ਅਮਰੀਕਾ ਵਿੱਚ ਜਥੇਦਾਰ ਸਾਹੀ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸਿਮਰਨਜੀਤ ਮਾਨ ਨਾਲ ਬਣੇ ਸੰਬੰਧ ਕੀਤੇ ਉਜਾਗਰ

ਕਪੂਰਥਲਾ/ਵਾਸ਼ਿੰਗਟਨ, (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ: ਜਥੇਦਾਰ ਜੁਗਰਾਜ ਪਾਲ ਸਿੰਘ ਸਾਹੀ ਤਲਵੰਡੀ ਚੌਧਰੀਆਂ ਦੇ ਜਿਗਰੀ ਯਾਰ ਸ.ਕੁਲਵੰਤ ਸਿੰਘ ਜੀ ਸ਼ਾਹ ਕੋਲੀਆਂਵਾਲ ਉਨ੍ਹਾਂ ਨੂੰ ਲੈ ਕਿ ਗੂਰਦੁਆਰਾ ਸਿੰਘ ਸਭਾ ਆਫ ਵਾਸ਼ਿੰਗਟਨ ਰੈਂਟਨ ਵਿਖੇ ਗਏ ਅਤੇ ਉਨ੍ਹਾਂ ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਨੂੰ ਐਤਵਾਰ ਜਥੇਦਾਰ ਸਾਹੀ ਨੂੰ ਸਮਾਗਮ ਨੂੰ ਸੰਬੋਧਨ ਕਰਨ ਦੀ ਪ੍ਰਵਾਨਗੀ ਮੰਗੀ। ਜਿਸ ਤੇ ਵਿਚਾਰ ਵਟਾਂਦਰਾ ਕਰਨ ਉਪਰੰਤ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੀਆਂ ਸ਼ਰਤਾਂ ਤਹਿਤ ਬੋਲਣ ਦੀ ਪ੍ਰਵਾਨਗੀ ਦਿੱਤੀ ਗਈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸ਼ਰਤਾਂ ਵਿੱਚ ਭਾਸ਼ਣ ਸ.ਸਿਮਰਨਜੀਤ ਸਿੰਘ ਮਾਨ ਜੀ ਦੇ ਪੂਰਨ ਤੌਰ ਤੇ ਹੱਕ ਵਿੱਚ ਹੋਵੇ ਅਤੇ ਬਾਦਲਾਂ ਦੇ ਵਿਰੁੱਧ ਹੋਵੇ ਤਾਂ ਐਤਵਾਰ ਦੇ ਦੀਵਾਨ, ਕੀਰਤਨ ਤੇ ਕਥਾ ਤੋਂ ਪਹਿਲਾਂ ਸਵੇਰੇ 9.30 ਵਜੇ ਇੱਕ ਘੰਟੇ ਦਾ ਵਕ਼ਤ ਦਿੱਤਾ ਗਿਆ, ਜਿਸ ਨੂੰ ਸ਼ਾਹ ਕੋਲੀਆਂਵਾਲ ਅਤੇ ਜਥੇਦਾਰ ਸਾਹੀ ਨੇ ਖਿੜੇ ਮੱਥੇ ਪ੍ਰਵਾਨ ਕਰ ਲਿਆ।

Advertisements

ਐਤਵਾਰ ਸਵੇਰੇ ਸ਼ਾਹ ਕੋਲੀਆਂਵਾਲ ਜੀ ਦਾ ਸਾਰਾ ਪ੍ਰੀਵਾਰ ਅਤੇ ਜਥੇਦਾਰ ਸਾਹੀ ਆਪਣੇ ਪ੍ਰੀਵਾਰ ਸਮੇਤ 8.30ਸਵੇਰੇ ਗੂਰਦੁਆਰਾ ਸਾਹਿਬ ਪਹੁੰਚ ਗਏ। ਸਟੇਜ ਸਕੱਤਰ ਨੇ ਜਦੋਂ ਮਾਇਕ ਉੱਤੇ 9.30ਵਜੇ ਬੋਲਿਆ ਕਿ ਪੰਜਾਬ ਤੋਂ ਪੁੱਜੇ ਜਥੇਦਾਰ ਜੁਗਰਾਜ ਪਾਲ ਸਿੰਘ ਸਾਹੀ ਤਲਵੰਡੀ ਚੌਧਰੀਆਂ ਬ੍ਰਹਮਗਿਆਨੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਜੀ ਅਤੇ ਸੰਗਰੂਰ ਤੋਂ ਜਿੱਤੇ ਸ.ਸਿਮਰਨਜੀਤ ਸਿੰਘ ਮਾਨ ਜੀ ਹੱਕ ਵਿੱਚ ਅਤੇ ਬਾਦਲਾਂ ਦੇ ਕਾਲੇ ਕਾਰਨਾਮਿਆਂ ਬਾਰੇ ਸੰਗਤਾਂ ਦੇ ਰੁਬਰੂ ਇੱਕ ਘੰਟੇ ਲਈ ਆਪਣੇ ਵਿਚਾਰ ਪੇਸ਼ ਕਰਨਗੇ। ਜਿਵੇਂ ਹੀ ਜਥੇਦਾਰ ਸਾਹੀ ਉੱਠ ਕਿ ਮਾਇੱਕ ਸਾਹਮਣੇ ਹੋਏ ਤਾਂ ਸਾਰਾ ਹਾਲ ਜੈਕਾਰਿਆਂ ਨਾਲ ਗੂੰਜ ਉੱਠਿਆ।

