ਗੰਦਾ ਪਾਣੀ ਪੈਣ ਨਾਲ ਪਵਿੱਤਰ ਵੇਈਂ `ਚ ਮੱਛੀਆਂ ਮਰਨ ਲੱਗੀਆਂ: ਸੰਤ ਸੀਚੇਵਾਲ

ਸੁਲਤਾਨਪੁਰ ਲੋਧੀ/ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਪਵਿੱਤਰ ਕਾਲੀ ਵੇਈਂ ਵਿੱਚ ਪੈ ਰਹੇ ਗੰਦੇ ਪਾਣੀਆਂ ਕਾਰਨ ਆਕਸੀਜਨ ਦੀ ਆਈ ਘਾਟ ਇੱਕ ਵਾਰ ਫਿਰ ਮੱਛੀਆਂ ਦੇ ਜਾਨ ਦਾ ਖੌ ਬਣ ਗਈ ਹੈ। ਪਿਛਲੇ 4 ਦਿਨਾਂ ਤੋਂ ਮੱਛੀਆਂ ਲਗਾਤਾਰ ਮਰ ਰਹੀਆਂ ਹਨ। ਵਾਤਾਵਰਣ ਪ੍ਰੇਮੀ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਬਾਬੇ ਨਾਨਕ ਦੀ ਵੇਈਂ ਵਿਖੇ ਇਹ ਵਤੀਰਾ ਪਿਛਲੇ ਕਈ ਸਾਲਾਂ ਤੋਂ ਹੁੰਦਾ ਆ ਰਿਹਾ। ਜਿਸਦਾ ਮੁੱਖ ਕਾਰਨ ਨਹਿਰੀ ਵਿਭਾਗ ਦੀ ਲਾਪਰਵਾਹੀ ਹੈ। ਉਹਨਾਂ ਦੱਸਿਆ ਕਿ ਸਾਫ ਪਾਣੀ ਬੰਦ ਹੋਣ ਕਾਰਨ ਆਕਸੀਜਨ ਦੀ ਘਾਟ ਕਾਰਨ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿਚ ਇਹ ਬੇਜ਼ੁਬਾਨ ਜਲਚਰ ਜੀਵ ਮਰਦੇ ਹਨ। ਉਹਨਾਂ ਦੱਸਿਆ ਕਿ ਮੁਕੇਰੀਆ ਹਾਈਡਲ ਚੈਨਲ ਤੋਂ 500 ਕਿਊਸਿਕ ਪਾਣੀ ਆਉਂਦਾ ਹੈ ਇਸ ਵਿੱਚੋਂ ਸਿਰਫ  200 ਕਿਊਸਿਕ ਪਾਣੀ ਹੀ ਵੇਈਂ ਵਿੱਚ ਛੱਡਿਆ ਜਾਂਦਾ ਹੈ। ਇਹਨਾਂ ਦਿਨਾਂ ਵਿਚ ਝੋਨੇ ਦੀ ਲੁਆਈ ਵੇਲੇ  ਕਿਸਾਨਾਂ ਵੱਲੋਂ ਵੀ ਵੇਈਂ ਵਿੱਚੋਂ ਅਣਗਣਿਤ ਮੋਟਰਾਂ ਰਾਹੀ ਪਾਣੀ ਵਰਤਿਆ ਜਾਂਦਾ ਹੈ। ਇਸ ਕਰਕੇ  ਵੇਈਂ ਵਿੱਚ ਵੱਧ ਪਾਣੀ ਛੱਡਣ ਦੀ ਲੋੜ ਹੁੰਦੀ ਹੈ ਪਰ ਨਹਿਰੀ ਵਿਭਾਗ ਇਸ ਦੇ ਉਲਟ ਵਿਵਹਾਰ ਕਰਦਾ ਆ ਰਿਹਾ ਹੈ।

