ਲੁਧਿਆਣਾ ਦੇ ਕਾਰ ਡੀਲਰ ਨੂੰ ਅਗਵਾ ਕਰਕੇ 9.5 ਲੱਖ ਦੀ ਫਿਰੌਤੀ ਮੰਗਣ ਵਾਲੇ ਚਾਰ ਮੁਲਜ਼ਮ ਕਾਬੂ

ਜਲੰਧਰ( ਦ ਸਟੈਲਰ ਨਿਊਜ਼): ਲੁਧਿਆਣਾ ਦੇ ਹੈਬੋਵਾਲ ਇਲਾਕੇ ਤੋਂ ਵੀਰਵਾਰ ਸ਼ਾਮ ਨੂੰ ਇੱਕ ਕਾਰ ਡੀਲਰ ਨੂੰ ਅਗਵਾ ਕਰਕੇ ਪੀੜਤ ਦੇ ਪਰਿਵਾਰ ਤੋਂ 9.5 ਲੱਖ ਦੀ ਫਿਰੌਤੀ ਮੰਗਣ ਦੇ ਦੋਸ਼ ਵਿੱਚ ਸਿਟੀ ਪੁਲਿਸ ਨੇ ਸ਼ੁੱਕਰਵਾਰ ਨੂੰ ਚਾਰ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਮੁਲਜ਼ਮਾਂ ਦੀ ਪਛਾਣ ਮਨਜੀਤ ਸਿੰਘ (42) ਵਾਸੀ ਕੈਲਾਸ਼ ਨਗਰ, ਚਮਕੌਰ ਸਿੰਘ (29) ਵਾਸੀ ਸੁਭਾਸ਼ ਨਗਰ, ਭਜਨ ਸਿੰਘ ਵਾਸੀ ਭੌਰਾ ਕਲੋਨੀ, ਲੁਧਿਆਣਾ ਅਤੇ ਰਾਹੁਲ (21) ਵਾਸੀ ਮਧੂਬਨ ਕਲੋਨੀ, ਜਲੰਧਰ ਵਜੋਂ ਹੋਈ ਹੈ। ਪੀੜਤ ਕਾਰ ਡੀਲਰ ਕੁਲਵਿੰਦਰ ਸਿੰਘ (30) ਵਾਸੀ ਹਕੀਕਤ ਨਗਰ, ਲੁਧਿਆਣਾ ਨੂੰ  ਸੀ.ਆਈ.ਏ. ਸਟਾਫ਼-2, ਜਲੰਧਰ ਦੀ ਪੁਲਿਸ ਪਾਰਟੀ ਵੱਲੋਂ ਸੁਰੱਖਿਅਤ ਬਚਾ ਲਿਆ ਗਿਆ ਹੈ।  ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਡੀ.ਸੀ.ਪੀ.) ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਨੂੰ ਕਾਰ ਸਵਾਰ ਅਣਪਛਾਤੇ ਵਿਅਕਤੀਆਂ ਨੇ ਵੀਰਵਾਰ ਸ਼ਾਮ ਨੂੰ ਉਸ ਦੀ ਵਰਕਸ਼ਾਪ ਤੋਂ ਬੰਦੂਕ ਦੀ ਨੋਕ ‘ਤੇ ਅਗਵਾ ਕਰ ਲਿਆ ਸੀ, ਜਿਸ ਤੋਂ ਬਾਅਦ ਮੁਲਜ਼ਮਾਂ ਵੱਲੋਂ ਪੀੜਤ ਦੀ ਪਤਨੀ ਅਮਨਪ੍ਰੀਤ ਕੌਰ ਤੋਂ 9.5 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅਮਨਪ੍ਰੀਤ ਕੌਰ ਦੀ ਸ਼ਿਕਾਇਤ ‘ਤੇ ਥਾਣਾ ਹੈਬੋਵਾਲ ਵਿਖੇ ਆਈ.ਪੀ.ਸੀ. ਦੀ ਧਾਰਾ 365, 34 ਤਹਿਤ ਕੇਸ ਦਰਜ ਕੀਤਾ ਗਿਆ ।

Advertisements

ਉਨ੍ਹਾਂ ਦੱਸਿਆ ਕਿ ਲੁਧਿਆਣਾ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਅਤੇ ਸ਼ਹਿਰ ਵਿੱਚ ਮੁਲਜ਼ਮਾਂ ਦੀ ਹਰਕਤ ਬਾਰੇ ਤੁਰੰਤ ਜਲੰਧਰ ਕਮਿਸ਼ਨਰੇਟ ਪੁਲਿਸ ਨੂੰ ਸੂਚਿਤ ਕੀਤਾ।  ਡੀ.ਸੀ.ਪੀ. ਨੇ ਦੱਸਿਆ ਕਿ ਲੁਧਿਆਣਾ ਕਮਿਸ਼ਨਰੇਟ ਪੁਲਿਸ ਵੱਲੋਂ ਸਾਂਝੀ ਕੀਤੀ ਜਾਣਕਾਰੀ ‘ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਸੀ.ਆਈ.ਏ. ਸਟਾਫ-2 ਦੀ ਇੱਕ ਟੀਮ ਨੂੰ ਤੁਰੰਤ ਮਧੂਬਨ ਕਲੋਨੀ ਭੇਜਿਆ ਗਿਆ, ਜਿੱਥੇ ਅਗਵਾਕਾਰ ਪੀੜਤ ਦੇ ਨਾਲ ਲੁਕੇ ਹੋਏ ਸਨ। ਡੀ.ਸੀ.ਪੀ. ਨੇ ਦੱਸਿਆ ਕਿ ਟੀਮ ਵੱਲੋਂ ਇਸ ਘਟਨਾ ਵਿੱਚ ਸ਼ਾਮਲ ਚਾਰ ਮੁਲਜ਼ਮਾਂ ਨੂੰ ਕਾਬੂ ਕਰਨ ਤੋਂ ਇਲਾਵਾ ਪੀੜਤ ਨੂੰ ਸੁਰੱਖਿਅਤ ਛੁਡਵਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਅਤੇ ਪੀੜਤ ਨੂੰ ਲੁਧਿਆਣਾ ਕਮਿਸ਼ਨਰੇਟ ਪੁਲਿਸ ਦੀ ਟੀਮ ਦੇ ਹਵਾਲੇ ਕਰ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here