ਜਥੇਦਾਰ ਸਾਹੀ ਨੇ ਆਪਣੇ ਭਾਸ਼ਣ ਨੂੰ ਆਰੰਭ ਕਰਦਿਆਂ ਸ਼ਹੀਦ ਬ੍ਰਹਮਗਿਆਨੀ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਮਰ ਰਹੇ ਅਤੇ ਸ.ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ ਦੇ ਜੈਕਾਰਿਆਂ ਨਾਲ ਆਪਣੇ ਭਾਸ਼ਣ ਨੂੰ ਆਰੰਭ ਕਰਦਿਆਂ ਕਿਹਾ ਕਿ ਜਦੋਂ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਦਮਦਮੀ ਟਕਸਾਲ ਦੇ ਚੌਦਵੇਂ ਮੁੱਖੀ ਬਣੇ ਸਨ ਤਾਂ ਸ.ਸਿਮਰਨਜੀਤ ਸਿੰਘ ਮਾਨ ਜ਼ਿਲ੍ਹਾ ਫ਼ਰੀਦਕੋਟ ਦੇ ਐਸ.ਐਸ.ਪੀ.ਸਨ। ਸਾਲ 1978 ਵਿੱਚ ਪੰਜਾਬ ਵਿੱਚ ਪ੍ਰਕਾਸ਼ ਸਿੰਘ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਚੱਲ ਰਹੀ ਸੀ। 1978 ਦੇ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਮੌਕੇ ਨਕਲੀ ਨਿਰੰਕਾਰੀਆਂ ਨੇ ਅੰਮ੍ਰਿਤਸਰ ਵਿੱਚ ਸਮਾਗਮ ਕਰਨ ਲਈ ਬਾਦਲ ਤੋਂ ਇਜਾਜ਼ਤ ਮੰਗੀ।

ਇਸ ਦੇ ਵਿਰੋਧ ਵਿੱਚ ਬ੍ਰਹਮਗਿਆਨੀ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੇ ਅਤੇ ਹੋਰ ਅਨੇਕਾਂ ਸਿੱਖ ਜਥੇਬੰਦੀਆਂ ਨੇ ਬਾਦਲ ਨੂੰ ਪ੍ਰਵਾਨਗੀ ਨਾਂ ਦੇਣ ਲਈ ਬਹੁਤ ਆਖਿਆ, ਪਰ ਪ੍ਰਕਾਸ਼ ਚੰਦ ਬਾਦਲ ਨਹੀਂ ਮੰਨਿਆ ਅਤੇ ਨਕਲੀ ਨਿਰੰਕਾਰੀਆਂ ਨੂੰ ਸਮਾਗਮ ਕਰਨ ਦੀ ਇਜਾਜ਼ਤ ਦੇ ਦਿੱਤੀ। ਜਦੋਂ ਨਕਲੀ ਨਿਰੰਕਾਰੀਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕੀਤਾ ਜਾ ਰਿਹਾ ਸੀ ਤਾਂ ਭਾਈ ਫੌਜਾ ਸਿੰਘ ਜੀ ਦੀ ਅਗਵਾਈ ਵਿੱਚ ਸਿੱਖ ਸੰਗਤਾਂ ਸਮਾਗਮ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੀਤੇ ਜਾ ਰਹੇ ਅਪਮਾਨ ਨੂੰ ਰੋਕਣ ਨਿਹੱਥੇ ਨਕਲੀ ਨਿਰੰਕਾਰੀਆਂ ਨੂੰ ਰੋਕਣ ਲਈ ਪੁੱਜੇ ਤਾਂ ਨਕਲੀ ਨਿਰੰਕਾਰੀਆਂ ਨੇ ਸ਼ਰੇਆਮ ਨਿਹੱਥੇ 13 ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਅਤੇ ਬਹੁਤ ਸਾਰੇ ਜ਼ਖਮੀ ਕਰ ਦਿੱਤੇ। ਉਸ ਸਮੇਂ ਨਕਲੀ ਨਿਰੰਕਾਰੀਆਂ ਖਾਸ ਕਰਕੇ ਗੁਰਬਚਨੇ ਬੁੱਚੜ ਨੂੰ ਬਚਾਉਣ ਲਈ ਪ੍ਰਕਾਸ਼ ਚੰਦ ਬਾਦਲ ਦੇ ਹੁਕਮਾਂ ਤੇ ਜਥੇਦਾਰ ਜੀਵਨ ਸਿੰਘ ਕੈਬਨਿਟ ਮੰਤਰੀ ਗੁਰਬਚਨੇ ਬੁੱਚੜ ਨੂੰ ਆਪਣੀ ਕਾਰ ਵਿੱਚ ਦਿੱਲੀ ਪਹੁੰਚਾ ਕੇ ਆਇਆ। ਉਸ ਸਮੇਂ ਬ੍ਰਹਮਗਿਆਨੀ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਬਹੁਤ ਦੁੱਖੀ ਸਨ। ਸੰਤ ਜੀ ਆਪਣੇ ਪਿੰਡ ਗਏ ਅਤੇ ਬਹੁਤ ਦੁੱਖੀ ਹਿਰਦੇ ਵਿੱਚ ਸਨ।

ਸੰਤਾਂ ਦਾ ਪਿੰਡ ਫ਼ਰੀਦਕੋਟ ਜ਼ਿਲ੍ਹੇ ਵਿੱਚ ਪੈਂਦਾ ਸੀ। ਐਸ.ਐਸ.ਪੀ.ਸ.ਸਿਮਰਨਜੀਤ ਸਿੰਘ ਮਾਨ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੂੰ ਮਿਲਣ ਉਨ੍ਹਾਂ ਦੇ ਪਿੰਡ ਗਏ। ਬਹੁਤ ਲੰਮਾ ਸਮਾਂ ਵਿਚਾਰ ਵਟਾਂਦਰੇ ਤੋਂ ਬਾਅਦ ਸ.ਸਿਮਰਨਜੀਤ ਸਿੰਘ ਮਾਨ ਬ੍ਰਹਮਗਿਆਨੀ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੋਂ ਬਹੁਤ ਪ੍ਰਭਾਵਿਤ ਹੋਏ। ਫਿਰ ਮਿਲਣ ਦਾ ਵਾਅਦਾ ਕਰਕੇ ਸੰਤਾਂ ਤੋਂ ਆਗਿਆ ਲੈ ਕਿ ਵਾਪਿਸ ਫਰੀਦਕੋਟ ਪਹੁੰਚੇ। ਬਹੁਤ ਸਮੇਂ ਬਾਅਦ ਇੱਕ ਦਿਨ ਅਚਾਨਕ ਬ੍ਰਹਮਗਿਆਨੀ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਐਸ.ਐਸ.ਪੀ.ਸ.ਮਾਨ ਨੂੰ ਮਿਲਣ ਫ਼ਰੀਦਕੋਟ ਉਨ੍ਹਾਂ ਦੇ ਨਿਵਾਸ ਤੇ ਪਹੁੰਚੇ। ਸ.ਸਿਮਰਨਜੀਤ ਸਿੰਘ ਮਾਨ ਨੇ ਬੜੇ ਅਦਬ -ਸਤਿਕਾਰ ਨਾਲ ਸੰਤਾਂ ਨੂੰ ਜੀ ਆਇਆਂ ਆਖਿਆ ਅਤੇ ਪੀਣ ਲਈ ਪਾਣੀ ਦਾ ਗਿਲਾਸ ਦਿੱਤਾ, ਜਿਸ ਨੂੰ ਸੰਤਾਂ ਨੇ ਪ੍ਰਵਾਨ ਨਹੀਂ ਕੀਤਾ। ਸ.ਮਾਨ ਸਮਝ ਗਏ ਅਤੇ ਉਨ੍ਹਾਂ ਇੱਕ ਗੁਰਸਿੱਖ ਸਿਪਾਹੀ ਨੂੰ ਕਿਹਾ ਕਿ ਚੰਗੀ ਤਰ੍ਹਾਂ ਹੱਥ ਧੋ ਕਿ ਲੋਹੇ ਦੇ ਬਰਤਨ ਵਿੱਚ ਪਾਣੀ ਲਿਆਉਣ ਲਈ ਕਿਹਾ। ਜਦੋਂ ਉਹ ਸੇਵਾਦਾਰ ਲੋਹੇ ਦੇ ਬਰਤਨ ਵਿੱਚ ਪਾਣੀ ਲੈ ਕਿ ਆਇਆ ਤਾਂ ਸੰਤਾਂ ਨੇ ਪ੍ਰਵਾਨ ਕਰ ਲਿਆ। ਦੋਵਾਂ ਵਿਚਾਲੇ ਕਈ ਘੰਟਿਆਂ ਤੱਕ ਮੀਟਿੰਗ ਹੋਈ। ਸ.ਮਾਨ ਆਪ ਤਾਂ ਅੰਮ੍ਰਿਤ ਧਾਰੀ ਸਨ, ਉਨ੍ਹਾਂ ਸੰਤਾਂ ਨੂੰ ਆਪਣੀ ਅੰਮ੍ਰਿਤ ਧਾਰੀ ਪਤਨੀ ਬੀਬੀ ਜੀ ਨੂੰ ਮਿਲਾਇਆ ਤਾਂ ਸੰਤਾਂ ਨੂੰ ਪ੍ਰਸ਼ਾਦਾ ਛੱਕ ਕੇ ਜਾਣ ਦੀ ਬੇਨਤੀ ਕੀਤੀ। ਸੰਤਾਂ ਨੇ ਸ.ਮਾਨ ਦੀ ਬੇਨਤੀ ਪ੍ਰਵਾਨ ਕੀਤੀ ਅਤੇ ਖੁਸ਼ੀ ਨਾਲ ਸ.ਮਾਨ ਦੇ ਨਾਲ ਪ੍ਰਸ਼ਾਦਾ ਛੱਕਿਆ। ਸੰਤਾਂ ਨੇ ਜਦੋਂ ਜਾਣ  ਲਈ ਆਖਿਆ ਤਾਂ ਸ.ਮਾਨ ਉਨ੍ਹਾਂ ਨਾਲ ਸੰਤਾਂ ਦੀ ਕਾਰ ਤੱਕ ਆਏ। ਸੰਤ ਜਦੋਂ ਗੱਡੀ ਵਿੱਚ ਬੈਠਣ ਲੱਗੇ ਤਾਂ ਸ.ਸਿਮਰਨਜੀਤ ਸਿੰਘ ਮਾਨ ਨੇ ਸੰਤਾਂ ਦੇ ਚਰਨਾਂ ਨੂੰ ਹੱਥ ਲਾ ਕੇ ਫਤਹਿ ਬੁਲਾਈ।

