ਐੱਨਆਰਆਈ ਵਿਆਹਾਂ ਨਾਲ ਜੁੜ੍ਹੇ ਮਾਮਲਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਪ੍ਰੋਗਰਾਮ ਆਯੋਜਿਤ

ਪਟਿਆਲਾ (ਦ ਸਟੈਲਰ ਨਿਊਜ਼): “ਪਿੰਡਾਂ ਦੀਆਂ ਮਹਿਲਾ ਸਰਪੰਚਾਂ ਨੂੰ ਤਾਕਤ ਸੰਪੰਨ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਉਹ ਪੇਂਡੂ ਲੜਕੀਆਂ ਨੂੰ ਐੱਨ.ਆਰ.ਆਈ ਵਿਆਹਾਂ ਬਾਰੇ ਪ੍ਰਭਾਵਸ਼ਾਲੀ ਢੰਗ ਨਾਲ ਜਾਗਰੂਕ ਕਰ ਸਕਣ ਅਤੇ ਐੱਨ.ਆਰ.ਆਈ ਵਿਆਹ ਸੰਬੰਧੀ ਝਗੜਿਆਂ ਦੇ ਕਾਨੂੰਨੀ ਪਹਿਲੂਆਂ ਬਾਰੇ ਜਾਗਰੂਕਤਾ ਪੈਦਾ ਕਰ ਸਕਣ।” ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਐੱਨ.ਆਰ.ਆਈ. ਵਿਆਹਾਂ ਨਾਲ ਜੁੜ੍ਹੇ ਵੱਖ-ਵੱਖ ਮਾਮਲਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਹਿਤ ਆਯੋਜਿਤ ਕਰਵਾਏ ਗਏ ਇਕ ਵਿਸ਼ੇਸ਼ ਪ੍ਰੋਗਰਾਮ ਦੇ ਉਦਘਾਟਨੀ ਸਮਾਰੋਹ ਵਿੱਚ ਸੰਬੋਧਨ ਕਰਦਿਆਂ ਕੀਤਾ। ਇਹ ਪ੍ਰੋਗਰਾਮ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਮਾਨਤਾ ਪ੍ਰਾਪਤ ‘ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼, ਝੰਜੇੜੀ’ ਵਿਖੇ ਆਯੋਜਿਤ ਕਰਵਾਇਆ ਗਿਆ। ਰਾਸ਼ਟਰੀ ਮਹਿਲਾ ਕਮਿਸ਼ਨ ਦੇ ਵਿਸ਼ੇਸ਼ ਸਹਿਯੋਗ ਨਾਲ ਇਸ ਵਿਸ਼ੇ ਬਾਰੇ ਕਰਵਾਏ ਗਏ ਇਸ ਪਹਿਲੇ ਜਾਗਰੂਕਤਾ ਪ੍ਰੋਗਰਾਮ ਦਾ ਉਦਘਾਟਨ ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪ੍ਰੋ. ਅਰਵਿੰਦ, ਚੇਅਰਪਰਸਨ ਰਾਸ਼ਟਰੀ ਮਹਿਲਾ ਕਮਿਸ਼ਨ, ਰੇਖਾ ਸ਼ਰਮਾ ਅਤੇ  ਮੈਂਬਰ ਸਕੱਤਰ, ਰਾਸ਼ਟਰੀ ਮਹਿਲਾ ਕਮਿਸ਼ਨ ਮੀਤਾ ਰਾਜੀਵ ਲੋਚਨ ਵੱਲੋਂ ਕੀਤਾ ਗਿਆ।

