ਡੇਂਗੂ ਨੂੰ ਕਾਬੂ ਕਰਨ ਲਈ ਹਰ ਸ਼ੁਕਰਵਾਰ ਡਰਾਈ ਡੇ ਵਜੋਂ ਮਨਾਇਆ ਜਾਵੇ: ਸਿਵਲ ਸਰਜਨ

ਫਿਰੋਜ਼ਪੁਰ (ਦ ਸਟੈਲਰ ਨਿਊਜ਼): ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਕਾਰਜਕਾਰੀ ਸਿਵਲ ਸਰਜਨ ਡਾ: ਰਾਜਿੰਦਰ ਮਨਚੰਦਾ ਦੀ ਅਗਵਾਈ ਵਿੱਚ ਵੱਖ ਵੱਖ ਸਿਹਤ ਗਤੀਵਿਧੀਆਂ ਲਗਾਤਾਰ ਜਾਰੀ ਹਨ। ਇਸ ਸਿਲਸਿਲੇ ਵਿੱਚ ਜ਼ਿਲੇ ਅੰਦਰ ਡੇਂਗੂ ਕੰਟਰੋਲ ਪ੍ਰੋਗ੍ਰਾਮ ਬਾਰੇ ਸਬੰਧਤ ਅਧਿਕਾਰੀਆਂ ਨਾਲ ਇੱਕ ਸੰਖੇਪ ਰੀਵਿਊ ਮੀਟਿੰਗ ਦੌਰਾਨ ਉਹਨਾਂ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਫਰਾਈ ਡੇ ਡਰਾਈ ਡੇ ਦੇ ਨਾਅਰੇ ਨੂੰ ਸਾਰਥਕ ਬਨਾਉਣ ਸਾਰੇ ਢੁਕਵੇਂ ਉਪਰਾਲੇ ਕਰਨ ਦੀ ਹਿਦਾਇਤ ਕੀਤੀ।

Advertisements

ਇਸ ਮੌਕੇ ਜ਼ਿਲਾ ਨਿਵਾਸੀਆਂ ਦੇ ਨਾਮ ਜਾਰੀ ਇੱਕ ਅਪੀਲ ਵਿੱਚ ਡਾ: ਮਨਚੰਦਾ ਨੇ ਕਿਹਾ ਕਿ ਡੇਂਗੂ ਰੋਗ ਏਡੀਜ ਇਜਿਪਟਿਸ ਮੱਛਰ ਦੇ ਕੱਟਣ ਨਾਲ ਹੁੰਦਾ ਹੈ, ਇਹ ਇੱਕ ਵਾਇਰਲ ਬੀਮਾਰੀ ਹੈ ਜਿਸ ਵਿੱਚ ਤੇਜ਼ ਬੁਖਾਰ, ਸਿਰ ਦਰਦ, ਅੱਖਾਂ ਦੇ ਪਿੱਛਲੇ ਭਾਗ ਵਿੱਚ ਦਰਦ, ਸਰੀਰ ਅਤੇ ਜੋੜਾਂ ਵਿੱਚ ਦਾ ਅਸਹਿ ਦਰਦ ਆਦਿ ਲੱਛਣ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਨੂੰ  ਫੈਲਾਉਣ ਵਾਲੇ ਮੱਛਰ ਖੜੇ ਸਾਫ ਪਾਣੀ ਵਿੱਚ ਵੱਧਦੇ ਹਨ ਅਤੇ ਇਹ ਦਿਨ ਵੇਲੇ ਕੱਟਦੇ ਹਨ। ਸਿਵਲ ਸਰਜਨ ਨੇ ਦੱਸਿਆ ਕਿ ਮੱਛਰਾਂ ਦੇ ਵਾਧੇ ਨੂੰ ਰੋਕਣ ਲਈ ਘਰਾਂ ਅੰਦਰ ਕਿਸੇ ਵੀ ਰੂਪ ਵਿੱਚ ਪਾਣੀ ਖੜਾ ਹੋਣ ਦੇਣ ਤੋਂ ਰੋਕਣਾ ਚਾਹੀਦਾ ਹੈ। ਘਰਾਂ ਅੰਦਰ ਕੂਲਰਾਂ ਦਾ ਪਾਣੀ ਹਫਤੇ ਵਿੱਚ ਇੱਕ ਵਾਰ ਜ਼ਰੂਰ ਬਦਲਣਾ ਚਾਹੀਦਾ ਹੈ। ਕਿਉਂਕਿ ਡੇਂਗੂ ਦਾ ਲਾਰਵਾ ਇੱਕ ਹਫਤੇ ਵਿੱਚ ਮੱਛਰ ਦੇ ਰੂਪ ਵਿੱਚ ਪਰਵਰਤਿਤ ਹੋ ਜਾਂਦਾ ਹੈ। ਇਸੇ ਲਈ ਸਿਹਤ ਵਿਭਾਗ ਵੱਲੋਂ ‘ਫਰਾਈਡੇ ਡ੍ਰਾਈ ਡੇ’ ਦਾ ਨਾਰਾ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਘਰਾਂ ਦਫਤਰਾਂ ਅਤੇ ਦੁਕਾਨਾਂ ਦੀਆਂ ਛੱਤਾਂ ਆਦਿ ਉੱਤੇ ਪਏ ਕਬਾੜ ਸਾਮਾਨ, ਟਾਇਰ  ਅਤੇ ਗਮਲਿਆਂ ਆਦਿ ਵਿੱਚ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ।