ਕੁਝ ਸਮੇਂ ਬਾਅਦ ਉਸ ਸਮੇਂ ਦੇ ਡੀ.ਜੀ.ਪੀ.ਫਰੀਦਕੋਟ ਆਏ ਅਤੇ ਉਨ੍ਹਾਂ ਸ.ਸਿਮਰਨਜੀਤ ਸਿੰਘ ਮਾਨ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਆਉਣ ਦਾ ਕਾਰਨ ਪੁੱਛਿਆ ਅਤੇ ਹੋਈ ਗੱਲਬਾਤ ਬਾਰੇ ਜਾਣਕਾਰੀ ਮੰਗੀ। ਸ.ਮਾਨ ਨੇ ਡੀ.ਜੀ.ਪੀ.ਨੂੰ ਦੱਸਿਆ ਕਿ ਉਹ ਸਾਡੇ ਸੰਤ ਮਹਾਂਪੁਰਸ਼ ਹਨ, ਸਿਰਫ਼ ਪਿਆਰ ਨਾਲ ਆਏ ਸਨ। ਇਸ ਗੱਲ ਤੋਂ ਖ਼ਫ਼ਾ ਡੀ.ਜੀ.ਪੀ.ਨੇ ਪ੍ਰਕਾਸ਼ ਚੰਦ ਬਾਦਲ ਨੂੰ ਕਿਹਾ ਤਾਂ ਬਾਦਲ ਨੇ ਉਨ੍ਹਾਂ ਦਾ ਤਬਾਦਲਾ ਸੈਂਟਰ ਸਰਕਾਰ ਵੱਲ ਕਰ ਦਿੱਤਾ। ਭਾਰਤ ਦੀ ਸਮੇਂ ਦੀ ਹਾਕਮ ਸਰਕਾਰ ਨੇ ਸ.ਮਾਨ ਨੂੰ ਏ.ਆਈ.ਜੀ.ਬਣਾ ਕਿ ਪੰਜ ਰਾਜਾਂ ਦਾ ਇੰਚਾਰਜ ਨਿਯੁਕਤ ਕਰਕੇ ਬੰਬੇ ਹੈੱਡ ਕੁਆਰਟਰ ਭੇਜ ਦਿੱਤਾ। ਸ.ਸਿਮਰਨਜੀਤ ਸਿੰਘ ਮਾਨ ਜੀ ਬ੍ਰਹਮ ਗਿਆਨੀ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਅਥਾਹ ਪਿਆਰ ਕਰਦੇ ਸੀ। ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਸ.ਸਿਮਰਨਜੀਤ ਸਿੰਘ ਮਾਨ ਨੂੰ ਮਿਲਣ ਬੰਬੇ ਗਏ ਅਤੇ ਕੁਝ ਦਿਨ ਸ.ਮਾਨ ਦੇ ਗ੍ਰਹਿ ਠਹਿਰੇ ਸਨ। ਪੰਜਾਬ ਦੀ ਬਾਦਲ ਸਰਕਾਰ ਨੇ ਸੰਤਾਂ ਨੂੰ ਗਿਰਫ਼ਤਾਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਪਰ ਸ.ਸਿਮਰਨਜੀਤ ਸਿੰਘ ਮਾਨ ਜੀ ਨੇ ਸੁਰੱਖਿਅਤ ਚੌਕ ਮਹਿਤਾ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੂੰ ਪਹੁੰਚਾ ਦਿੱਤਾ। ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਚੰਦ ਬਾਦਲ ਦੀ ਅਗਵਾਈ ਵਾਲੀ ਪੰਜਾਬ ਪੁਲਿਸ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਗਿਰਫ਼ਤਾਰ ਕਰਨ ਵਿੱਚ ਅਸਫਲ ਰਹੀ।

ਇਸ ਦਰਮਿਆਨ ਪੰਜਾਬ ਦਾ ਗਵਰਨਰ ਬੰਬੇ ਸ.ਮਾਨ ਕੋਲ ਗਿਆ ਅਤੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਇਥੇ ਆਉਣ ਦਾ ਅਤੇ ਤੁਹਾਡੇ ਕੋਲ ਠਹਿਰਣ ਦਾ ਮਕਸਦ ਸ.ਮਾਨ ਨੂੰ ਪੁੱਛਿਆ ਤਾਂ ਸ.ਸਿਮਰਨਜੀਤ ਸਿੰਘ ਮਾਨ ਨੇ ਗਵਰਨਰ ਨੂੰ ਦੱਸਿਆ ਕਿ ਉਹ ਸਾਡੀ ਸਿੱਖ ਕੌਮ ਦੇ ਜਰਨੈਲ ਬ੍ਰਹਮਗਿਆਨੀ ਸੰਤ ਹਨ, ਮੈਂ ਵੀ ਸਿੱਖ ਹਾਂ ਅਤੇ ਅੰਮ੍ਰਿਤ ਧਾਰੀ ਹਾਂ। ਸ.ਮਾਨ ਨੇ ਗਵਰਨਰ ਸਾਹਿਬ ਨੂੰ ਆਖਿਆ ਕਿ ਆਪਣੀ ਸਿੱਖ ਕੌਮ ਦੇ ਸਿਰਮੌਰ ਬ੍ਰਹਮਗਿਆਨੀ ਸੰਤ ਮਹਾਂਪੁਰਸ਼ਾਂ ਨੂੰ ਮਿਲਣਾ ਆਜ਼ਾਦ ਹਿੰਦੁਸਤਾਨ ਵਿੱਚ ਮਿਲਣਾ ਕੋਈ ਗੁਨਾਹ ਹੈ ਤਾਂ ਦੱਸੋ। ਗਵਰਨਰ ਸਾਹਿਬ ਚੁੱਪ ਚਾਪ ਪੰਜਾਬ ਵਾਪਿਸ ਆ ਗਏ। ਸ.ਸਿਮਰਨਜੀਤ ਸਿੰਘ ਮਾਨ ਜੀ ਦੇ ਕਹਿਣ ਤੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਪੰਜਾਬ ਪੁਲਿਸ ਨੂੰ ਆਪ ਇਸ ਦਿਨ ਮਹਿਤਾ ਚੌਂਕ ਤੋਂ ਗਿਰਫ਼ਤਾਰੀ ਦੇਣ ਦਾ ਐਲਾਨ ਕਰ ਦਿੱਤਾ। ਇਹ ਇੱਕ ਇਤਿਹਾਸਕ ਗੱਲ ਹੋ ਨਿੱਬੜੀ। ਸੰਤਾਂ ਨੇ ਮਿਥੇ ਸਮੇਂ ਤੇ ਗਿਰਫ਼ਤਾਰੀ ਦੇ ਦਿੱਤੀ ਅਤੇ ਮਗਰੋਂ ਹੋਣ ਵਾਲੇ ਖੂਨ ਖ਼ਰਾਬੇ ਲਈ ਸੰਤਾਂ ਨੇ ਪੁਲਿਸ ਦੀ ਗੱਡੀ ਵਿੱਚੋਂ ਸਪੀਕਰ ਤੇ ਵਾਰ-ਵਾਰ ਅਨੂਸਮੈਟਾਂ ਕੀਤੀਆਂ। ਸੰਤਾਂ ਨੇ ਜਲਦੀ ਰਿਹਾਅ ਹੋ ਕੇ ਸ੍ਰੀ ਅੰਮ੍ਰਿਤਸਰ ਸ੍ਰੀ ਆਕਾਲ ਤਖਤ ਤੋਂ ਸਿੱਖਾਂ ਦੇ ਹੱਕ ਲੈਣ ਲਈ ਮੋਰਚਾ ਲਾ ਦਿੱਤਾ। ਬ੍ਰਹਮਗਿਆਨੀ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਮੋਰਚੇ ਨੂੰ ਸ਼ਾਂਤਮਈ ਸੰਗਤਾਂ ਨੇ ਆਕਾਸ਼ ਤੱਕ ਪਹੁੰਚਾ ਦਿੱਤਾ। ਮੋਰਚਾ ਚੱਲਦੇ ਚੱਲਦੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਮਹਾਨ ਸਿੱਖ ਆਗੂ ਬਣ ਗਏ।

