਨੂੰ ਹੋਣ ਵਾਲੇ ਨੁਕਸਾਨਾਂ ਤੋਂ ਬਚਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਹਦਾਇਤਾਂ ਮੁਤਾਬਕ ਸਾਰਿਆਂ ਨੂੰ ਅਗਾਉਂ ਤੌਰ `ਤੇ ਮੌਸਮ ਸਬੰਧੀ ਸੁਚੇਤ ਰਹਿਣਾ ਚਾਹੀਦਾ ਹੈ ਤਾਂ ਜ਼ੋ ਪਹਿਲਾਂ ਤੋਂ ਹੀ ਹੋਣ ਵਾਲੇ ਨੁਕਸਾਨ ਤੋਂ ਬਚਾਅ ਕੀਤਾ ਜਾ ਸਕੇ।

Advertisements

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਤੁਸੀਂ ਘਰ ਤੋਂ ਬਾਹਰ ਜਾਣ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਘੱਟੋ ਘੱਟ ਪਹਿਲਾਂ ਮੌਸਮ ਦੀ ਜਾਣਕਾਰੀ ਹਾਸਲ ਕੀਤੀ ਜਾਵੇ ਜੇ ਮੌਸਮ ਸਹੀ ਨਹੀਂ ਤਾਂ ਬਾਹਰ ਜਾਣ ਤੋਂ ਗੁਰੇਜ਼ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਖਰਾਬ ਮੌਸਮ ਵਿਚ ਖੇਤਾਂ ਵਿਚ ਕੰਮ ਕਰਨ, ਪਸ਼ੂਆਂ ਨੂੰ ਚਰਵਾਉਣ ਆਦਿ ਤੋਂ ਪਰਹੇਜ਼ ਕੀਤਾ ਜਾਵੇ। ਇਸ ਤੋਂ ਇਲਾਵਾ ਮੈਟਲ (ਧਾਤੂ) ਦੀ ਬਣੀ ਕਿਸੇ ਵੀ ਵਸਤੂ ਨੂੰ ਛੂਹਣ ਜਾਂ ਉਸਦੇ ਨੇੜੇ ਜਾਣ ਤੋਂ ਵੀ ਗੁਰੇਜ਼ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਖਰਾਬ ਮੌਸਮ ਵਿਚ ਘਰ ਤੋਂ ਬਾਹਰ ਪਹਾੜਾ ਜਾਂ ਉਚੀਆਂ ਥਾਵਾਂ `ਤੇ ਹੋ ਤਾਂ ਜਿੰਨਾ ਜਲਦੀ ਹੋ ਸਕੇ ਨੀਵੀਆਂ ਥਾਵਾਂ `ਤੇ ਆ ਜਾਓ ਪਰ ਨੀਵੀ ਥਾਂ ਉਹ ਹੋਵੇ ਜਿਸ `ਤੇ ਪਾਣੀ ਇਕਠਾ ਜਾਂ ਹੜ ਵਾਲੀ ਸਥਿਤੀ ਨਾ ਆ ਜਾਵੇ।ਇਸ ਤੋਂ ਇਲਾਵਾ ਜੇਕਰ ਤੁਹਾੜੇ ਗਰਦਨ ਦੇ ਕੋਲ ਵਾਲ ਖੜੇ ਹੋਣ ਜਾਂ ਝਰਾਹਟ ਪੈਦਾ ਹੋਵੇ ਤਾਂ ਇਹ ਵੀ ਖਤਰਾ ਹੋ ਸਕਦਾ ਹੈ ਜਲਦ ਕਿਸੇ ਸੁਰੱਖਿਅਤ ਥਾਂ `ਤੇ ਜਾਇਆ ਜਾਵੇ।

 ਉਨ੍ਹਾਂ ਕਿਹਾ ਕਿ ਛਪੜਾਂ, ਤਲਾਬਾਂ, ਝੀਲਾਂ ਅਤੇ ਹੋਰ ਪਾਣੀ ਵਾਲੀ ਸਰੋਤਾਂ ਤੋਂ ਦੂਰ ਰਿਹਾ ਜਾਵੇ।ਇਸ ਤੋਂ ਇਲਾਵਾ ਟੈਲੀਫੋਨ, ਬਿਜਲੀ, ਰੇਲਵੇ ਟਰੈਕ, ਬਾੜ ਵਾਲੀਆਂ ਤਾਰਾਂ ਤੋਂ ਵੀ ਪਾਸੇ ਰਿਹਾ ਜਾਵੇ। ਉਨ੍ਹਾਂ ਕਿਹਾ ਕਿ ਗਰੁੱਪ ਵਿਚ ਨਾ ਖੜਾ ਹੋਇਆ ਜਾਵੇ ਇਸ ਨਾਲ ਖਤਰਾ ਜਿਆਦਾ ਹੁੰਦਾ ਹੈ।ਉਨ੍ਹਾਂ ਕਿਹਾ ਕਿ ਖਰਾਬ ਮੌਸਮ ਸਮੇਂ ਵੱਡੇ ਰੁੱਖਾਂ ਦੀ ਥਾਂ `ਤੇ ਛੋਟੇ ਰੁੱਖਾਂ ਦੇ ਹੇਠ ਖੜਿਆ ਜਾਵੇ। ਤੂਫਾਨ ਅਤੇ ਅਸਮਾਨੀ ਬਿਜਲੀ ਸਮੇਂ ਮੋਟਰਸਾਈਕਲ, ਬਿਜਲੀ, ਟੈਲੀਫੋਨ, ਮਸ਼ੀਨਾਂ, ਛੱਤਰੀ ਆਦਿ ਦੀ ਵਰਤੋਂ ਨਾ ਕੀਤੀ ਜਾਵੇ ਇਸ ਨਾਲ ਨੁਕਸਾਨ ਹੋ ਸਕਦਾ ਹੈ। ਜੇਕਰ ਤੁਸੀਂ ਬਾਹਰ ਹੋ ਅਤੇ ਕੋਈ ਸੁਰੱਖਿਅਤ ਥਾਂ ਨਹੀਂ ਮਿਲ ਰਹੀ ਤਾਂ ਆਪਣੇ ਆਪ ਨੂੰ ਬਾਲ ਦੀ ਤਰ੍ਹਾਂ ਇਕਠਾ ਕਰ ਲਓ ਤੇ ਆਪਣੇ ਕੰਨਾਂ ਨੂੰ ਹਥਾਂ ਨਾਲ ਪੂਰੀ ਤਰ੍ਹਾਂ ਢੱਕ ਲਵੋ।