ਇਸ ਅਵਸਰ ਤੇ ਜ਼ਿਲਾ ਐਪੀਡੀਮਾਲੋਜਿਸਟ ਡਾ:ਯੁਵਰਾਜ ਨਾਰੰਗ ਨੇ ਦੱਸਿਆ ਕਿ ਅੱਜ ਵਿਭਾਗ ਦੇ ਕਰਮਚਾਰੀਆਂ ਐਮ.ਪੀ.ਐਚ.ਡਬਯੂ. ਰਮਨ ਕੁਮਾਰ ਵੱਲੋਂ ਫਿਰੋਜ਼ਪੁਰ ਸਿਟੀ ਦੇ ਰੋਹਿਤ ਪਬਲਿਕ ਸਕੂਲ, ਵਿਕਾਸ ਅਤੇ ਰਾਕੇਸ਼ ਕੁਮਾਰ ਵੱਲੋਂ ਪੁਲਿਸ ਲਾਈਨ ਸਕੂਲ, ਨਰਿੰਦਰ ਕੁਮਾਰ ਵੱਲੋਂ ਮਾਨਵ ਮੰਦਿਰ ਸਕੂਲ ਫਿਰੋਜ਼ਪੁਰ ਅਤੇ ਰਵਿੰਦਰ ਕੁਮਾਰ ਤੇ ਪੁਨੀਤ ਮਹਿਤਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ਼ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਜਾਗਰੂਕਤਾ ਸਭਾਵਾ ਕਰਕੇ ਮਲੇਰੀਆ ,ਡੇਂਗੂ ਅਤੇ ਚਿਕਨਗੁਨੀਆ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ। ਡਾ:ਯੁਵਰਾਜ ਨੇ ਆਪਣੀ ਗੱਲ ਜਾਰੀ ਰੱਖਦਿਆਂ ਇਹ ਵੀ ਕਿਹਾ ਕਿ ਮੱਛਰਾਂ ਦੇ ਕੱਟਣ ਤੋਂ ਬਚਾਅ ਲਈ ਸਰੀਰ ਨੂੰ ਪੂਰੀ ਤਰਾਂ ਢੱਕਣ ਵਾਲੇ ਕੱਪੜੇ ਪਹਿਨਣੇ ਚਾਹੀਦੇ ਹਨ ਅਤੇ ਮੱਛਰਦਾਨੀਆਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ । ਵਿਅਕਤੀ ਨੂੰ ਤੇਜ਼ ਬੁਖਾਰ, ਸਰੀਰ ਦਰਦ ਦੀ ਸੂਰਤ ਵਿੱਚ ਨੇੜੇ ਦੇ ਸਿਹਤ ਕੇਂਦਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਡੇਂਗੂ ਦੀ ਜਾਂਚ ਅਤੇ ਇਲਾਜ ਸਰਕਾਰੀ ਹਸਪਤਾਲਾਂ ਵਿਖੇ ਮੁਫਤ ਉਪਲੱਬਧ ਹੈ।

LEAVE A REPLY

Please enter your comment!
Please enter your name here