ਅਪਰਾਧ, ਹਿੰਸਾ ਅਤੇ ਨਸ਼ੇ ਦੇ ਖਾਤਮੇ ਲਈ ਮਹੱਤਵਪੂਰਨ ਭੂਮਿਕਾ ਨਿਭਾਅ ਰਹੀ ਹੈ ਪੰਜਾਬ ਪੁਲਿਸ: ਸ਼ਸੀ ਪ੍ਰਭਾ ਦਿਵੇਦੀ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)।     ਬੇਸਿਕ ਰਿਕਰੂਟਸ ਕੋਰਸ ਬੈਚ ਨੰਬਰ 264 (ਜਿ਼ਲ੍ਹਾ ਕੇਡਰ) ਦੀ ਪਾਸਿੰਗ ਆਊਟ ਪਰੇਡ ਪੀ.ਆਰ.ਟੀ.ਸੀ., ਜਹਾਨਖੇਲਾਂ ਦੇ ਚਮਨ ਸਟੇਡੀਅਮ ਵਿਖੇ ਕਰਵਾਈ ਗਈ ਜਿਸ ਵਿੱਚ ਕੁੱਲ 263  ਰਿਕਰੂਟਸ ਸਿਖਿਆਰਥੀ, ਜਿਸ ਵਿੱਚ 231 ਰਿਕਰੂਟਸ ਸਿਪਾਹੀ ਅਤੇ 32 ਮਹਿਲਾ ਰਿਕਰੂਟਸ ਸਿਪਾਹੀ ਸ਼ਾਮਿਲ ਸਨ, ਨੂੰ ਪਾਸ ਆਊਟ ਕੀਤਾ ਗਿਆ ਹੈ। ਸ਼੍ਰੀਮਤੀ ਸ਼ਸ਼ੀ ਪ੍ਰਭਾ ਦਿਵੇਦੀ, ਆਈ.ਪੀ.ਐਸ., ਵਧੀਕ ਡਾਇਰੈਕਟਰ ਜਨਰਲ ਪੁਲਿਸ, ਐਚ.ਆਰ.ਡੀ., ਪੰਜਾਬ,ਚੰਡੀਗੜ੍ਹ ਨੇ ਬਤੌਰ ਮੁੱਖ ਮਹਿਮਾਨ ਪਰੇਡ ਦਾ ਨਿਰੀਖਣ ਕੀਤਾ ਅਤੇ ਇੱਕ ਪ੍ਰਭਾਵਸ਼ਾਲੀ ਮਾਰਚ ਪਾਸਟ ਤੋਂ ਸਲਾਮੀ ਲਈ। ਮੁੱਖ ਮਹਿਮਾਨ ਸ਼੍ਰੀਮਤੀ ਸ਼ਸ਼ੀ ਪ੍ਰਭਾ ਦਿਵੇਦੀ ਨੇ ਪਾਸ ਆਊਟ ਹੋ ਕੇ ਜਾ ਰਹੇ ਸਿਖਿਆਰਥੀਆਂ ਨੂੰ ਲੋਕ ਸੇਵਾ ਦੇ ਸੰਕਲਪ ਹਿੱਤ ਸੁਚੇਤ ਕਰਾਇਆ ਅਤੇ ਆਖਿਆ ਕਿ ਅੱਜ ਦੇ ਸਮੇਂ ਵਿੱਚ ਪੰਜਾਬ ਪੁਲਿਸ ਸਮਾਜ ਵਿਚੋਂ ਅਪਰਾਧ, ਹਿੰਸਾ ਅਤੇ ਨਸ਼ੇ ਦੇ ਖਾਤਮੇ ਲਈ ਬਹੁਤ ਹੀ ਮਹੱਤਵਪੂਰਨ ਭੂਮਿਕਾ ਅਦਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਕਾਂਸਟੇਬਲਰੀ ਪੁਲਿਸ ਵਿਭਾਗ ਦੀ ਰੀੜ੍ਹ ਦੀ ਹੱਡੀ ਹੈ ਅਤੇ ਪੁਲਿਸ ਕਰਮੀ ਵਾਸਤੇ ਦੇਸ਼ ਅਤੇ ਸਮਾਜ ਆਪਣੇ ਨਿੱਜ ਅਤੇ ਪਰਿਵਾਰ ਤੋਂ ਪਹਿਲਾਂ ਆਉਂਦੇ ਹਨ। ਉਨ੍ਹਾਂ ਪਾਸ ਆਊਟ ਹੋ ਰਹੇ ਸਮੂਹ ਸਿਖਿਆਰਥੀਆਂ ਨੂੰ ਹਰ ਤਰ੍ਹਾਂ ਦੀ ਚੁਣੌਤੀ ਅਤੇ ਆਮ ਜੁਰਮ ਆਦਿ ਦਾ ਸਾਹਮਣਾ ਕਰਨ ਲਈ ਪ੍ਰੇਰਣਾ ਦਿੱਤੀ। ਮੁੱਖ ਮਹਿਮਾਨ ਨੇ ਦੱਸਿਆ ਕਿ ਜੇਕਰ ਜਾਂਬਾਜ਼ ਅਤੇ ਸੁਲਝੇ ਹੋਏ ਪੁਲਿਸ ਕਰਮੀ ਨਾ ਹੋਣ ਤਾਂ ਸਮਾਜ ਵਿੱਚ ਮਾੜੇ ਅਨਸਰ ਅਪਰਾਧ ਅਤੇ ਹਿੰਸਾ ਫ਼ੈਲਾਅ ਕੇ ਵੱਡੇ ਪੱਧਰ ਤੇ ਨੁਕਸਾਨ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਕਰਮਚਾਰੀਆਂ ਨੇ ਅੱਤਵਾਦ ਦੇ ਮਾੜੇ ਸਮੇਂ ਦੌਰਾਨ ਜਿਸ ਤਰ੍ਹਾਂ ਦਲੇਰੀ ਨਾਲ ਡਿਊਟੀ ਨਿਭਾਈ ਹੈ ਉਸੇ ਤਰ੍ਹਾਂ ਹੁਣ ਕੋਵਿਡ19 ਮਹਾਂਮਾਰੀ ਦੌਰਾਨ ਵੀ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਬਹੁਤ ਦਲੇਰੀ ਨਾਲ ਡਿਊਟੀ ਨਿਭਾਈ ਹੈ, ਜੋ ਉਨ੍ਹਾਂ ਨੂੰ ਦਿੱਤੀ ਟ੍ਰੇਨਿੰਗ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਅਤੇ ਇਸ ਦੇ ਗੁਆਂਢੀ ਰਾਜਾਂ ਵਿੱਚ ਗੈਂਗਸਟਰਾਂ, ਲੁਟੇਰਿਆਂ ਅਤੇ ਨਸ਼ਾ ਤਸਕਰਾਂ ਵੱਲੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ, ਜਿਸ ਦਾ ਪੰਜਾਬ ਪੁਲਿਸ ਵੱਲੋਂ ਸਖ਼ਤੀ ਨਾਲ ਮੁਕਾਬਲਾ ਕਰਦੇ ਹੋਏ ਇਸ ਤੇ ਕਾਬੂ ਪਾਇਆ ਜਾ ਰਿਹਾ ਹੈ ਅਤੇ ਜਲਦ ਹੀ ਇਸ ਨੂੰ ਵੀ ਜੜ੍ਹੋਂ ਖਤਮ ਕਰ ਦਿੱਤਾ ਜਾਵੇਗਾ।

Advertisements

ਮੁੱਖ ਮਹਿਮਾਨ ਨੇ ਟਰੇਨੀਜ਼ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਵੀ ਮੁਬਾਰਕਬਾਦ ਦਿੱਤੀ ਅਤੇ ਆਸ ਪ੍ਰਗਟਾਈ ਕਿ ਪੀ.ਆਰ.ਟੀ.