ਪਰਕਾਸ਼ ਚੰਦ ਬਾਦਲ, ਟੌਹੜੇ ਅਤੇ ਸੰਤ ਲੋਂਗੋਵਾਲ ਪ੍ਰਧਾਨ ਸਾਹਿਬ ਨੂੰ ਲੋਕ ਲੀਡਰ ਮੰਨਣੋਂ ਹੱਟ ਗਏ। ਇਹਨਾਂ ਤਿੰਨਾਂ ਲੀਡਰਾਂ ਨੇ ਸੰਤਾਂ ਨਾਲ਼ ਗ਼ਦਾਰੀ ਕਰਕੇ ਬਾਈ ਧਾਰ ਦੇ ਪਹਾੜੀ ਰਾਜਿਆਂ ਵਾਂਗ ਦਿੱਲੀ ਦਰਬਾਰ ਨੂੰ ਬ੍ਰਹਮਗਿਆਨੀ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਖਤਮ ਕਰਨ ਲਈ ਸਰਕਾਰ ਨੂੰ ਕਹਿ ਦਿੱਤਾ। ਭਾਰਤ ਦੀਆਂ ਫੌਜਾਂ ਨੇ ਬਾਦਲ, ਟੌਹੜੇ ਅਤੇ ਲੌਂਗੋਵਾਲ ਦੇ ਇਸ਼ਾਰੇ ਤੇ ਸ੍ਰੀ ਆਕਾਲ ਤਖਤ ਸਾਹਿਬ ਤੇ ਅਤੇ ਸ੍ਰੀ ਦਰਬਾਰ ਸਾਹਿਬ ਜੀ ਟੈਂਕਾਂ ਤੋਪਾਂ ਨਾਲ ਹਮਲਾਂ ਕਰ ਦਿੱਤਾ। ਚਾਰ ਦਿਨਾਂ ਦੇ ਬੜੇ ਜ਼ਬਰਦਸਤ ਮੁਕਾਬਲੇ ਦੌਰਾਨ 6 ਜੂਨ ਨੂੰ ਬ੍ਰਹਮਗਿਆਨੀ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਭਾਈ ਅਮਰੀਕ ਸਿੰਘ ਸਮੇਤ ਸੰਗਤਾਂ ਦੇ ਸ਼ਹਾਦਤ ਪਾ ਗਏ।ਜੋ ਪੰਜਾਬ ਦਾ ਬਾਅਦ ਵਿੱਚ ਹਾਲ ਹੋਇਆ ਉਹ ਤੁਹਾਨੂੰ ਭਲੀਭਾਂਤ ਪਤਾ ਹੈ। 17-18 ਜੂਨ ਨੂੰ ਸ.ਸਿਮਰਨਜੀਤ ਸਿੰਘ ਮਾਨ ਨੇ ਸਮੇਂ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਗਿਆ। ਸਮੇਂ ਦੀ ਹਾਕਮ ਸਰਕਾਰ ਨੇ ਸ.ਮਾਨ ਤੇ ਦੇਸ਼ ਧ੍ਰੋਹੀ ਅਤੇ ਹੋਰ ਅਨੇਕਾਂ ਕੇਸ ਦਰਜ਼ ਕਰਕੇ ਗਿਰਫ਼ਤਾਰੀ ਦੇ ਹੁਕਮ ਜਾਰੀ ਕਰ ਦਿੱਤੇ। ਲੰਬੇ ਸਮੇਂ ਬਾਅਦ ਨੇਪਾਲ ਬਾਰਡਰ ਪਾਰ ਕਰਨ ਲੱਗੇ ਸ.ਸਿਮਰਨਜੀਤ ਸਿੰਘ ਮਾਨ ਗਿਰਫ਼ਤਾਰ ਕਰਕੇ ਬਹੁਤ ਤਸ਼ੱਸਦ ਕਰਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਏ।

