ਕੋਵਿਡ ਟੀਕਾਕਰਨ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਵਧੀਕ ਡਿਪਟੀ ਕਮਿਸ਼ਨਰ  ਵੱਲੋਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ

ਪਟਿਆਲਾ(ਦ ਸਟੈਲਰ ਨਿਊਜ਼)। ਕੋਵਿਡ ਮਹਾਂਮਾਰੀ ਤੋਂ ਛੁਟਕਾਰੇ ਲਈ ਜ਼ਿਲ੍ਹੇ ਦੇ ਯੋਗ ਨਾਗਰਿਕਾਂ ਦਾ ਸੰਪੂਰਨ ਕੋਵਿਡ ਟੀਕਾਕਰਨ ਕਰਨ ਅਤੇ  ਕੋਵਿਡ ਟੀਕਾਕਰਨ ਦੇ ਸੌ ਫ਼ੀਸਦੀ ਟੀਚੇ ਦੀ ਪ੍ਰਾਪਤੀ ਲਈ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਗੁਰਪ੍ਰੀਤ ਸਿੰਘ ਥਿੰਦ ਵੱਲੋਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਦੀ ਮੀਟਿੰਗ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੁਣ ਦੇਖਣ ਵਿੱਚ ਆ ਰਿਹਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਕੋਵਿਡ ਕੇਸਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਜਿਸ ਦਾ ਕਾਰਨ ਲੋਕਾਂ ਵੱਲੋਂ ਕੋਵਿਡ ਸਾਵਧਾਨੀਆਂ ਪ੍ਰਤੀ ਅਵੇਸਲਾਪਣ ਹੈ ਉਹਨਾਂ ਕਿਹਾ ਕਿ ਕੋਵਿਡ ਮਹਾਂਮਾਰੀ ਤੋਂ ਛੁਟਕਾਰੇ ਲਈ ਕੋਵਿਡ ਟੀਕਾਕਰਨ ਇੱਕੋ ਇੱਕ ਯੋਗ ਉਪਾਅ ਹੈ। ਉਹਨਾਂ ਸਮੂਹ ਸਿਹਤ ਸੰਸਥਾਵਾਂ ਦੇ ਕੋਵਿਡ ਟੀਕਾਕਰਨ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਦੇ ਕਿਹਾ ਕਿ ਰਹਿੰਦੇ ਯੋਗ ਨਾਗਰਿਕਾਂ ਦਾ ਕੋਵਿਡ ਟੀਕਾਕਰਨ ਵੀ ਜਲਦ ਤੋਂ ਜਲਦ ਯਕੀਨੀ ਬਣਾਇਆ ਜਾਵੇ।
ਉਹਨਾਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਹੁਣ ਅਜ਼ਾਦੀ ਕਾ ਅੰਮ੍ਰਿਤ ਮੁਹਿੰਮ ਤਹਿਤ ਪੰਜਾਬ ਸਰਕਾਰ ਸਿਹਤ ਵਿਭਾਗ ਦੁਆਰਾ 18 ਸਾਲ ਤੋਂ ਵੱਧ ਉਮਰ ਦੇ ਸਾਰੇ ਨਾਗਰਿਕਾਂ ਲਈ 30 ਸਤੰਬਰ ਤੱਕ ਮੁਫ਼ਤ ਕੋਵਿਡ ਬੂਸਟਰ ਡੋਜ਼ ਦੀ ਵਿਵਸਥਾ ਕੀਤੀ ਗਈ ਹੈ ਸਮੂਹ ਯੋਗ ਨਾਗਰਿਕ ਇਸ ਦਾ ਵੱਧ ਤੋਂ ਵੱਧ ਲਾਭ ਉਠਾਉਣ। ਇਸ ਤੋਂ ਇਲਾਵਾ ਹੁਣ ਵੈਕਸੀਨ ਦੀ ਬੂਸਟਰ ਡੋਜ਼ ਦਾ ਸਮਾਂ ਜੋ ਕਿ ਪਹਿਲਾ ਦੂਜੀ ਡੋਜ਼ ਤੋਂ 9 ਮਹੀਨੇ ਬਾਅਦ ਲਗਾਈ ਜਾਂਦੀ ਸੀ, ਉਹ ਹੁਣ ਘੱਟ ਕੇ 6 ਮਹੀਨੇ ਹੋ ਗਿਆ ਹੈ। ਉਹਨਾਂ ਸਿੱਖਿਆ ਵਿਭਾਗ  ਦੇ ਅਧਿਕਾਰੀਆਂ ਨੂੰ ਸਰਕਾਰੀ ਸਕੂਲਾਂ ਦੇ ਨਾਲ ਨਾਲ ਪ੍ਰਾਈਵੇਟ ਸਕੂਲਾਂ ਦੇ ਯੋਗ ਸਕੂਲੀ ਬੱਚਿਆਂ ਦੀਆਂ ਦੋਵੇਂ ਡੋਜ਼ਾਂ ਲੱਗਣੀਆਂ ਯਕੀਨੀ ਬਣਾਉਣ ਲਈ ਕਿਹਾ। ਉਹਨਾਂ ਕਿਹਾ ਕਿ ਕੋਵਿਡ ਟੀਕਾਕਰਨ ਦੇ ਕੰਮ ਦਾ ਰੀਵਿਊ ਕਰਨ ਲਈ ਹਫ਼ਤੇ ਬਾਅਦ ਦੁਬਾਰਾ ਮੀਟਿੰਗ ਲਈ ਜਾਵੇਗੀ।
ਇਸ ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਰਾਜੂ ਧੀਰ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵੀਨੂੰ ਗੋਇਲ, ਸਮੂਹ ਸੀਨੀਅਰ ਮੈਡੀਕਲ ਅਫ਼ਸਰ,ਮਾਤਾ ਕੁਸ਼ੱਲਿਆ ਹਸਪਤਾਲ ਤੋਂ ਸੀਨੀਅਰ  ਮੈਡੀਕਲ ਅਫ਼ਸਰ ਡਾ.ਦਰਸ਼ਨ ਲਾਲ, ਮੈਡੀਕਲ ਕਾਲਜ ਤੋਂ ਸਹਾਇਕ ਪ੍ਰੋਫੈਸਰ ਡਾ. ਬਲਪ੍ਰੀਤ ਕੌਰ, ਜ਼ਿਲ੍ਹਾ ਸਿੱਖਿਆ ਵਿਭਾਗ ਸੈਕੰਡਰੀ ਤੋਂ ਜਗਮੀਤ ਸਿੰਘ, ਜ਼ਿਲ੍ਹਾ ਸਿੱਖਿਆ ਐਲੀਮੈਂਟਰੀ ਤੋਂ ਡਿਪਟੀ ਡੀ.ਈ.ਓ ਮਨਿੰਦਰ ਕੌਰ, ਡੀ.ਆਈ .ਸੀ ਤੋਂ ਫੰਕਸ਼ਨਲ ਮੈਨੇਜਰ ਸੁਖਵਿੰਦਰ ਸਿੰਘ, ਜ਼ਿਲ੍ਹਾ ਸਿੱਖਿਆ ਵਿਭਾਗ ਸੈਕੰਡਰੀ ਤੋਂ ਜਗਮੀਤ ਸਿੰਘ, ਪੀ.ਆਰ.ਟੀ ਸੀ. ਵਿਭਾਗ ਤੋਂ ਸੁਪਰਡੈਂਟ ਸਬਰ ਅਲੀ, ਜ਼ਿਲ੍ਹਾ ਫੈਕਟਰੀਜ ਵਿਭਾਗ ਤੋਂ ਸੁਖਵਿੰਦਰ ਸਿੰਘ ਹਾਜ਼ਰ ਸਨ।

Advertisements

LEAVE A REPLY

Please enter your comment!
Please enter your name here