ਤੂਫਾਨ ਅਤੇ ਅਸਮਾਨੀ ਬਿਜਲੀ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਣ ਲਈ ਹਦਾਇਤਾਂ ਜਾਰੀ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦੱਸਿਆ ਕਿ ਨੈਸ਼ਨਲ ਡਿਜ਼ਾਜਸਟਰ ਮੈਨੇਜਮੈਂਟ ਅਥਾਰਟੀ ਵੱਲੋਂ ਭਵਿੱਖ ਵਿੱਚ ਸੰਭਾਵਿਤ ਤੂਫਾਨ ਅਤੇ ਅਸਮਾਨੀ ਬਿਜਲੀ ਨਾਲ ਲੋਕਾਂ, ਪਸ਼ੂਆਂ, ਫਸਲਾਂ ਅਤੇ ਹੋਰਾਂ ਨੂੰ ਹੋਣ ਵਾਲੇ ਨੁਕਸਾਨਾਂ ਤੋਂ ਬਚਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨਾਂ ਕਿਹਾ ਕਿ ਹਦਾਇਤਾਂ ਮੁਤਾਬਕ ਸਾਰਿਆਂ ਨੂੰ ਅਗਾਉਂ ਤੌਰ ’ਤੇ ਮੌਸਮ ਸਬੰਧੀ ਸੁਚੇਤ ਰਹਿਣਾ ਚਾਹੀਦਾ ਹੈ, ਤਾਂ ਜ਼ੋ ਪਹਿਲਾਂ ਤੋਂ ਹੀ ਹੋਣ ਵਾਲੇ ਨੁਕਸਾਨ ਤੋਂ ਬਚਾਅ ਕੀਤਾ ਜਾ ਸਕੇ।

Advertisements

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਤੁਸੀਂ ਘਰ ਤੋਂ ਬਾਹਰ ਜਾਣ ਦਾ ਪ੍ਰੋਗਰਾਮ ਬਣਾ ਰਹੇ ਹੋ, ਤਾਂ ਘੱਟੋ ਘੱਟ ਪਹਿਲਾਂ ਮੌਸਮ ਦੀ ਜਾਣਕਾਰੀ ਹਾਸਲ ਕੀਤੀ ਜਾਵੇ। ਜੇ ਮੌਸਮ ਸਹੀ ਨਹੀਂ ਤਾਂ ਬਾਹਰ ਜਾਣ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਖਰਾਬ ਮੌਸਮ ਵਿਚ ਖੇਤਾਂ ਵਿਚ ਕੰਮ ਕਰਨ, ਪਸ਼ੂਆਂ ਨੂੰ ਚਰਵਾਉਣ ਆਦਿ ਤੋਂ ਪਰਹੇਜ਼ ਕੀਤਾ ਜਾਵੇ। ਇਸ ਤੋਂ ਇਲਾਵਾ ਮੈਟਲ (ਧਾਤੂ) ਦੀ ਬਣੀ ਕਿਸੇ ਵੀ ਵਸਤੂ ਨੂੰ ਛੂਹਣ ਜਾਂ ਉਸਦੇ ਨੇੜੇ ਜਾਣ ਤੋਂ ਵੀ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਖਰਾਬ ਮੌਸਮ ਵਿਚ ਘਰ ਤੋਂ ਬਾਹਰ ਪਹਾੜਾਂ ਜਾਂ ਉਚੀਆਂ ਥਾਵਾਂ ’ਤੇ ਹੋ, ਤਾਂ ਜਿੰਨਾ ਜਲਦੀ ਹੋ ਸਕੇ ਨੀਵੀਆਂ ਥਾਵਾਂ ’ਤੇ ਆ ਜਾਓ। ਪਰ ਨੀਵੀ ਥਾਂ ਉਹ ਹੋਵੇ ਜਿਸ ’ਤੇ ਪਾਣੀ ਇਕੱਠਾ ਜਾਂ ਹੜ੍ਹ ਵਾਲੀ ਸਥਿਤੀ ਨਾ ਆ ਜਾਵੇ। ਇਸ ਤੋਂ ਇਲਾਵਾ ਜੇਕਰ ਤੁਹਾਡੇ ਗਰਦਨ ਦੇ ਕੋਲ ਵਾਲ ਖੜੇ ਹੋਣ ਜਾਂ ਝਰਨਾਹਟ ਪੈਦਾ ਹੋਵੇ ਤਾਂ ਇਹ ਵੀ ਖਤਰਾ ਹੋ ਸਕਦਾ ਹੈ, ਜਲਦ ਕਿਸੇ ਸੁਰੱਖਿਅਤ ਥਾਂ ’ਤੇ ਜਾਇਆ ਜਾਵੇ।