ਸੀ., ਜਹਾਨਖੇਲਾਂ ਤੋਂ ਮਿਆਰੀ ਟ੍ਰੇਨਿੰਗ ਪ੍ਰਾਪਤ ਕਰਕੇ ਇਹ ਟਰੇਨੀਜ਼ ਫ਼ੀਲਡ ਵਿੱਚ ਪੂਰੀ ਮਿਹਨਤ ਨਾਲ ਡਿਊਟੀ ਕਰਨਗੇ। ਮੁੱਖ ਮਹਿਮਾਨ ਵੱਲੋਂ ਪਰੇਡ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਕੇਂਦਰ ਦੇ ਕਮਾਂਡੈਂਟ, ਅਧਿਕਾਰੀਆਂ ਅਤੇ ਸਮੂਹ ਸਟਾਫ਼ ਦੀ ਸ਼ਲਾਘਾ ਕੀਤੀ।   ਇਸ ਮੌਕੇ ਪੇਸ਼ ਕਾਰਗੁਗ਼ਾਰੀ ਰਿਪੋਰਟ ਵਿੱਚ ਪੀ.ਆਰ.ਟੀ.ਸੀ., ਜਹਾਨਖੇਲਾਂ ਦੇ ਕਮਾਂਡੈਂਟ ਸ਼੍ਰੀ ਹਰਪ੍ਰੀਤ ਸਿੰਘ ਮੰਡੇਰ, ਪੀ.ਪੀ.ਐਸ. ਨੇ ਸਿਖਲਾਈ ਦੌਰਾਨ ਸਿਖਿਆਰਥੀਆਂ ਨੂੰ ਦਿੱਤੀ ਪੇਸ਼ੇਵਰਾਨਾ ਸਿਖਲਾਈ ਜਿਵੇਂ ਕਿ ਸੰਕਟਮਈ ਹਾਲਤਾਂ ਵਿੱਚ ਪੁਲਿਸ ਕਰਮਚਾਰੀਆਂ ਦੀ ਭੂਮਿਕਾ, ਅਮਨ ਸ਼ਾਤੀ ਕਾਇਮ ਰੱਖਣਾ, ਅਪਰਾਧ ਤੇ ਕਾਬੂ ਪਾਉਣਾ, ਸੰਵੇਦਨਸ਼ੀਲ ਡਿਊਟੀਆਂ, ਕੰਪਿਊਟਰ, ਸੀ ਸੀ ਟੀ ਵੀ ਬਾਇਓ-ਮੀਟਰਿਕਸਅਕਸੈਸ ਕੰਟਰੋਲ ਆਦਿ ਦੀ ਭੂਮਿਕਾ ਅਤੇ ਡਿਜ਼ਾਸਟਰ ਮੈਨੇਜਮੈਂਟ, ਐਂਟੀਸਾਬੋਤਾਜ ਚੈਕਿੰਗ, ਫਸਟ ਏਡ ਤੋ ਇਲਾਵਾ ਇਲੈਕਟ੍ਰੋਨਿਕ ਉਪਕਰਣਾਂ ਦਾ ਇਸਤੇਮਾਲ ਆਦਿ ਦੇ ਹੁਨਰਾਂ ਦਾ ਵੇਰਵਾ ਦਿੱਤਾ। ਮੌਜੂਦਾ ਹਲਾਤ ਨੂੰ ਮੁੱਖ ਰੱਖਦੇ ਹੋਏ ਗੈਂਗਸਟਰਾਂ ਦੀਆਂ ਅਪਰਾਧਿਕ ਗਤੀਵਿਧੀਆਂ ਅਤੇ ਡਰੱਗ ਸਮੱਗਲਿੰਗ ਨੂੰ ਰੋਕਣ ਲਈ ਪੁਲਿਸ ਸਾਹਮਣੇ ਜੋ ਬਹੁਤ ਵੱਡੀ ਚੁਣੌਤੀ ਹੈ,  ਦਾ ਬਹਾਦਰੀ ਨਾਲ ਟਾਕਰਾ ਕਰਨ ਸਬੰਧੀ ਵੀ ਸਿਖ਼ਲਾਈ ਦਿੱਤੀ ਗਈ ਹੈ। ਸੁਰੱਖਿਆ ਨਾਲ ਜੁੜੀਆਂ ਹੋਈਆਂ ਮਹੱਤਵਪੂਰਨ ਵਿਹਾਰਿਕ ਕਾਰਜ ਪ੍ਰਣਾਲੀਆਂ ਅਤੇ ਉਨ੍ਹਾਂ ਦਾ ਸਹੀ ਤਰੀਕੇ ਨਾਲ ਉਪਯੋਗ ਕਰਨਾ ਵੀ ਇਨ੍ਹਾਂ  ਟਰੇਨੀਜ਼ ਨੂੰ ਸਿਖਾਇਆ ਗਿਆ ਹੈ।