ਸ.ਮਾਨ ਨੇ ਪੰਜ ਸਾਲ ਲਗਾਤਾਰ ਫਾਂਸੀ ਵਾਲੀ ਚੱਕੀ ਵਿੱਚ ਅਤੇ ਜੇਲ੍ਹ ਦੇ ਪਾਗ਼ਲਾਂ ਨਾਲ ਬੰਦ ਰੱਖਿਆ। ਜੇਲ੍ਹ ਵਿੱਚ ਬੰਦ ਸ.ਸਿਮਰਨਜੀਤ ਸਿੰਘ ਮਾਨ ਜੀ ਨੂੰ ਤਰਨਤਾਰਨ ਦੇ ਲੋਕਾਂ ਨੇ ਵੱਡੀ ਲੀਡ ਨਾਲ ਜਤਾ ਕਿ ਐਮ.ਪੀ.ਬਣਾ ਦਿੱਤਾ। ਸਮੇਂ ਦੇ ਪ੍ਰਧਾਨ ਮੰਤਰੀ ਸ੍ਰੀ ਵੀ.ਪੀ.ਸਿੰਘ ਜੀ ਨੇ ਸ.ਸਿਮਰਨਜੀਤ ਸਿੰਘ ਮਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦੀ ਪੇਸ਼ਕਸ਼ ਕੀਤੀ ਪਰ ਸ.ਮਾਨ ਨੇ ਦਿੱਲੀ ਸਰਕਾਰ ਦੀ ਅਧੀਨਗੀ ਪ੍ਰਵਾਨ ਨਹੀਂ ਸੀ,ਸੋ ਸ.ਸਿਮਰਨਜੀਤ ਸਿੰਘ ਮਾਨ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਨੂੰ ਲੱਤ ਮਾਰ ਦਿੱਤੀ। 1997 ਵਿੱਚ ਬਾਦਲ ਦਲ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਲਿਖਿਆ ਕਿ ਸਰਕਾਰ ਬਣਦਿਆਂ ਹੀ ਅਸੀਂ ਪੰਜਾਬ ਦੇ ਨੌਜਵਾਨਾਂ ਦੇ ਕਾਤਲ ਪੁਲਿਸ ਅਫ਼ਸਰਾਂ ਨੂੰ ਸਜ਼ਾ ਦਿਆਂਗੇ,ਪਰ ਸਰਕਾਰ ਬਣਦੇ ਹੀ ਪੰਜਾਬ ਦੇ ਨੌਜਵਾਨਾਂ ਨੂੰ ਸ਼ਹੀਦ ਕਰਨ ਵਾਲੇ ਪੁਲਿਸ ਅਫਸਰਾਂ ਨੂੰ ਉੱਚ ਅਹੁਦਿਆਂ ਨਾਲ ਨਿਵਾਜਿਆ ਗਿਆ। ਨੌਜਵਾਨਾਂ ਦੇ ਵੱਡੇ ਕਾਤਲ ਸੁਮੇਧ ਸੈਣੀ ਨੂੰ ਪੰਜਾਬ ਦਾ ਸਭ ਤੋਂ ਉੱਚੇ ਅਹੁਦੇ ਤੇ ਪੰਜਾਬ ਪੁਲਿਸ ਦਾ ਡੀ.ਜੀ.ਪੀ.ਬਣਾ ਦਿੱਤਾ ਗਿਆ ਅਤੇ ਸ੍ਰੀ ਇਜ਼ਹਾਰ ਆਲਮ ਨੂੰ ਆਪਣੀ ਪਾਰਟੀ ਵਿੱਚ ਉੱਚੇ ਅਹੁਦੇ ਦਿੱਤੇ ਗਏ। ਉਸ ਤੋਂ ਬਾਅਦ 2007 ਵਿੱਚ ਬਾਦਲ ਪ੍ਰੀਵਾਰ ਦੀ ਸਰਕਾਰ ਸਮੇਂ ਅਖੌਤੀ ਝੂਠੇ ਸੌਦੇ ਵਾਲੇ ਸਾਧ ਨੇ ਸ੍ਰੀ ਸੁਖਬੀਰ ਬਾਦਲ ਵਲੋਂ ਬਣਾ ਕਿ ਦਿੱਤੀ ਪੁਸ਼ਾਕ ਬਣਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭੇਸ ਬਣਾ ਕੇ ਅੰਮ੍ਰਿਤ ਤਿਆਰ ਕੀਤਾ ਗਿਆ, ਜਦੋਂ ਸਿੱਖਾਂ ਨੇ ਬੜਾ ਜਬਰਦਸਤ ਵਿਰੋਧ ਕੀਤਾ ਤਾਂ ਥਾਂ-ਥਾਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਸਿੱਖਾਂ ਉੱਤੇ ਬਾਦਲ ਦੇ ਹੁਕਮਾਂ ਨਾਲ ਗੋਲੀਆਂ ਚਲਾਈਆਂ ਗਈਆਂ ਅਤੇ ਭਾਈ ਰੇਸ਼ਮ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ।

