ਡਿਪਟੀ ਕਮਿਸ਼ਨਰ ਵਲੋਂ ਨਾਰੀ ਨਿਕੇਤਨ ਕੰਪਲੈਕਸ ਦਾ ਦੌਰਾ


ਜਲੰਧਰ (ਦ ਸਟੈਲਰ ਨਿਊਜ਼): ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਅੱਜ ਨਾਰੀ ਨਿਕੇਤਨ ਕੰਪਲੈਕਸ ਦਾ ਦੌਰਾ ਕਰਦਿਆਂ ਏ.ਐਨ. ਗੁਜਰਾਲ ਸੀਨੀਅਰ ਸੈਕੰਡਰੀ ਸਕੂਲ ਦੇ ਅਹਾਤੇ ਵਿੱਚ ਫ਼ਲਦਾਰ ਬੂਟਾ ਲਗਾਉਂਦਿਆਂ ਕਿਹਾ ਕਿ ਨਾਰੀ ਨਿਕੇਤਨ ਟਰੱਸਟ ਵਲੋਂ ਸਮਾਜ ਭਲਾਈ ਅਤੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਪਿਛਲੇ ਲੰਮੇ ਸਮੇਂ ਤੋਂ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ। ਨਾਰੀ ਨਿਕੇਤਨ ਟਰੱਸਟ ਦੇ ਜਨਰਲ ਸਕੱਤਰ ਗੁਰਜੋਤ ਕੌਰ, ਟਰੱਸਟੀ ਸੀਮਾ ਚੋਪੜਾ, ਸੀ.ਈ.ਓ. ਨਵਿਤਾ ਜੋਸ਼ੀ ਅਤੇ ਪ੍ਰਿੰਸੀਪਲ ਜੋਤੀ ਸ੍ਰੀਵਾਸਤਵ ਸਮੇਤ ਡਿਪਟੀ ਕਮਿਸ਼ਨਰ ਸ਼ਿਸ਼ੂ ਗ੍ਰਹਿ, ਲਾਇਬ੍ਰੇਰੀ, ਸਾਇੰਸ ਲੈਬ ਅਤੇ ਕਲਾਸਾਂ ਵਿੱਚ ਗਏ ਜਿਥੇ ਉਨ੍ਹਾਂ ਵਿਦਿਆਰਥੀਆਂ ਅਤੇ ਸ਼ਿਸ਼ੂ ਗ੍ਰਹਿ ਵਿੱਚ ਰਹਿ ਰਹੇ ਬੱਚਿਆਂ ਨਾਲ ਗੱਲਬਾਤ ਵੀ ਕੀਤੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਟਰੱਸਟ ਵਲੋਂ ਮਨੁੱਖਤਾ ਦੀ ਭਲਾਈ, ਬੱਚਿਆਂ ਦੀ ਸਿੱਖਿਆ ਅਤੇ ਉਨ੍ਹਾਂ ਦੇ ਸਮੁੱਚੇ ਵਿਕਾਸ ਲਈ ਲਾਮਿਸਾਲ ਯਤਨ ਕੀਤੇ ਜਾ ਰਹੇ ਹਨ ਜਿਨ੍ਹਾਂ ਸਦਕਾ ਬਹੁਤ ਬੱਚਿਆਂ ਦਾ ਭਵਿੱਖ ਸੁਰੱਖਿਅਤ ਹੋਇਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕਾਰਜ ਸਮਾਜਿਕ ਵਿਕਾਸ ਲਈ ਅਤਿ ਲੋੜੀਂਦੇ ਹਨ ਅਤੇ ਲੋਕਾਂ ਨੂੰ ਅਜਿਹੇ ਕਾਰਜਾਂ ਵਿੱਚ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।

Advertisements


ਡਿਪਟੀ ਕਮਿਸ਼ਨਰ ਨੇ ਵਿਜ਼ਟਰ ਬੁੱਕ ਵਿੱਚ ਨਾਰੀ ਨਿਕੇਤਨ ਪਹੁੰਚਣ ’ਤੇ ਖੁਸ਼ੀ ਦਾ ਇਜ਼ਹਾਰ ਕਰਨ ਦੇ ਨਾਲ-ਨਾਲ ਭਵਿੱਖ ਵਿੱਚ ਟਰੱਸਟ ਵਲੋਂ ਇਨ੍ਹਾਂ ਕਾਰਜਾਂ ਰਾਹੀਂ ਹੋਰ ਬੁਲੰਦੀਆਂ ਛੋਹਣ ਦੀ ਕਾਮਨਾ ਕੀਤੀ। ਇਸ ਦੌਰਾਨ ਟਰੱਸਟ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਟਰੱਸਟ ਵਲੋਂ ਆਉਂਦੇ ਦਿਨਾਂ ਵਿੱਚ ਹੋਰ ਬੂਟੇ ਲਗਾਏ ਜਾਣਗੇ।  ਜ਼ਿਕਰਯੋਗ ਹੈ ਕਿ ਨਾਰੀ ਨਿਕੇਤਨ ਟਰੱਸਟ ਵਲੋਂ ਬੇਸਹਾਰਾ ਬੱਚਿਆਂ ਲਈ ਲੋੜੀਂਦੀਆਂ ਸਹੂਲਤਾਂ ਯਕੀਨੀ ਬਣਾਕੇ ਉਨ੍ਹਾਂ ਦੀ ਦੇਸ਼ ਅਤੇ ਵਿਦੇਸ਼ ਵਿੱਚ ਅਡਾਪਸ਼ਨ ਦੀ ਪ੍ਰਕਿਰਿਆ ਵੀ ਚਲਾਈ ਜਾਂਦੀ ਹੈ। ਇਸ ਦੇ ਨਾਲ ਟਰੱਸਟ ਵਲੋਂ ਸਕੂਲ ਵਿੱਚ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਦੇ ਨਾਲ-ਨਾਲ ਲੋਕਾਂ ਦੀ ਭਲਾਈ ਲਈ ਚੈਰੀਟੇਬਲ ਡਿਸਪੈਂਸਰੀ ਵੀ ਚਲਾਈ ਜਾ ਰਹੀ ਹੈ।

LEAVE A REPLY

Please enter your comment!
Please enter your name here