Advertisements


ਪ੍ਰੋ. ਅਰਵਿੰਦ ਨੇ ਕਿਹਾ ਕਿ ਨਾਰੀ ਸ਼ਕਤੀਕਰਨ ਦੇ ਖੇਤਰ ਵਿਚ ਪੰਜਾਬੀ ਯੂਨੀਵਰਸਿਟੀ ਇੱਕ ਮੋਹਰੀ ਭੂਮਿਕਾ ਅਦਾ ਕਰ ਰਹੀ ਹੈ ਰਹੀ ਹੈ। ਪੰਜਾਬੀ ਯੂਨਿਵਰਸਿਟੀ ਵੱਖ-ਵੱਖ ਸਮੇਂ ਉੱਤੇ ਇਸ ਦਿਸ਼ਾ ਵਿੱਚ ਸੰਜੀਦਗੀ ਨਾਲ ਕੰਮ ਕਰਨ ਵਾਲੀਆਂ ਵੱਖ-ਵੱਖ ਸੰਸਥਾਵਾਂ, ਅਦਾਰਿਆਂ ਅਤੇ ਸ਼ਖ਼ਸੀਅਤਾਂ ਨਾਲ ਮਿਲ ਕੇ ਕਾਰਜ ਕਰਦੀ ਆ ਰਹੀ । ਇਸ ਸੰਬੰਧ ਵਿਚ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਅਤੇ ਪ੍ਰੋਜੈਕਟ ਕੀਤੇ ਜਾ ਰਹੇ ਹਨ। ਇਹ ਪ੍ਰੋਗਰਾਮ ਵੀ ਇੱਕ ਅਜਿਹਾ ਹੀ ਪ੍ਰੋਗਰਾਮ ਹੈ। ਪੇਂਡੂ ਵਿਕਾਸ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਲੜਕੀਆਂ ਨੂੰ ਸਿੱਖਿਆ ਰਾਹੀਂ ਮੁਕਤ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪੜ੍ਹੀਆਂ-ਲਿਖੀਆਂ ਕੁੜੀਆਂ ਹੀ ਆਖਰਕਾਰ ਸੁਤੰਤਰ ਹੋ ਸਕਦੀਆਂ ਹਨ ਅਤੇ ਉਨ੍ਹਾਂ ਨੂੰ ਆਪਣੇ ਜੀਵਨ ਦੇ ਮਹੱਤਵਪੂਰਨ ਫੈਸਲੇ ਖੁਦ ਲੈਣ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਆਪਣੇ ਜੀਵਨ ਸਾਥੀ ਦੀ ਚੋਣ ਕਰਨ ਦਾ ਫੈਸਲਾ ਲੜਕੀਆਂ ਨੂੰ ਖੁਦ ਲੈਣਾ ਚਾਹੀਦਾ ਹੈ ਅਤੇ ਨਤੀਜੇ ਵਜੋਂ, ਐਨ. ਆਰ. ਆਈ. ਜੀਵਨ ਸਾਥੀਆਂ ਲਈ ਖਿੱਚ ਘੱਟ ਹੋ ਜਾਵੇਗੀ ਜਿਸ ਨਾਲ ਐਨ.ਆਰ.ਆਈ. ਵਿਆਹ ਅਤੇ ਇਸ ਨਾਲ ਸਬੰਧਤ ਝਗੜੇ ਘੱਟ ਹੋਣਗੇ।
ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਲੜਕੀਆਂ ਅਤੇ ਲੜਕਿਆਂ ਨਾਲ ਬਰਾਬਰ ਵਿਵਹਾਰ ਕਰਨ ਦੀ ਮਹੱਤਤਾ ਨੂੰ ਉਜਾਗਰ ਕੀਤਾ ਤਾਂ ਜੋ ਪ੍ਰਵਾਸੀ ਭਾਰਤੀ ਵਿਆਹਾਂ ਦੇ ਕਾਰਨ ਪੈਦਾ ਹੋਈਆਂ ਦਿੱਕਤਾਂ ਨੂੰ ਰੋਕਿਆ ਜਾ ਸਕੇ।

ਉਨ੍ਹਾਂ ਕਿਹਾ ਕਿ ਪੈਸੇ ਦੇ ਲਾਲਚ ਵਿੱਚ ਕੁੜੀ ਦੇ ਮਾਪਿਆਂ ਦੁਆਰਾ ਐਨ.ਆਰ.ਆਈ. ਲਾੜਿਆਂ ਦੀ ਭਾਲ ਕੀਤੀ ਜਾਂਦੀ ਹੈ। ਜੇਕਰ ਲੜਕੀਆਂ ਨੂੰ ਜੱਦੀ ਜਾਇਦਾਦ ਵਿੱਚ ਬਰਾਬਰ ਦਾ ਹਿੱਸਾ ਦਿੱਤਾ ਜਾਂਦਾ ਹੈ, ਤਾਂ ਉਹ ਆਰਥਿਕ ਤੌਰ ਉੱਤੇ ਮਜ਼ਬੂਤ ਹੋ ਜਾਣਗੀਆਂ ਅਤੇ ਉਨ੍ਹਾਂ ਨੂੰ ਵਿਦੇਸ਼ੀ ਲਾੜਿਆਂ ਦੀ ਭਾਲ ਕਰਨ ਦੀ ਲੋੜ ਨਹੀਂ ਪਵੇਗੀ। ਵਿੱਦਿਆ ਅਤੇ ਵਿੱਤੀ ਸ਼ਕਤੀਕਰਨ ਐਨ.ਆਰ.ਆਈ. ਵਿਆਹਾਂ ਦੀ ਬੁਰਾਈ ਨੂੰ ਦੂਰ ਕਰਨ ਲਈ ਕੁੰਜੀ ਹਨ।  ਮੀਤਾ ਰਾਜੀਵਲੋਚਨ, ਮੈਂਬਰ ਸਕੱਤਰ, ਰਾਸ਼ਟਰੀ ਮਹਿਲਾ ਕਮਿਸ਼ਨ ਨੇ ਕਿਸੇ ਵੀ ਪ੍ਰਵਾਸੀ ਭਾਰਤੀ ਨਾਲ ਵਿਆਹ ਸੰਬੰਧੀ ਗੱਠਜੋੜ ਕਰਨ ਤੋਂ ਪਹਿਲਾਂ ਪਾਸਪੋਰਟ ਅਤੇ ਸਬੰਧਤ ਦਸਤਾਵੇਜ਼ਾਂ ਦੀ ਤਸਦੀਕ ਕਰਨ ਦੀ ਮਹੱਤਤਾ ਨੂੰ ਉਜਾਗਰ ਕੀਤਾ।  ਇਸ ਮੌਕੇ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਪ੍ਰਧਾਨ ਸ਼. ਰਸ਼ਪਾਲ ਸਿੰਘ ਧਾਲੀਵਾਲ ਨੇ ਪਤਵੰਤਿਆਂ ਨੂੰ ਸਨਮਾਨਿਤ ਕੀਤਾ।