ਡਿਪਟੀ ਕਮਿਸ਼ਨਰ ਨੇ ਕਿਹਾ ਘਰ ਵਿਚ ਹੋਣ ਸਮੇਂ ਖਤਰੇ ਤੋਂ ਬਚਣ ਲਈ ਘਰ ਦੀਆਂ ਬਾਰੀਆਂ, ਬੂਹੇ ਬੰਦ ਰਖੋ ਅਤੇ ਕੋਈ ਵੀ ਬਿਜਲੀ ਵਾਲੀ ਵਸਤੂ ਨਾ ਛੁਈ ਜਾਵੇ।ਸਾਰੀਆਂ ਬਿਜਲੀ ਵਾਲੀਆਂ ਵਸਤਾਂ ਜਿਵੇਂ ਕੰਪਿਉਟਰ, ਲੈਪਟਾਪ, ਡਰਾਈਰ, ਵਾਸ਼ਿੰਗ ਮਸ਼ੀਨ ਆਦਿ ਦੇ ਪਲਗ ਕੱਢ ਦਿੱਤੇ ਜਾਣ ਤਾਂ ਜ਼ੋ ਬਿਜਲੀ ਨੂੰ ਸਪਲਾਈ ਨਾ ਮਿਲ ਸਕੇ।ਇਸ ਤੋਂ ਇਲਾਵਾ ਬਚਿਆਂ, ਬਜੁਰਗਾਂ ਅਤੇ ਪਸ਼ੁਆਂ ਨੂੰ ਅੰਦਰ ਰੱਖਿਆ ਜਾਵੇ।ਫੁਆਰਾ ਨਾ ਛੱਡਿਆ ਜਾਵੇ, ਪਾਣੀ ਚਲਣ ਵਾਲੀ ਕੋਈ ਗਤੀਵਿਧੀ ਨਾ ਕੀਤੀ ਜਾਵੇ ਜਿਸ ਨਾਲ ਬਿਜਲੀ ਪਾਈਪਾਂ ਰਾਹੀਂ ਆ ਜਾਵੇ ਤੇ ਨੁਕਸਾਨ ਕਰ ਦੇਵੇ।ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ `ਤੇ ਬਿਜਲੀ ਡਿੱਗ ਜਾਂਦੀ ਹੈ ਤਾਂ ਉਸਨੂੰ ਤੁਰੰਤ ਹਸਪਤਾਲ ਵਿਖੇ ਲੈ ਕੇ ਜਾਇਆ ਜਾਵੇ, ਬਿਜਲੀ ਡਿੱਗਣ ਵਾਲੇ ਵਿਅਕਤੀ ਅੰਦਰ ਕੋਈ ਕਰੰਟ ਨਹੀਂ ਹੁੰਦਾ ਸੋ ਤੁਰੰਤ ਉਸਦੀ ਸਹਾਇਤਾ ਕੀਤੀ ਜਾਵੇ। ਇਸ ਤੋਂ ਇਲਾਵਾ ਜੇਕਰ ਪੀੜਤ ਨੂੰ ਸਾਹ ਲੈਣ ਵਿਚ ਦਿੱਕਤ ਆਉਂਦੀ ਹੈ ਤਾਂ ਉਸਨੂੰ ਮੂੰਹ ਨਾਲ ਜਾਂ ਉਸਦੀ ਛਾਤੀ ਨੂੰ ਦਬਾ ਕੇ ਸਾਹ ਦਿੱਤਾ ਜਾਵੇ।

 ਉਨ੍ਹਾਂ ਦੱਸਿਆ ਕਿ ਹੋਰ ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 1078 `ਤੇ ਕਾਲ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਵਿਅਕਤੀ ਆਪਣੇ ਮੋਬਾਈਲ ਦੇ ਪਲੇਅ ਸਟੋਰ ਵਿਖੇ ਜਾ ਕੇ ਅੰਗਰੇਜ਼ੀ ਵਿੱਚ ਦਾਮਿਨੀ ਲਿਖ ਕੇ ਮੋਬਾਈਲ ਐਪ ਡਾਉਨਲੋਡ ਕਰ ਸਕਦੇ ਹਨ ਜਿਸ ਵਿਚ ਵਿਅਕਤੀ ਆਪਣੀ ਲੋਕੇਸ਼ਨ ਆਨ ਕਰਕੇ ਆਪਣੇ ਨਜ਼ਦੀਕ ਹੋਣ ਵਾਲੀ ਅਜਿਹੀ ਗਤੀਵਿਧੀ ਦਾ ਪਤਾ ਲਗਾ ਸਕਦਾ ਹੈ। 

LEAVE A REPLY

Please enter your comment!
Please enter your name here