ਵਿਦਿਆਰਥੀਆਂ ਅਤੇ ਖੋਜਾਰਥੀਆਂ ਲਈ ਚਾਨਣ ਮੁਨਾਰੇ ਦਾ ਕੰਮ ਕਰਦੀ ਹੈ ਲਾਇਬ੍ਰੇਰੀ: ਪ੍ਰੋ ਗੁਰਬਖਸ਼ੀਸ਼ ਸਿੰਘ


ਪਟਿਆਲਾ (ਦ ਸਟੈਲਰ ਨਿਊਜ਼): ਸਥਾਨਕ ਮੁਸਾਫ਼ਿਰ ਮੈਮੋਰੀਅਲ ਸੈਂਟਰਲ ਸਟੇਟ ਲਾਇਬ੍ਰੇਰੀ ਪਟਿਆਲਾ ਦੇ ਚੀਫ਼ ਲਾਇਬ੍ਰੇਰੀਅਨ ਡਾ. ਪ੍ਰਭਜੋਤ ਕੌਰ ਵੱਲੋਂ ਵਿਦਿਆਰਥੀਆਂ ਅਤੇ ਖੋਜਾਰਥੀਆਂ ਨਾਲ ਹਰ ਸ਼ੁੱਕਰਵਾਰ ਕਿਸੇ ਨਾ ਕਿਸੇ ਵਿਸ਼ਾ ਮਾਹਿਰ ਨਾਲ ਮੁਲਾਕਾਤ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਵਿਦਿਆਰਥੀ ਅਤੇ ਖੋਜਾਰਥੀ ਵਿਸ਼ਾ ਮਾਹਿਰਾਂ ਦੇ ਤਜਰਬੇ ਨਾਲ ਆਪਣੇ ਭਵਿੱਖ ਅਤੇ ਖੋਜ ਕਾਰਜਾਂ ਵਿੱਚ ਹੋਰ ਨਿਖਾਰ ਲਿਆ ਸਕਣ। ਇਸੇ ਲੜੀ ਤਹਿਤ ਅੱਜ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਪਟਿਆਲਾ ਦੇ ਪ੍ਰੋ ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਵੱਖ ਵੱਖ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਇੰਟਰਵਿਊ ਦੀ ਤਿਆਰੀ ਕਿਵੇਂ ਕਰੀਏ ਵਿਸ਼ੇ ਉਪਰ ਵਿਦਿਆਰਥੀਆਂ ਨਾਲ ਸੰਵਾਦ ਕੀਤਾ।

Advertisements


ਪ੍ਰੋ ਅੰਟਾਲ ਨੇ ਕਿਹਾ ਕਿ ਲਾਇਬ੍ਰੇਰੀ ਦੀ ਵਰਤੋਂ ਨਾਲ ਜ਼ਿੰਦਗੀ ਦੇ ਵਿੱਚ ਚਾਨਣ ਆਉਂਦਾ ਹੈ ਅਤੇ ਤੁਹਾਡੀ ਸੋਚ ਦਾ ਦਾਇਰਾ ਵਿਸ਼ਾਲ ਹੋ ਜਾਂਦਾ ਹੈ ਜੋ ਤੁਹਾਡੀ ਸ਼ਖ਼ਸੀਅਤ ਨੂੰ ਨਿਖਾਰਦਾ ਹੈ ਅਤੇ ਤੁਹਾਡੇ ਆਤਮਵਿਸ਼ਵਾਸ ਵਿੱਚ ਵਾਧਾ ਕਰਦਾ ਹੈ। ਉਨ੍ਹਾਂ ਵਿਦਿਆਰਥੀਆਂ ਦੇ ਰੂਬਰੂ ਹੁੰਦੇ ਕਿਹਾ ਕਿ ਇੰਟਰਵਿਊ ਦੀ ਤਿਆਰੀ ਤੋਂ ਪਹਿਲਾਂ ਜ਼ਰੂਰੀ ਹੈ ਕਿ ਤੁਸੀਂ ਆਪਣਾ ਜੀਵਣ ਬਿਉਰਾ (ਬਾਇਓ ਡਾਟਾ) ਚੰਗੀ ਤਰ੍ਹਾਂ ਤਿਆਰ ਕਰੋ ਜੋ ਤੁਹਾਡੇ ਅਕਾਦਮਿਕ ਖੇਤਰ ਅਤੇ ਤੁਹਾਡੀ ਵੱਖ ਵੱਖ ਖੇਤਰਾਂ ਵਿੱਚ ਮੁਹਾਰਤ ਦੀ ਸਹੀ ਤਸਵੀਰ ਪੇਸ਼ ਕਰ ਸਕੇ।