ਸੰਦੀਪ ਹੰਸ ਨੇ ਕਿਹਾ ਕਿ ਛੱਪੜਾਂ, ਤਲਾਬਾਂ, ਝੀਲਾਂ ਅਤੇ ਹੋਰ ਪਾਣੀ ਵਾਲੇ ਸਰੋਤਾਂ ਤੋਂ ਦੂਰ ਰਿਹਾ ਜਾਵੇ। ਇਸ ਤੋਂ ਇਲਾਵਾ ਟੈਲੀਫੋਨ, ਬਿਜਲੀ, ਰੇਲਵੇ ਟਰੈਕ, ਬਾੜ ਵਾਲੀਆਂ ਤਾਰਾਂ ਤੋਂ ਵੀ ਪਾਸੇ ਰਿਹਾ ਜਾਵੇ। ਉਨ੍ਹਾਂ ਕਿਹਾ ਕਿ ਗਰੁੱਪ ਵਿਚ ਨਾ ਖੜ੍ਹਾ ਹੋਇਆ ਜਾਵੇ, ਇਸ ਨਾਲ ਖਤਰਾ ਜਿਆਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਖਰਾਬ ਮੌਸਮ ਸਮੇਂ ਵੱਡੇ ਰੁੱਖਾਂ ਦੀ ਥਾਂ ’ਤੇ ਛੋਟੇ ਰੁੱਖਾਂ ਦੇ ਹੇਠ ਖੜ੍ਹਿਆ ਜਾਵੇ। ਤੂਫਾਨ ਅਤੇ ਅਸਮਾਨੀ ਬਿਜਲੀ ਸਮੇਂ ਮੋਟਰਸਾਈਕਲ, ਬਿਜਲੀ, ਟੈਲੀਫੋਨ, ਮਸ਼ੀਨਾਂ, ਛੱਤਰੀ ਆਦਿ ਦੀ ਵਰਤੋਂ ਨਾ ਕੀਤੀ ਜਾਵੇ, ਇਸ ਨਾਲ ਨੁਕਸਾਨ ਹੋ ਸਕਦਾ ਹੈ। ਜੇਕਰ ਤੁਸੀਂ ਬਾਹਰ ਹੋ ਅਤੇ ਕੋਈ ਸੁਰੱਖਿਅਤ ਥਾਂ ਨਹੀਂ ਮਿਲ ਰਹੀ ਤਾਂ ਆਪਣੇ ਆਪ ਨੂੰ ਬਾਲ ਦੀ ਤਰ੍ਹਾਂ ਇਕੱਠਾ ਕਰ ਲਓ ਤੇ ਆਪਣੇ ਕੰਨਾਂ ਨੂੰ ਹੱਥਾਂ ਨਾਲ ਪੂਰੀ ਤਰਾਂ ਢੱਕ ਲਵੋ।