Advertisements

ਗੱਲਬਾਤ ਦੌਰਾਨ ਸੰਤ ਸੀਚੇਵਾਲ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ਦੀ ਕਾਰਸੇਵਾ ਕਰਦਿਆਂ ਨੂੰ 22 ਸਾਲ ਹੋ ਗਏ ਹਨ। ਸੰਗਤਾਂ ਵੱਲੋਂ ਦਿਨ ਰਾਤ ਨਿਸ਼ਕਾਮ ਕਾਰਸੇਵਾ ਕਰਕੇ ਮਰ ਚੁੱਕੀ ਵੇਈਂ ਨੂੰ ਅਣਥੱਕ ਮਿਹਨਤ ਨਾਲ ਮੁੜ ਸੁਰਜੀਤ ਕੀਤਾ ਹੈ ਪਰ ਇਹਨਾਂ 22 ਸਾਲਾਂ ਦੌਰਾਨ ਵੀ ਵੇਈਂ ਵਿਚ ਪੈ ਰਹੇ ਗੰਦੇ ਪਾਣੀ ਬੰਦ ਨਹੀਂ ਹੋ ਸਕੇ। ਉਹਨਾਂ ਕਿਹਾ ਕਿ ਸੰਗਤਾਂ ਦੀ ਇਸ ਵੇਈਂ ਪ੍ਰਤੀ ਸ਼ਰਧਾ ਹੈ। ਸੰਗਤਾਂ ਅਦਬ ਸਤਿਕਾਰ ਨਾਲ ਇਸ ਵਿੱਚੋਂ ਜਲ ਦਾ ਚੂਲ਼ਾ ਭਰਦੀਆਂ ਹਨ ਤੇ ਇਸ ਵਿਚ ਇਸ਼ਨਾਨ ਕਰਦੀਆਂ ਹਨ ਅਜਿਹੇ ਵਿਚ ਇਸ ਵਿਚ ਗੰਦੇ ਪਾਣੀ ਪਾਉਣ ਨਾਲ ਉਹਨਾਂ ਦੀ ਧਾਰਮਿਕ ਆਸਥਾ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਉਹਨਾਂ ਸਵਾਲ ਕੀਤਾ ਕਿ  ਜੇਕਰ ਵੇਈਂ `ਚ ਸਾਫ਼ ਪਾਣੀ ਬੰਦ ਕੀਤੇ ਜਾ ਸਕਦੇ ਹਨ ਤਾਂ ਫਿਰ ਗੰਦੇ ਪਾਣੀ ਕਿਉਂ ਨਹੀਂ.?

ਸੰਤ ਸੀਚੇਵਾਲ ਨੇ ਕਿਹਾ ਕਿ ਪਵਿੱਤਰ ਵੇਈਂ ਵਿੱਚ ਲਗਾਤਾਰ ਪੈ ਰਹੇ ਗੰਦੇ ਪਾਣੀ ਵੱਡੀ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਸਾਫ ਪਾਣੀ ਨਹਿਰਾਂ ਦੀ ਮੁਰੰਮਤ ਲਈ ਹਰ ਸਾਲ ਵਿਸਾਖੀ ਮੌਕੇ ਬੰਦ ਕਰ ਦਿੱਤਾ ਜਾਂਦਾ ਹੈ ਪਰ ਸੈਦੋ ਭੁਲਾਣਾ ਦੀਆਂ ਕਲੌਨੀਆਂ ਅਤੇ ਕਪੂਰਥਲਾ ਸ਼ਹਿਰ ਦੇ ਗੰਦੇ ਪਾਣੀ ਜੋ ਲਗਾਤਾਰ ਵੇਈਂ ਵਿੱਚ ਪੈ ਰਹੇ ਹਨ। ਉਸ ਨੂੰ ਵੇਈਂ ਦੀ ਕਾਰ ਸੇਵਾ ਦੇ 22 ਸਾਲ ਬਾਅਦ ਵੀ ਸਰਕਾਰ ਬੰਦ ਨਹੀਂ ਕਰਵਾ ਸਕੀ।  ਸਾਲ 2012 ਤੇ 2013, 2015 ਤੇ ਫਿਰ 2017 ਤੇ 2021 ਤੋਂ ਬਾਅਦ ਹੁਣ ਇਸ ਸਾਲ 2022 ਵਿੱਚ 6ਵੀਂ ਵਾਰ ਮੱਛੀਆਂ ਮਰੀਆਂ ਹਨ। ਇਹ ਵਰਤਾਰਾ ਗੰਦੇ ਪਾਣੀਆਂ ਕਾਰਨ ਵਾਪਰਦਾ ਹੈ।

LEAVE A REPLY

Please enter your comment!
Please enter your name here