2009 ਵਿੱਚ ਬਾਦਲ ਪ੍ਰੀਵਾਰ ਦੀ ਸਰਕਾਰ ਸਮੇਂ ਪਾਖੰਡੀ ਸਾਧ ਆਸ਼ੂਤੋਸ਼ ਨੂਰਮਹਿਲੀਆਂ ਨੇ ਸਿੱਖ ਕੌਮ ਨੂੰ ਵੰਗਾਰਿਆ ਤਾਂ ਲੁਧਿਆਣਾ ਵਿਖੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਸਿੱਖਾਂ ਉੱਤੇ ਬਾਦਲ ਸਰਕਾਰ ਨੇ ਮੀਂਹ ਵਾਂਗੂੰ ਗੋਲੀਆਂ ਚਲਾਈਆਂ ਅਤੇ ਕਈ ਜ਼ਖ਼ਮੀ ਹੋ ਗਏ ਅਤੇ ਭਾਈ ਦਰਸ਼ਨ ਸਿੰਘ ਸ਼ਹੀਦ ਹੋ ਗਏ। 2012 ਵਿੱਚ ਬਾਦਲ ਪ੍ਰੀਵਾਰ ਦੀ ਸਰਕਾਰ ਸਮੇਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਵਿਰੋਧ ਕਰਦਿਆਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਸਿੱਖਾਂ ਉੱਤੇ ਬਾਦਲ ਸਰਕਾਰ ਨੇ ਗੋਲੀਆਂ ਚਲਾ ਦਿੱਤੀਆਂ ਅਤੇ ਉਸ ਸਮੇਂ ਗੁਰਦਾਸਪੁਰ ਦੇ 18ਸਾਲਾਂ ਨੌਜਵਾਨ ਜਸਪਾਲ ਸਿੰਘ ਨੂੰ ਸ਼ਹੀਦ ਕਰ ਦਿੱਤਾ ਬਾਦਲਾਂ ਦੀ ਪੁਲਿਸ ਨੇ। ਬਾਦਲ ਨੇ ਸੌਦੇ ਸਾਧ ਦੀ 2015 ਵਿੱਚ ਆਪਣੀ ਸਰਕਾਰ ਵੇਲੇ ਫਿਲਮ ਰਿਲੀਜ਼ ਕਰਨ ਵਿੱਚ ਪੂਰਾ ਸਹਿਯੋਗ ਦਿੱਤਾ। ਉਸ ਫਿਲਮ ਦਾ ਸ਼ਾਂਤਮਈ ਵਿਖਾਵਾਕਾਰੀਆਂ ਤੇ ਬਾਦਲ ਸਰਕਾਰ ਨੇ ਗੋਲੀਆਂ ਚਲਾ ਕੇ ਭਾਈ ਰੇਸ਼ਮ ਸਿੰਘ ਨੂੰ ਸ਼ਹੀਦ ਕਰ ਦਿੱਤਾ। ਜਥੇਦਾਰ ਸਾਹੀ ਨੇ ਕਿਹਾ ਕਿ ਜੂਨ 2015 ਵਿੱਚ ਬਾਦਲ ਸਰਕਾਰ ਸਮੇਂ ਬੁਰਜ਼ ਜਵਾਹਰ ਸਿੰਘ ਵਾਲਾ ਤੋਂ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੋਰੀ ਕਰਵਾ ਦਿੱਤਾ ਅਤੇ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਸ ਤੋਂ ਬਾਅਦ ਸੌਦੇ ਸਾਧ ਦੇ ਚੇਲਿਆਂ ਨੇ ਕਈ ਥਾਵਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਰੂੜੀਆਂ ਉੱਪਰ ਪਾੜ ਕੇ ਖਿਲਾਰ ਦਿੱਤੇ ਗਏ। ਇਸ ਦੇ ਖਿਲਾਫ ਸਿੱਖ ਸੰਗਤਾਂ ਸ਼ਾਂਤਮਈ ਰੂਪ ਵਿੱਚ ਬੈਠ ਕੇ ਵਾਹਿਗੁਰੂ ਜੀ ਦਾ ਜਾਪ ਕਰਕੇ ਰੋਸ ਪ੍ਰਦਰਸ਼ਨ ਕਰ ਰਹੀਆਂ ਸਨ ਤਾਂ ਬਰਗਾੜੀ ਵਿਖੇ ਬਾਦਲ ਦੇ ਹੁਕਮਾਂ ਤੇ ਡੀ.ਜੀ.ਪੀ.ਸੁਮੇਧ ਸੈਣੀ ਨੇ ਸਮੇਂ ਦੇ ਪੁਲਿਸ ਅਫ਼ਸਰ ਪਰਮਰਾਜ ਸਿੰਘ ਉਮਰਾਨੰਗਲ ਨੂੰ ਹੁਕਮ ਦੇ ਕੇ ਸ਼ਾਂਤਮਈ ਰੂਪ ਵਿੱਚ ਪ੍ਰਦਰਸ਼ਨ ਕਰਦੀਆਂ ਸੰਗਤਾਂ ਤੇ ਬਰਗਾੜੀ ਵਿੱਚ ਗੋਲੀ ਚਲਾ ਦਿੱਤੀ।

ਬਹੁਤ ਸਾਰੇ ਸਿੰਘ ਜ਼ਖਮੀ ਹੋ ਗਏ ਅਤੇ ਭਾਈ ਗੁਰਜੀਤ ਸਿੰਘ ਅਤੇ ਭਾਈ ਕਿਸ਼ਨ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ, ਜਿਸ ਦਾ ਅਜੇ ਤੱਕ ਸਿੱਖ ਸੰਗਤਾਂ ਨੂੰ ਜਵਾਬ ਨਹੀਂ ਦਿੱਤਾ ਗਿਆ। ਅੱਜ ਵੀ ਉਸ ਜਗ੍ਹਾਂ ਤੇ ਮੋਰਚਾ ਲੱਗਾ ਹੋਇਆ ਹੈ। 2017 ਵਿੱਚ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰ ਸੀ। ਭਾਰਤ ਸਰਕਾਰ ਨੇ ਕਿਸਾਨਾਂ ਵਿਰੁੱਧ ਤਿੰਨ ਕਾਲੇ ਕਾਨੂੰਨ ਬਣਾ ਦਿੱਤੇ। ਪਹਿਲਾਂ ਤਾਂ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਇਨਾਂ ਕਾਲੇ ਕਾਨੂੰਨਾਂ ਦਾ ਰੱਜ ਕੇ ਸਾਥ ਦਿੰਦੇ ਰਹੇ। ਪਰਕਾਸ਼ ਚੰਦ ਬਾਦਲ ਨੇ ਵੀ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਮੋਦੀ ਸਰਕਾਰ ਦੇ ਇਹ ਕਾਲੇ ਕਾਨੂੰਨ ਕਿਸਾਨਾਂ ਨੂੰ ਘਿਓ ਵਾਂਗ ਲੱਗਣੇ ਹਨ।

