ਫ਼ਸਲਾਂ ਦੀ ਰਹਿੰਦ ਖੂੰਹਦ ਦਾ ਤਕਨੀਕੀ ਸਾਧਨ ਨਾਲ ਨਿਪਟਾਰਾ ਕਰਕੇ  ਨਰਿੰਦਰਪਾਲ ਸਿੰਘ ਹੋਰਨਾਂ ਕਿਸਾਨਾਂ ਲਈ ਬਣਿਆ ਰਾਹ ਦਸੇਰਾ

ਪਟਿਆਲਾ(ਦ ਸਟੈਲਰ ਨਿਊਜ਼)। ਫ਼ਸਲਾਂ ਦੀ ਰਹਿੰਦ-ਖੂੰਹਦ ਦਾ ਤਕਨੀਕੀ ਸਾਧਨਾਂ ਦੀ ਮਦਦ ਨਾਲ ਨਿਪਟਾਰਾ ਕਰਨ ਵਾਲਾ ਪਿੰਡ ਭਾਨਰੀ ਦਾ ਨੌਜਵਾਨ ਕਿਸਾਨ ਨਰਿੰਦਰਪਾਲ ਸਿੰਘ ਨੇੜਲੇ ਪਿੰਡਾਂ ਦੇ ਕਿਸਾਨਾਂ ਲਈ ਰਾਹ ਦਸੇਰਾ ਬਣਿਆ ਹੈ, ਜਿਸ ਨੂੰ ਦੇਖਕੇ ਪਿੰਡ ਭਾਨਰੀ ਤੇ ਆਲੇ ਦੁਆਲੇ ਦੇ ਪਿੰਡਾਂ ਦੇ ਕਿਸਾਨਾਂ ਵੱਲੋਂ ਨਵੀਂਆਂ ਤਕਨੀਕਾਂ ਦੀ ਵਰਤੋਂ ਕਰਕੇ ਫ਼ਸਲਾਂ ਦੀ ਰਹਿੰਦ-ਖੂੰਹਦ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ ਤੇ ‘ਸੰਗਠਿਤ ਖੇਤੀ ਪ੍ਰਣਾਲੀ’ ਨੂੰ ਵੀ ਅਪਣਾਇਆ ਜਾ ਰਿਹਾ ਹੈ।
38 ਸਾਲਾਂ ਨੌਜਵਾਨ ਕਿਸਾਨ ਨਰਿੰਦਰਪਾਲ ਸਿੰਘ ਨੇ ਆਪਣੇ ਖੇਤੀ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਉਸਨੇ ਆਪਣੀ 20 ਏਕੜ ਜ਼ਮੀਨ ਵਿੱਚ ਪਿਛਲੇ ਚਾਰ ਸਾਲਾਂ ਤੋਂ ਫ਼ਸਲਾਂ ਦੀ ਰਹਿੰਦ ਖੂੰਹਦ ਦਾ ਬਿਨ੍ਹਾਂ ਅੱਗ ਲਗਾਏ ਹੈਪੀ ਸੀਡਰ ਮਸ਼ੀਨ ਦੀ ਵਰਤੋਂ ਕਰਕੇ ਪਰਾਲੀ ਨੂੰ ਮਿੱਟੀ ਵਿੱਚ ਹੀ ਮਿਲਾਇਆ ਹੈ ਅਤੇ ਕਣਕ ਦੀ ਬਿਜਾਈ ਕੀਤੀ ਹੈ। ਉਨ੍ਹਾਂ ਦੱਸਿਆ ਕਿ ਚਾਰ ਸਾਲਾਂ ਵਿੱਚ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਵੀ ਵਾਧਾ ਹੋਇਆ ਹੈ ਤੇ ਖਾਂਦਾ ਦੀ ਵਰਤੋਂ ਵਿੱਚ ਵੀ ਕਮੀ ਆਈ ਹੈ। ਨਰਿੰਦਰ ਸਿੰਘ ਨੇ ਦੱਸਿਆ ਕਿ ਮੇਰੇ ਸਫਲ ਤਜਰਬੇ ਤੋਂ ਬਾਅਦ ਪਿੰਡ ਭਾਨਰੀ ਤੇ ਨੇੜਲੇ ਪਿੰਡਾਂ ਦੇ ਕਿਸਾਨਾਂ ਨੇ ਵੀ ਹੁਣ ਨਵੀਂਆਂ ਤਕਨੀਕਾਂ ਨੂੰ ਅਪਣਾਉਣ ਸ਼ੁਰੂ ਕਰ ਦਿੱਤਾ ਹੈ।
