ਪੁਲਿਸ ਨੇ ਵਿਦਿਆਰਥੀ ਅਗਵਾਕਾਂਡ ਦੀ ਗੁੱਥੀ ਸੁਲਝਾਈ,ਅਗਵਾਹਕਾਰਾਂ ਨੇ ਰਿਹਾਈ ਲਈ ਮੰਗੀ ਸੀ 50 ਲੱਖ ਦੀ ਫਿਰੌਤੀ

ਚੰਡੀਗੜ/ਐਸ.ਏ.ਐਸ. ਨਗਰ(ਦ ਸਟੈਲਰ ਨਿਊਜ਼)। ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਤੱਤਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਇੱਕ ਹੋਰ ਸਫਲਤਾ ਦਰਜ ਕਰਦਿਆਂ ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ ਤਿੰਨ ਦੋਸ਼ੀਆਂ ਨੂੰ ਗਿ੍ਰਫਤਾਰ ਕਰ ਕੇ ਖਰੜ ਦੇ ਇਕ ਨੌਜਵਾਨ, ਜਿਸਨੂੰ ਹਨੀਟਰੈਪ ਕਰਕੇ ਅਗਵਾ ਕਰ ਲਿਆ ਗਿਆ ਸੀ, ਦੇ ਮਾਮਲੇ ਨੂੰ ਮਹਿਜ਼ 48 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਸੁਲਝਾ ਲਿਆ ਹੈ। ਡੀ.ਆਈ.ਜੀ. ਏ.ਜੀ.ਟੀ.ਐਫ.-ਕਮ-ਰੋਪੜ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਚੰਡੀਗੜ ਯੂਨੀਵਰਸਿਟੀ ਘੜੂੰਆਂ ਵਿੱਚ ਬੀ.ਈ. ਦੇ ਵਿਦਿਆਰਥੀ, ਜਿਸਦੀ ਪਛਾਣ ਹਿਤੇਸ਼ ਭੂਮਲਾ ਵਜੋਂ ਹੋਈ ਹੈ , ਨੂੰ ਬਾ-ਹਿਫ਼ਾਜ਼ਤ ਬਚਾ ਲਿਆ ਹੈ।  ਉਕਤ ਵਿਦਿਆਰਥੀ ਨੂੰ ਖਰੜ ਦੇ ਰਣਜੀਤ ਨਗਰ ਵਿੱਚ ਕਿਰਾਏ ਦੇ ਮਕਾਨ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਰੱਖਿਆ ਗਿਆ ਸੀ। ਅਗਵਾਹਕਾਰਾਂ ਵਲੋਂ  ਲੜਕੇ ਦੇ ਮਾਪਿਆਂ ਤੋਂ 50 ਲੱਖ ਰੁਪਏ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਸੀ। ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅਜੈ ਕਾਦਿਆਨ (25) ਵਾਸੀ ਪਿੰਡ ਜੱਟਲ, ਪਾਣੀਪਤ, ਹਰਿਆਣਾ , ਅਜੈ (22) ਵਾਸੀ ਪਿੰਡ ਆਬੂਦ, ਸਿਰਸਾ ਹਰਿਆਣਾ ਅਤੇ ਰਾਖੀ ਵਾਸੀ ਪਿੰਡ ਬਰੋਲੀ, ਸੋਨੀਪਤ, ਹਰਿਆਣਾ  ਵਜੋਂ ਹੋਈ ਹੈ। ਪੁਲਿਸ ਨੇ ਇਨਾਂ ਦੋਸ਼ੀਆਂ ਕੋਲੋਂ ਇੱਕ ਹੌਂਡਾ ਸਿਟੀ ਕਾਰ, ਪੰਜ ਮੋਬਾਈਲ ਫੋਨ ਅਤੇ ਇੱਕ .32 ਬੋਰ ਦਾ ਪਿਸਤੌਲ ਸਮੇਤ 9 ਕਾਰਤੂਸ ਵੀ ਬਰਾਮਦ ਕੀਤੇ ਹਨ।

