‘ਖੇਡਾਂ ਵਤਨ ਪੰਜਾਬ ਦੀਆਂ’ ਲਈ ਹੁਣ ਤੱਕ 3155 ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਵਾਈ-ਡੀ.ਸੀ.

ਪਟਿਆਲਾ( ਦ ਸਟੈਲਰ ਨਿਊਜ਼)। ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਹੈ ਕਿ ਪਟਿਆਲਾ ਜ਼ਿਲ੍ਹੇ ਦੇ ਖਿਡਾਰੀਆਂ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਨੂੰ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਅੰਦਰ ਕੁੱਲ 3155 ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ, ਜਿਸ ਵਿੱਚੋਂ 1405 ਨੇ ਆਨਲਾਈਨ ਅਤੇ 1750 ਖਿਡਾਰੀਆਂ ਨੇ ਆਫ਼ਲਾਈਨ ਰਜਿਸਟ੍ਰੇਸ਼ਨ ਕਰਵਾਈ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਵਿਦਿਆਰਥੀਆਂ, ਨੌਜਵਾਨਾਂ ਤੇ ਸਮੂਹ ਖਿਡਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਦੇਖ-ਰੇਖ ਹੇਠ 29 ਅਗਸਤ ਤੋਂ ਕਰਵਾਈਆਂ ਜਾਣ ਵਾਲੀਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਅੰਦਰ ਵੀ ਇਹ ਖੇਡਾਂ ਕਰਵਾਉਣ ਲਈ ਟੀਮ ਪਟਿਆਲਾ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਤਹਿਤ 31 ਅਗਸਤ ਤੋਂ 7 ਸਤੰਬਰ ਤੱਕ ਇੱਥੇ ਬਲਾਕ ਪੱਧਰ ‘ਤੇ ਅਥਲੈਕਿਟਸ, ਫੁੱਟਬਾਲ, ਖੋ-ਖੋ, ਕਬੱਡੀ, ਰੱਸਾਕਸੀ ਅਤੇ ਵਾਲੀਬਾਲ ਦੇ ਮੁਕਾਬਲੇ ਕਰਵਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਖੇਡ ਅਫ਼ਸਰ ਸਾਸ਼ਵਤ ਰਾਜ਼ਦਾਨ ਦੀ ਟੀਮ ਵੱਲੋਂ ਪਟਿਆਲਾ ਸ਼ਹਿਰੀ ਬਲਾਕ ਦੀਆਂ ਖੇਡਾਂ ਪੋਲੋ ਗਰਾਂਊਂਡ ਵਿਖੇ, ਨਾਭਾ ਦੀਆਂ ਰਿਪੁਦਮਨ ਕਾਲਜ, ਪਾਤੜਾਂ ਦੀਆਂ ਖੇਡ ਸਟੇਡੀਅਮ ਘੱਗਾ, ਸ਼ੰਭੂ ਦੀਆਂ ਕਪੂਰੀ ਸਕੂਲ ਵਿਖੇ, ਭੁਨਰਹੇੜੀ ਬਲਾਕ ਦੀਆਂ ਖੇਡਾਂ ਸ਼ਹੀਦ ਊਧਮ ਸਿੰਘ ਸਟੇਡੀਅਮ ਭੁਨਰਹੇੜੀ ਅਤੇ ਨਵੋਦਿਆ ਵਿਦਿਆਲਿਆ ਫ਼ਤਹਿਪੁਰ ਰਾਜਪੂਤਾਂ ਵਿਖੇ ਕਰਵਾਈਆਂ ਜਾਣਗੀਆਂ। ਇਸ ਤੋਂ ਬਿਨ੍ਹਾਂ ਸਮਾਣਾ ਬਲਾਕ ਦੀਆਂ ਪਬਲਿਕ ਕਾਲਜ ਤੇ ਬੁੱਢਾ ਦਲ ਪਬਲਿਕ ਸਕੂਲ ਸਮਾਣਾ ਵਿਖੇ, ਪਟਿਆਲਾ ਦਿਹਾਤੀ ਦੀਆਂ ਫ਼ਿਜੀਕਲ ਕਾਲਜ, ਰਾਜਪੁਰਾ ਦੀਆਂ ਨੀਲਪੁਰ ਸਟੇਡੀਅਮ, ਘਨੌਰ ਦੀਆਂ ਲਾਛੜੂ ਵਿਖੇ ਅਤੇ ਸਨੌਰ ਦੀਆਂ ਸ਼ਹੀਦ ਊਧਮ ਸਿੰਘ ਸਟੇਡੀਅਮ ਸਨੌਰ ਵਿਖੇ ਖੇਡਾਂ ਕਰਵਾਈਆਂ ਜਾਣਗੀਆਂ।

Advertisements

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੇਜਰ ਧਿਆਨ ਚੰਦ ਦੇ ਜਨਮ ਦਿਨ 29 ਅਗਸਤ ਨੂੰ ਕੌਮੀ ਖੇਡ ਦਿਵਸ ਮੌਕੇ ਸ਼ੁਰੂ ਵਾਲੀਆਂ ਇਨ੍ਹਾਂ ਖੇਡਾਂ ‘ਚ ਬਲਾਕ ਤੋਂ ਸੂਬਾ ਪੱਧਰ ਤੱਕ ਦੇ ਹਿੱਸਾ ਲੈਣ ਦੇ ਚਾਹਵਾਨ ਖਿਡਾਰੀ ਆਨਲਾਈਨ ਪੋਰਟਲ https://www.punjabkhedmela2022.in/ ਉਤੇ ਜਾ ਕੇ 25 ਅਗਸਤ ਤੱਕ ਰਜਿਸਟ੍ਰੇਸ਼ਨ ਕਰਵਾਉਣ। ਇਸ ਤੋਂ ਬਿਨ੍ਹਾਂ ਜ਼ਿਲ੍ਹਾ ਖੇਡ ਅਫ਼ਸਰ ਪਟਿਆਲਾ ਦੇ ਦਫ਼ਤਰ ‘ਚ ਜਾ ਕੇ ਵੀ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ।

LEAVE A REPLY

Please enter your comment!
Please enter your name here