ਅਗਾਂਹਵਧੂ ਕਿਸਾਨ ਨਰਿੰਦਰਪਾਲ ਸਿੰਘ ਨੇ ਕਿਸਾਨਾਂ ਨੂੰ ਕਣਕ-ਝੋਨੇ ਦੇ ਰਵਾਇਤੀ ਫ਼ਸਲੀ ਚੱਕਰ ਨੂੰ ਛੱਡ ਕੇ ‘ਸੰਗਠਿਤ ਖੇਤੀ ਪ੍ਰਣਾਲੀ’ ਨੂੰ ਅਪਣਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਸ ਨਾਲ ਜਿਥੇ ਵਾਤਾਵਰਣ ਨੂੰ ਲਾਭ ਹੁੰਦਾ ਹੈ, ਉਥੇ ਹੀ ਕਿਸਾਨਾਂ ਦਾ ਆਰਥਿਕ ਪੱਧਰ ਉੱਚਾ ਚੁੱਕਣ ਵਿੱਚ ਇਹ ਪ੍ਰਣਾਲੀ ਮਦਦਗਾਰ ਹੈ। ਉਨ੍ਹਾਂ ਦੱਸਿਆ ਕਿ ‘ਸੰਗਠਿਤ ਖੇਤੀ ਪ੍ਰਣਾਲੀ’ ਤਹਿਤ ਉਨ੍ਹਾਂ ਵੱਲੋਂ ਐਗਰੋ ਫੋਰੇਸਟ੍ਰੀ ਅਤੇ ਘਰੇਲੂ ਬਗੀਚੀ ਨੂੰ ਅਪਣਾਇਆ ਗਿਆ ਹੈ ਜਿਸ ਦੇ ਸਾਰਥਕ ਨਤੀਜੇ ਸਾਹਮਣੇ ਆਏ ਹਨ। ਉਨ੍ਹਾਂ ਕਿਸਾਨਾਂ ਨੂੰ ਆਪਣੀ ਆਮਦਨ ਵਧਾਉਣ ਲਈ ‘ਸੰਗਠਿਤ ਖੇਤੀ ਪ੍ਰਣਾਲੀ’ ਅਪਣਾਉਣ ਲਈ ਕਿਹਾ।
ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਿੰਦਰ ਸਿੰਘ ਨੇ ਦੱਸਿਆ ਕਿ ਕਿਸਾਨ ‘ਸੰਗਠਿਤ ਖੇਤੀ ਪ੍ਰਣਾਲੀ’ ਸਬੰਧੀ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਪ੍ਰਣਾਲੀ ਕਿਸਾਨ ਪਰਿਵਾਰਾਂ ਦੀਆਂ ਵੱਖੋ ਵੱਖ ਲੋੜਾਂ ਪੂਰੀਆਂ ਕਰਨ ਲਈ ਡੇਅਰੀ, ਮੱਛੀ ਪਾਲਣ, ਵਣ-ਖੇਤੀ ਤੇ ਬਾਗਬਾਨੀ ਦਾ ਸੁਮੇਲ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਢਾਈ ਏਕੜ ਦਾ ਸੰਗਠਿਤ ਖੇਤੀ ਪ੍ਰਣਾਲੀ ਦਾ ਜੋ ਮਾਡਲ ਦਿੱਤਾ ਗਿਆ ਹੈ, ਉਸ ਵਿੱਚ 7 ਕਨਾਲ ਵਿੱਚ ਫ਼ਸਲਾਂ, 4 ਕਨਾਲ ਵਿੱਚ ਚਾਰਾ, 1 ਕਨਾਲ ਵਿੱਚ ਤੇਲ ਬੀਜ/ਦਾਲਾਂ, 4 ਕਨਾਲ ਫਲਦਾਰ ਦਰੱਖਤ ਅਤੇ ਸਬਜ਼ੀਆਂ, 1 ਕਨਾਲ ਵਣ-ਖੇਤੀ, ਅੱਧਾ ਕਨਾਲ ਡੇਅਰੀ ਸ਼ੈਡ ਜਾਂ ਕੰਪੋਸਟ ਜਾਂ ਗੰਡੋਇਆ ਖਾਦ ਯੂਨਿਟ, 2 ਕਨਾਲ ਮੱਛੀ ਪਾਲਣ ਅਤੇ ਅੱਧਾ ਕਨਾਲ ਘਰੇਲੂ ਬਗੀਚੀ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਪ੍ਰਣਾਲੀ ਰਵਾਇਤੀ ਫ਼ਸਲੀ ਚੱਕਰ ਦੇ ਮੁਕਾਬਲੇ ਵਧੇਰੇ ਕਿਫਾਇਤੀ ਅਤੇ ਮੁਨਾਫ਼ੇਦਾਰ ਹੈ।

Advertisements

LEAVE A REPLY

Please enter your comment!
Please enter your name here