ਉਹਨਾਂ ਵਿਦਿਆਰਥੀਆਂ ਨੂੰ ਆਪਣੀ ਸਵੈ ਪੜਚੋਲ ਕਰਕੇ ਆਪਣੀਆਂ ਖ਼ੂਬੀਆਂ, ਕਮੀਆਂ ਅਤੇ ਜ਼ਿੰਦਗੀ ਵਿੱਚ ਆਉਣ ਵਾਲੇ ਚੈਲੰਜ ਦੀ ਸੂਚੀ ਤਿਆਰ ਕਰਨ ਨੂੰ ਕਿਹਾ।। ਉਹਨਾਂ ਵਿਦਿਆਰਥੀਆਂ ਨੂੰ ਸਮੇਂ ਦੇ ਪਾਬੰਦ, ਦ੍ਰਿੜ੍ਹਤਾ ਅਤੇ ਆਪਣੇ ਵਿਸ਼ੇ ਵਿੱਚ ਮੁਹਾਰਤ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਪ੍ਰੋ. ਅੰਟਾਲ ਨੇ ਵਿਦਿਆਰਥੀਆਂ ਨੂੰ ਆਪਣੇ ਗਿਆਨ ਵਿਚ ਵਾਧਾ ਕਰਨ ਲਈ ਅਖ਼ਬਾਰਾਂ ਪੜ੍ਹਨ ਲਈ ਪ੍ਰੇਰਿਤ ਕਰਦਿਆਂ ਕਿਹਾ ਹਰ ਰੋਜ਼ ਵਧੀਆ ਖ਼ਬਰਾਂ ਦੀ ਪੜਚੋਲ ਕਰਨ ਉਪਰੰਤ ਉਹਨਾਂ ਉਪਰ ਛੋਟੇ ਛੋਟੇ ਸਮੂਹ ਬਣਾਕੇ ਵਾਦ ਵਿਵਾਦ ਕੀਤਾ ਜਾਵੇ ਜੋ ਤੁਹਾਡੀ ਖੋਜ ਸ਼ਕਤੀ ਨੂੰ ਤਾਂ ਨਿਖਾਰਨਗੇ ਹੀ ਬਲਕਿ ਤੁਹਾਡੇ ਵਿਅਕਤੀਤਵ ਵਿਚ ਵੀ ਨਿਖਾਰ ਲਿਆਉਣਗੇ।


ਮੁੱਖ ਲਾਇਬ੍ਰੇਰੀਅਨ ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ ਹਰ ਸ਼ੁੱਕਰਵਾਰ ਕਿਸੇ ਨਾ ਕਿਸੇ ਵਿਸ਼ਾ ਮਾਹਿਰ ਨੂੰ ਵਿਦਿਆਰਥੀਆਂ ਦੇ ਰੂਬਰੂ ਕੀਤਾ ਜਾਵੇਗਾ ਅਤੇ ਇਸ ਮਿਲਣੀ ਨੂੰ ਦੁਵੱਲੇ ਵਿਚਾਰਾਂ ਦੇ ਅਦਾਨ ਪ੍ਰਦਾਨ ਰਾਹੀਂ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਨ ਦਾ ਯਤਨ ਕੀਤਾ ਜਾਵੇਗਾ। ਉਹਨਾਂ ਸਮੂਹ ਪਟਿਆਲਵੀਆਂ ਨੂੰ ਲਾਇਬ੍ਰੇਰੀ ਦਾ ਹਿੱਸਾ ਬਣਨ ਲਈ ਅਪੀਲ ਕੀਤੀ।

LEAVE A REPLY

Please enter your comment!
Please enter your name here