ਸੰਦੀਪ ਹੰਸ ਨੇ ਕਿਹਾ ਘਰ ਵਿਚ ਹੋਣ ਸਮੇਂ ਖਤਰੇ ਤੋਂ ਬਚਣ ਲਈ ਘਰ ਦੀਆਂ ਬਾਰੀਆਂ, ਬੂਹੇ ਬੰਦ ਰਖੋ ਅਤੇ ਕੋਈ ਵੀ ਬਿਜਲੀ ਵਾਲੀ ਵਸਤੂ ਨਾ ਛੁਹੀ ਜਾਵੇ। ਸਾਰੀਆਂ ਬਿਜਲੀ ਵਾਲੀਆਂ ਵਸਤਾਂ ਜਿਵੇਂ ਕੰਪਿਉਟਰ, ਲੈਪਟਾਪ, ਡਰਾਈਰ, ਵਾਸ਼ਿੰਗ ਮਸ਼ੀਨ ਆਦਿ ਦੇ ਪਲੱਗ ਕੱਢ ਦਿੱਤੇ ਜਾਣ ਤਾਂ ਜ਼ੋ ਬਿਜਲੀ ਨੂੰ ਸਪਲਾਈ ਨਾ ਮਿਲ ਸਕੇ। ਇਸ ਤੋਂ ਇਲਾਵਾ ਬੱਚਿਆਂ, ਬਜੁਰਗਾਂ ਅਤੇ ਪਸ਼ੁਆਂ ਨੂੰ ਅੰਦਰ ਰੱਖਿਆ ਜਾਵੇ। ਫੁਹਾਰਾ ਨਾ ਛੱਡਿਆ ਜਾਵੇ, ਪਾਣੀ ਚੱਲਣ ਵਾਲੀ ਕੋਈ ਗਤੀਵਿਧੀ ਨਾ ਕੀਤੀ ਜਾਵੇ, ਜਿਸ ਨਾਲ ਬਿਜਲੀ ਪਾਈਪਾਂ ਰਾਹੀਂ ਆ ਜਾਵੇ ਤੇ ਨੁਕਸਾਨ ਕਰ ਦੇਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ’ਤੇ ਬਿਜਲੀ ਡਿੱਗ ਜਾਂਦੀ ਹੈ, ਤਾਂ ਉਸਨੂੰ ਤੁਰੰਤ ਹਸਪਤਾਲ ਵਿਖੇ ਲੈ ਕੇ ਜਾਇਆ ਜਾਵੇ, ਬਿਜਲੀ ਡਿੱਗਣ ਵਾਲੇ ਵਿਅਕਤੀ ਅੰਦਰ ਕੋਈ ਕਰੰਟ ਨਹੀਂ ਹੁੰਦਾ, ਸੋ ਤੁਰੰਤ ਉਸਦੀ ਸਹਾਇਤਾ ਕੀਤੀ ਜਾਵੇ। ਇਸ ਤੋਂ ਇਲਾਵਾ ਜੇਕਰ ਪੀੜਤ ਨੂੰ ਸਾਹ ਲੈਣ ਵਿਚ ਦਿੱਕਤ ਆਉਂਦੀ ਹੈ ਤਾਂ ਉਸਨੂੰ ਮੂੰਹ ਨਾਲ ਜਾਂ ਉਸਦੀ ਛਾਤੀ ਨੂੰ ਦਬਾ ਕੇ ਸਾਹ ਦਿੱਤਾ ਜਾਵੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੋਰ ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 1078 ’ਤੇ ਕਾਲ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਵਿਅਕਤੀ ਆਪਣੇ ਮੋਬਾਈਲ ਦੇ ਪਲੇਅ ਸਟੋਰ ਵਿਖੇ ਜਾ ਕੇ ਇੰਗਲਿਸ਼ ਵਿਚ ਦਾਮਿਨੀ ਲਿਖ ਕੇ ਮੋਬਾਈਲ ਐਪ ਡਾਊਨਲੋਡ ਕਰ ਸਕਦੇ ਹਨ ਜਿਸ ਵਿਚ ਵਿਅਕਤੀ ਆਪਣੀ ਲੋਕੇਸ਼ਨ ਆਨ ਕਰਕੇ ਆਪਣੇ ਨੇੜੇ ਤੇੜੇ ਹੋਣ ਵਾਲੀ ਅਜਿਹੀ ਗਤੀਵਿਧੀਆਂ ਦਾ ਪਤਾ ਲਗਾ ਸਕਦਾ ਹੈ।

LEAVE A REPLY

Please enter your comment!
Please enter your name here