ਡਿਪਟੀ ਕਮਿਸ਼ਨਰ ਵੱਲੋਂ ਰਾਸ਼ਟਰੀ ਸਮਾਜਿਕ ਸਹਾਇਤਾ ਪ੍ਰੋਗਰਾਮ ਤਹਿਤ ਬੁਢਾਪਾ, ਵਿਧਵਾ, ਦਿਵਿਆਂਗਤਾ ਪੈਨਸ਼ਨ ਸਕੀਮਾਂ ਦਾ ਲਾਭ ਲੈਣ ਦੀ ਅਪੀਲ

ਜਲੰਧਰ, (ਦ ਸਟੈਲਰ ਨਿਊਜ਼): ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਅੱਜ ਲੋਕਾਂ ਨੂੰ ਇੰਦਰਾ ਗਾਂਧੀ ਰਾਸ਼ਟਰੀ ਬੁਢਾਪਾ ਪੈਨਸ਼ਨ, ਇੰਦਰਾ ਗਾਂਧੀ ਰਾਸ਼ਟਰੀ ਵਿਧਵਾ ਪੈਨਸ਼ਨ, ਇੰਦਰਾ ਗਾਂਧੀ ਰਾਸ਼ਟਰੀ ਦਿਵਿਆਂਗਤਾ ਪੈਨਸ਼ਨ ਅਤੇ ਰਾਸ਼ਟਰੀ ਪਰਿਵਾਰਕ ਲਾਭ ਸਕੀਮ ਸਮੇਤ ਵੱਖ-ਵੱਖ ਸਮਾਜਿਕ ਸੁਰੱਖਿਆ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦਾ ਸੱਦਾ ਦਿੱਤਾ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇੰਦਰਾ ਗਾਂਧੀ ਰਾਸ਼ਟਰੀ ਬੁਢਾਪਾ ਪੈਨਸ਼ਨ ਸਕੀਮ ਤਹਿਤ 60-79 ਸਾਲ ਦੀ ਉਮਰ ਦੇ ਬੀ.ਪੀ.ਐਲ. ਵਰਗ ਨਾਲ ਸਬੰਧਤ ਵਿਅਕਤੀ 200 ਰੁਪਏ ਅਤੇ 80 ਸਾਲ ਤੋਂ ਵੱਧ ਉਮਰ ਦੇ ਵਿਅਕਤੀ 500 ਰੁਪਏ ਮਹੀਨਾ ਪੈਨਸ਼ਨ ਦੇ ਯੋਗ ਹਨ।ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਜਲੰਧਰ ਵਿੱਚ 4344 ਯੋਗ ਵਿਅਕਤੀ ਰਜਿਸਟਰ ਹਨ ਅਤੇ ਮਹੀਨਾਵਾਰ ਪੈਨਸ਼ਨ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇੰਦਰਾ ਗਾਂਧੀ ਰਾਸ਼ਟਰੀ ਵਿਧਵਾ ਪੈਨਸ਼ਨ ਸਕੀਮ ਤਹਿਤ ਬੀ.ਪੀ.ਐਲ. ਵਰਗ ਨਾਲ ਸਬੰਧਤ 40-79 ਸਾਲ ਉਮਰ ਦੀਆਂ ਵਿਧਵਾ ਔਰਤਾਂ ਨੂੰ 300 ਰੁਪਏ ਮਹੀਨਾ ਅਤੇ 80 ਸਾਲ ਤੋਂ ਵੱਧ ਉਮਰ ਦੀਆਂ ਵਿਧਵਾ ਔਰਤਾਂ ਨੂੰ 500 ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ 893 ਲਾਭਪਾਤਰੀ ਔਰਤਾਂ ਵੱਲੋਂ ਇਸ ਦਾ ਲਾਭ ਲਿਆ ਜਾ ਰਿਹਾ ਹੈ।