ਸਿਖਿਆਰਥੀਆਂ ਵੱਲੋਂ ਇਸ ਮੌਕੇ ਵੱਖ-ਵੱਖ ਪੇਸ਼ੇਵਾਰਾਨਾ ਅਤੇ ਸੱਭਿਆਚਾਰਕ ਗਤੀਵਿਧੀਆਂ, ਸਮੂਹਿਕ ਸਰੀਰਿਕ ਕਸਰਤਾਂ, ਬਿਨਾਂ ਹਥਿਆਰਾਂ ਦੇ ਲੜਾਈ, ਮਲ਼ਖਮ, ਮਲਵਈ ਗਿੱਧਾ, ਭੰਗੜਾ ਆਦਿ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵਧੀਆ ਕਾਰਗੁਜ਼ਾਰੀ ਲਈ ਕੇਂਦਰ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਪੁਰਸਕਾਰ ਜੇਤੂਆਂ ਨੂੰ ਮੁੱਖ ਮਹਿਮਾਨ ਨੇ ਸਨਮਾਨਿਤ ਵੀ ਕੀਤਾ।     ਇਸ ਉਪਰੰਤ ਮੁੱਖ ਮਹਿਮਾਨ ਵੱਲੋਂ ਨਵੇਂ ਬਣੇ ਕੁਆਰਟਰ ਗਾਰਦ ਰੂਮ, ਗੇਟ ਨੰ: 02 ਕੋਲ ਗਾਰਦ ਰੂਮ ਅਤੇ ਸੰਤਰੀ ਪੋਸਟ, ਮੇਨ ਗੇਟ ਨਜ਼ਦੀਕ ਸਕਿਉਰਟੀ ਸਰਵੀਲੈਂਸ ਰੂਮ ਦਾ ਉਦਘਾਟਨ ਕੀਤਾ ਗਿਆ ਅਤੇ ਕੈਂਪਸ ਅੰਦਰ ਪਾਰਕ ਵਿੱਚ ਤ੍ਰਿਵੇਣੀ ਵੀ ਲਗਾਈ ਗਈ।      ਇਸ ਮੌਕੇ ਸ਼੍ਰੀ ਸਰਤਾਜ ਸਿੰਘ ਚਾਹਲ, ਆਈ.ਪੀ.ਐਸ., ਸੀਨੀਅਰ ਪੁਲਿਸ ਕਪਤਾਨ, ਹੁਸਿ਼ਆਰਪੁਰ, ਪਦਮਸ਼੍ਰੀ, ਸ਼੍ਰੀ ਪ੍ਰੇਮ ਚੰਦ (ਅੰਤਰਰਾਸ਼ਟਰੀ ਬਾਡੀ ਬਿਲਡਰ), ਮਾਧੁਰੀ ਏ ਸਿੰਘ (ਅੰਤਰਰਾਸ਼ਟਰੀ ਐਥਲੀਟ) ਅਰਜਨਾ ਐਵਾਰਡੀ, ਸ਼੍ਰੀ ਸੋਹਣ ਸਿੰਘ, ਸੁਪਰਡੈਂਟ (ਟ੍ਰੇਨਿੰਗ ਬ੍ਰਾਂਚ), ਚੰਡੀਗੜ੍ਹ, ਐਸ.ਆਈ. ਅਮਰੀਕ ਸਿੰਘ ਰੀਡਰ ਅਤੇ ਕੇਂਦਰ ਦੇ ਸ਼੍ਰੀ ਗੁਰਜੀਤ ਪਾਲ ਸਿੰਘ, ਡੀ.ਐਸ.ਪੀ., ਸ਼੍ਰੀ ਹਰਜੀਤ ਸਿੰਘ, ਡੀ.ਐਸ.ਪੀ., ਸ਼੍ਰੀ ਕੁਲਦੀਪ ਸਿੰਘ, ਡੀ.ਐਸ.ਪੀ., ਸ਼੍ਰੀ ਮਲਕੀਅਤ ਸਿੰਘ, ਡੀ.ਐਸ.ਪੀ., ਡਾ. ਸੌਰਭ, ਸ਼੍ਰੀ ਅਮਿਤ ਧਵਨ, ਏ.ਡੀ.ਏ., ਆਦਿ ਵੀ ਹਾਜ਼ਰ ਸਨ।                        

LEAVE A REPLY

Please enter your comment!
Please enter your name here