Advertisements

ਡੀ.ਆਈ.ਜੀ. ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੁਲਿਸ ਨੂੰ ਹਿਤੇਸ਼ ਦੇ ਮਾਪਿਆਂ ਤੋਂ ਸ਼ਿਕਾਇਤ ਮਿਲੀ ਸੀ ਕਿ ਉਨਾਂ ਦਾ ਪੁੱਤਰ ਲਾਪਤਾ ਹੋ ਗਿਆ ਹੈ ਅਤੇ ਅਗਵਾਕਾਰ ਉਨਾਂ ਤੋਂ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕਰ ਰਹੇ ਹਨ। ਪੁਲਿਸ ਟੀਮਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਥਾਣਾ ਸਦਰ ਖਰੜ ਵਿਖੇ ਆਈ.ਪੀ.ਸੀ. ਦੀ ਧਾਰਾ 364-ਏ ਅਤੇ 365 ਦੇ ਤਹਿਤ ਐਫ.ਆਈ.ਆਰ. ਦਰਜ ਕਰ ਕੇ ਤੁਰੰਤ ਪੁਲਿਸ ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਅਤੇ ਖੁਫੀਆ ਏਜੰਸੀ ਦੀ ਮਦਦ  ਨਾਲ ਕਾਰਵਾਈ ਸੁਰੂ ਕਰ ਦਿੱਤੀ ਗਈ  ਹੈ। ਉਨਾਂ ਦੱਸਿਆ ਕਿ ਡੀਐਸਪੀ ਗੁਰਸ਼ੇਰ ਸਿੰਘ, ਇੰਚਾਰਜ ਸੀ.ਆਈ.ਏ. ਇੰਸਪੈਕਟਰ ਸ਼ਿਵ ਕੁਮਾਰ ਦੀ ਅਗਵਾਈ ਵਿੱਚ ਸੀ.ਆਈ.ਏ. ਕੁਰੂਕਸ਼ੇਤਰ ਦੀਆਂ ਟੀਮਾਂ ਵੱਲੋਂ ਸ਼ੁੱਕਰਵਾਰ ਤੜਕੇ ਮੁਲਜ਼ਮਾਂ ਨੂੰ ਗਿ੍ਰਫਤਾਰ ਕਰ ਕੇ ਪੀੜਤ ਨੂੰ ਬਾ-ਹਿਫਾਜ਼ਤ ਬਚਾ ਲਿਆ ਗਿਆ।  ਉਨਾਂ ਕਿਹਾ ਕਿ ਜ਼ਿਲਾ ਪੁਲਿਸ ਅੰਬਾਲਾ, ਹਰਿਦੁਆਰ ਅਤੇ ਗਾਜ਼ੀਆਬਾਦ ਦੋਸ਼ੀਆਂ ਦੀ ਪਛਾਣ ਕਰਨ ਅਤੇ ਉਨਾਂ ਨੂੰ ਫੜਨ ਲਈ ਪੂਰੀ ਮੁਸਤੈਦੀ ਨਾਲ ਕਾਰਜਸ਼ੀਲ ਸੀ।

ਮੋਹਾਲੀ ਦੇ ਐਸ.ਐਸ.ਪੀ. ਵਿਵੇਕ ਸ਼ੀਲ ਸੋਨੀ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਲੜਕੀ ਰਾਖੀ ਨੇ ਸੋਸ਼ਲ ਮੀਡੀਆ ‘ਤੇ ਫਰਜ਼ੀ ਪ੍ਰੋਫਾਈਲ ਬਣਾ ਕੇ ਉਸ ਨਾਲ ਇੰਸਟਾਗ੍ਰਾਮ ਅਤੇ ਫੇਸਬੁੱਕ ‘ਤੇ ਦੋਸਤੀ ਕਰਨ ਤੋਂ ਬਾਅਦ ਉਸ ਨੂੰ ਮਿਲਣ ਦਾ ਲਾਲਚ ਦਿੱਤਾ।  “ਮਿਲਣ ਤੋਂ ਬਾਅਦ, ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਪੀੜਤ ਨੂੰ ਅਗਵਾ ਕਰ ਲਿਆ ਅਤੇ ਉਸ ਨੂੰ ਛੱਡਣ ਲਈ ਉਸਦੇ ਮਾਪਿਆਂ ਤੋਂ ਫਿਰੌਤੀ ਦੀ ਮੰਗ ਕੀਤੀ ’’ । ਉਨਾਂ ਕਿਹਾ ਕਿ ਅਗਲੇਰੀ ਜਾਂਚ ਜਾਰੀ ਹੈ।

LEAVE A REPLY

Please enter your comment!
Please enter your name here