Advertisements

ਘਨਸ਼ਿਆਮ ਥੋਰੀ ਨੇ ਅੱਗੇ ਦੱਸਿਆ ਕਿ ਜਲੰਧਰ ਵਿੱਚ ਇੰਦਰਾ ਗਾਂਧੀ ਰਾਸ਼ਟਰੀ ਦਿਵਿਆਂਗਤਾ ਪੈਨਸ਼ਨ ਸਕੀਮ ਤਹਿਤ 223 ਯੋਗ ਵਿਅਕਤੀਆਂ ਵੱਲੋਂ ਮਹੀਨਾਵਾਰ ਪੈਨਸ਼ਨ ਪ੍ਰਾਪਤ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ 80 ਫੀਸਦੀ ਤੋਂ ਵੱਧ ਦਿਵਿਆਂਗਤਾ ਵਾਲੇ 18 ਤੋਂ 79 ਸਾਲ ਉਮਰ ਦੇ ਬੀ.ਪੀ.ਐਲ. ਵਰਗ ਨਾਲ ਸਬੰਧਤ ਵਿਅਕਤੀਆਂ ਨੂੰ 300 ਰੁਪਏ ਮਹੀਨਾ ਅਤੇ 80 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ 500 ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਂਦੀ ਹੈ । ਜਲੰਧਰ ਵਿੱਚ ਕੁੱਲ 223 ਯੋਗ ਵਿਅਕਤੀਆਂ ਵੱਲੋਂ ਇਸ ਸਕੀਮ ਦਾ ਲਾਭ ਪ੍ਰਾਪਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਰਾਸ਼ਟਰੀ ਪਰਿਵਾਰਕ ਲਾਭ ਸਕੀਮ ਤਹਿਤ ਬੀ.ਪੀ.ਐਲ. ਪਰਿਵਾਰ 18-60 ਸਾਲ ਉਮਰ ਦੇ ਘਰ ਦੇ ਕਮਾਊ ਮੁਖੀ ਦੀ ਮੌਤ ਹੋਣ ਜਾਣ ‘ਤੇ 20,000 ਦੀ ਵਿੱਤੀ ਸਹਾਇਤਾ ਪ੍ਰਾਪਤ ਕਰਨ ਦਾ ਹੱਕਦਾਰ ਹੈ।

ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਹ ਸਕੀਮਾਂ ਕੇਂਦਰ ਸਰਕਾਰ ਵੱਲੋਂ ਰਾਸ਼ਟਰੀ ਸਮਾਜਿਕ ਸਹਾਇਤਾ ਪ੍ਰੋਗਰਾਮ ਤਹਿਤ ਸਮਾਜਿਕ ਆਰਥਿਕ ਜਾਤੀ ਜਨਗਣਨਾ 2011 ਅਨੁਸਾਰ ਬੀ.ਪੀ.ਐਲ. ਵਰਗ ਨਾਲ ਸਬੰਧਤ ਲੋਕਾਂ ਨੂੰ ਮਹੀਨਾਵਾਰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਅਧਿਕਾਰੀਆਂ ਨੂੰ ਜ਼ਿਲ੍ਹੇ ਵਿੱਚ ਪੰਚਾਇਤਾਂ ਅਤੇ ਨਗਰ ਕੌਂਸਲਾਂ ਰਾਹੀਂ ਮੁਹਿੰਮਾਂ ਚਲਾ ਸਕੀਮਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੀਆਂ ਹਦਾਇਤਾਂ ਦਿੱਤੀਆਂ। ਸਾਰੀਆਂ ਪੈਨਸ਼ਨ ਸਕੀਮਾਂ ਲਈ ਜ਼ਰੂਰੀ ਦਸਤਾਵੇਜ਼ਾਂ ਵਿੱਚ ਆਧਾਰ ਕਾਰਡ, ਬੀ.ਪੀ.ਐਲ. ਕਾਰਡ, ਪਾਸਪੋਰਟ ਆਕਾਰ ਦੀ ਫੋਟੋ ਅਤੇ ਐਕਵਿਟ ਬੈਂਕ ਖਾਤਾ ਸ਼ਾਮਲ ਹੈ। ਵਿਧਵਾ ਪੈਨਸ਼ਨ ਅਤੇ ਰਾਸ਼ਟਰੀ ਪਰਿਵਾਰਕ ਲਾਭ (ਐਨ.ਐਫ.ਬੀ.ਐਸ.) ਸਕੀਮ ਲਈ ਪਤੀ/ਘਰ ਦੇ ਕਮਾਊ ਮੁਖੀ ਦੀ ਮੌਤ ਦਾ ਸਰਟੀਫਿਕੇਟ ਅਤੇ ਦਿਵਿਆਂਗਤਾ ਪੈਨਸ਼ਨ ਲਈ ਦਿਵਿਆਂਗਤਾ ਸਰਟੀਫਿਕੇਟ (ਯੂ.ਡੀ.ਆਈ.ਡੀ. ਕਾਰਡ) ਹੋਣਾ ਚਾਹੀਦਾ ਹੈ। ਘਨਸ਼ਿਆਮ ਥੋਰੀ ਨੇ ਕਿਹਾ ਕਿ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਸਹਾਇਤਾ/ਜਾਣਕਾਰੀ ਲਈ ਲੋਕ ਸਮਾਜਿਕ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ 0181-2459634 ‘ਤੇ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਸੁਵਿਧਾ ਕੇਂਦਰ ਦੇ ਪਿਛਲੇ ਪਾਸੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਸਮਾਜਿਕ ਸੁਰੱਖਿਆ ਅਫ਼ਸਰ ਦੇ ਦਫ਼ਤਰ ਵਿਖੇ ਵੀ ਪਹੁੰਚ ਕੀਤੀ ਜਾ ਸਕਦੀ ਹੈ।

LEAVE A REPLY

Please enter your comment!
Please enter your name here