ਜਦੋਂ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਡਾਂਗ ਚੁੱਕ ਲਈ, ਫਿਰ ਬਾਦਲਾਂ ਨੇ ਝੂਠਾਂ ਯੂ-ਟਰਨ ਮਾਰ ਲਿਆ ਅਤੇ ਸਿਮਰੋਂ ਨੇ ਸਿਰਫ਼ ਕਾਗਜ਼ੀ ਅਸਤੀਫ਼ਾ ਦੇ ਦਿੱਤਾ,ਪਰ ਦਿਲੋਂ ਸਾਂਝ ਨਹੀਂ ਤੋੜੀ ਸੀ, ਹੁਣ ਤਾਂਹੀਓਂ ਮੋਦੀ ਸਰਕਾਰ ਦੇ ਰਾਸ਼ਟਰਪਤੀ ਦੀ ਚੋਣ ਵਿੱਚ ਬਾਦਲ ਪ੍ਰੀਵਾਰ ਨੇ ਹਮਾਇਤ ਕਰ ਦਿੱਤੀ ਹੈ। ਸੰਗਰੂਰ ਜ਼ਿਮਨੀ ਚੋਣ ਵਿੱਚ ਫਿਰ ਇਹ ਬਾਦਲ ਪ੍ਰੀਵਾਰ ਸ.ਸਿਮਰਨਜੀਤ ਸਿੰਘ ਮਾਨ ਜੀ ਨਾਲ ਗ਼ਦਾਰੀ ਕਰਨ ਨੂੰ ਫਿਰਦੇ ਸਨ, ਪਰ ਸ.ਮਾਨ ਨੇ ਇਨ੍ਹਾਂ ਦਾ ਜਲੂਸ ਕੱਢ ਕੇ ਰੱਖ ਦਿੱਤਾ ਕਿ ਪਹਿਲਾਂ ਤੁਸੀਂ ਆਪਣੀਆਂ ਪ੍ਰਧਾਨਗੀਆਂ ਬੰਦੀ ਸਿੰਘਾਂ ਨੂੰ ਦਿਓ। ਬਾਦਲਾਂ ਨੇ 2012 ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਫਿਰੁੱਧ ਸ਼ਾਂਤਮਈ ਸੰਗਤਾਂ ਤੇ ਪੁਲਿਸ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ। ਹੁਣ ਕਿਹੜੇ ਮੂੰਹ ਨਾਲ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਜੀ ਕਮਲਜੀਤ ਕੌਰ ਨੂੰ ਸ.ਸਿਮਰਨਜੀਤ ਸਿੰਘ ਮਾਨ ਦੇ ਵਿਰੁੱਧ ਚੋਣ ਮੈਦਾਨ ਵਿੱਚ ਉਤਾਰਿਆ ਅਤੇ ਮੂੰਹ ਦੀ ਖਾਣੀ ਪਈ। ਇਨਾਂ ਚੋਣਾਂ ਵਿੱਚ ਸੁਖਬੀਰ ਬਾਦਲ ਨੇ ਬੜੀਆਂ ਘਟੀਆ ਚਾਲਾਂ ਚੱਲੀਆਂ।ਚੋਣ ਪ੍ਰਚਾਰ ਬੰਦ ਹੋਣ ਤੋਂ ਬਾਅਦ ਅਗਲੇ ਦਿਨ ਸੁਖਬੀਰ ਬਾਦਲ ਦੇ ਬੰਦੇ ਇਹ ਇਸ਼ਤਿਹਾਰ ਵੰਡਦੇ ਰਹੇ ਕਿ ਸ.ਸਿਮਰਨਜੀਤ ਸਿੰਘ ਮਾਨ ਬੰਦੀ ਸਿੰਘਾਂ ਨੂੰ ਰਿਹਾਅ ਕਰਾਉਣ ਖਾਤਿਰ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਜੀਤ ਕੌਰ ਦੇ ਹੱਕ ਵਿੱਚ ਬੈਠ ਗਏ ਹਨ।

ਫਿਰ ਵੀ ਸ.ਮਾਨ ਸ਼ਾਨ ਨਾਲ ਜਿੱਤ ਗਏ ਅਤੇ ਬਾਦਲ ਪ੍ਰੀਵਾਰ ਸਭ ਤੋਂ ਪਿੱਛੇ ਪੰਜਵੇਂ ਸਥਾਨ ਤੇ ਆਏ ਅਤੇ ਜ਼ਮਾਨਤ ਜ਼ਬਤ ਕਰਵਾ ਬੈਠੇ। ਲੋਕ ਜਾਣਦੇ ਹਨ ਕਿ ਪੰਜ ਵਾਰ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਚੰਦ ਬਾਦਲ ਨੇ ਜਿੰਨੀਆਂ ਸਿੱਖਾਂ ਨਾਲ ਗ਼ਦਾਰੀਆਂ ਕੀਤੀਆਂ ਹਨ, ਉਹਨਾਂ ਤੇ ਵੱਡੇ-ਵੱਡੇ ਗ਼ਦਾਰੀ ਕਤਾਬਚੇ ਲਿਖੇ ਜਾ ਸਕਦੇ ਹਨ। ਪੰਜਾਬ ਦੇ ਲੋਕ ਸਮਝ ਗਏ ਹਨ ਇਸ ਲਈ 2017 ਅਤੇ 2022 ਵਿੱਚ ਬਾਦਲ ਪ੍ਰੀਵਾਰ ਦੀ ਫੱਟੀ ਪੋਚ ਕੇ ਰੱਖ ਦਿੱਤੀ ਹੈ। ਭਵਿੱਖ ਵਿੱਚ ਹੁਣ ਕਦੇ ਵੀ ਬਾਦਲ ਪ੍ਰੀਵਾਰ ਦੀ ਸਰਕਾਰ ਨਹੀਂ ਬਣੇਗੀ। ਹੁਣ ਸਮਾਂ ਆ ਗਿਆ ਹੈ ਕਿ ਸ.ਸਿਮਰਨਜੀਤ ਸਿੰਘ ਮਾਨ ਬੁਲੰਦੀਆਂ ਛੂਹਣਗੇ।

LEAVE A REPLY

Please enter your comment!
Please enter your name here