ਐਨ.ਆਰ.ਆਈ ਵਿਆਹਾਂ ਦੇ ਮਸਲਿਆਂ ਨੂੰ ਹੱਲ ਕਰਨ ਵਾਲੇ ਹਿੱਸੇਦਾਰਾਂ ਜਿਵੇਂ ਕਿ ਪੁਲਿਸ ਪ੍ਰਸ਼ਾਸਨ, ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀਜ਼, ਗੈਰ ਸਰਕਾਰੀ ਸੰਸਥਾਵਾਂ, ਐਸਜੀਪੀਸੀ ਦੇ ਮੈਂਬਰ, ਐਡਵੋਕੇਟ, ਇਸ ਪ੍ਰੋਗਰਾਮ ਦੇ ਨੋਡਲ ਅਫਸਰ ਮੈਡਮ ਕੰਚਨ ਖੱਟੜਾ, ਕਾਨੂੰਨੀ ਅਫਸਰ, ਐਨ.ਸੀ.ਡਬਲਿਊ., ਡਾ. ਦਵਿੰਦਰ ਸਿੰਘ, ਮੁਖੀ, ਕਾਨੂੰਨ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੂੰ ਵਿਸ਼ੇਸ਼ ਤੌਰ ਉੱਤੇ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਤਹਿਤ ਐਨ.ਆਰ.ਆਈ. ਵਿਆਹਾਂ ਨਾਲ ਸਬੰਧਤ ਕਾਨੂੰਨੀ ਅਤੇ ਸਮਾਜਿਕ ਮੁੱਦਿਆਂ ਬਾਰੇ ਨੇੜਲੇ ਪਿੰਡਾਂ ਦੇ ਪੇਂਡੂ ਲੋਕਾਂ ਲਈ ਚਾਰ ਤਕਨੀਕੀ ਸੈਸ਼ਨ ਆਯੋਜਿਤ ਕੀਤੇ ਗਏ।    


ਇਸ ਮੌਕੇ ਨਾਰੀ ਅਧਿਐਨ ਕੇਂਦਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਿਰਦੇਸ਼ਕ ਡਾ. ਰੀਤੂ ਲਹਿਲ ਵੱਲੋਂ ਸਵਾਗਤੀ ਸ਼ਬਦ ਬੋਲੇ ਗਏ। ਜ਼ਿਕਰਯੋਗ ਹੈ ਕਿ ਇਸ ਪ੍ਰੋਗਰਾਮ ਦੀ ਸਮੁੱਚੀ ਵਿਉਂਤਬੰਦੀ ਅਤੇ ਯੋਜਨਾ ਪੰਜਾਬੀ ਯੂਨੀਵਰਸਿਟੀ ਦੇ ਨਾਰੀ ਅਧਿਐਨ ਕੇਂਦਰ ਵੱਲੋਂ ਕੀਤੀ ਗਈ ਸੀ। ਇਸੇ ਲੜੀ ਤਹਿਤ ਵੱਖ ਵੱਖ ਥਾਵਾਂ ਉੱਤੇ ਹੋਰ ਪ੍ਰੋਗਰਾਮ ਕਰਵਾਏ ਜਾਣੇ ਹਨ ਇਹ ਪ੍ਰੋਗਰਾਮ ਇਸ ਚੇਤਨਾ ਲੜੀ ਦਾ ਪਹਿਲਾ ਪ੍ਰੋਗਰਾਮ ਸੀ।

LEAVE A REPLY

Please enter your comment!
Please enter your name here