ਸ਼ੁੱਧ ਹਵਾ ਜੀਵਨ ਦਾ ਆਧਾਰ: ਐਸਡੀਐਮ

ਸਮਾਣਾ, (ਦ ਸਟੈਲਰ ਨਿਊਜ਼)। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਵਾ ਨੂੰ ਗੁਰੂ ਦੇ ਰੁਤਬੇ ਨਾਲ ਨਿਵਾਜਿਆ ਹੈ, ਕਿਉਂਕਿ ਸ਼ੁੱਧ ਹਵਾ ਹੀ ਜੀਵਨ ਦਾ ਆਧਾਰ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐਸ.ਡੀ.ਐਮ. ਸਮਾਣਾ ਚਰਨਜੀਤ ਸਿੰਘ ਨੇ ਕੀਤਾ। ਉਹ ਪਬਲਿਕ ਕਾਲਜ ਸਮਾਣਾ ਵਿਖੇ ਸ਼ਹੀਦ-ਏ-ਆਜ਼ਮ ਸ੍ਰ ਭਗਤ ਸਿੰਘ ਹਰਿਆਵਲ ਲਹਿਰ ਤਹਿਤ ਅੰਤਰਰਾਸ਼ਟਰੀ ਸ਼ੁੱਧ ਹਵਾ ਦਿਵਸ ਨੂੰ ਸਮਰਪਿਤ ਸਮਾਰੋਹ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ।

Advertisements

ਸਮਾਰੋਹ ਦਾ ਆਯੋਜਨ ਵਣ ਮੰਡਲ ਅਫ਼ਸਰ (ਵਿਸਥਾਰ) ਪਟਿਆਲ਼ਾ ਮੈਡਮ ਵਿੱਦਿਆ ਸਾਗਰੀ ਆਰ. ਯੂ., ਆਈਐਫ਼ਐਸ ਦੇ ਦਿਸ਼ਾ ਨਿਰਦੇਸ਼ ਅਨੁਸਾਰ ਵਣ ਰੇਂਜ (ਵਿਸਥਾਰ) ਪਟਿਆਲਾ ਵੱਲੋਂ ਪਬਲਿਕ ਕਾਲਜ, ਪਬਲਿਕ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ, ਪਬਲਿਕ ਕਾਲਜ ਆਫ਼ ਐਜੂਕੇਸ਼ਨ ਅਤੇ ਐਨ.ਐਸ.ਐਸ ਵਿਭਾਗ ਦੇ ਸਹਿਯੋਗ ਨਾਲ ਕੀਤਾ ਗਿਆ। ਸਮਾਰੋਹ ਦੀ ਪ੍ਰਧਾਨਗੀ ਪ੍ਰਿੰਸੀਪਲ ਡਾ. ਜਤਿੰਦਰ ਦੇਵ ਨੇ ਕੀਤੀ, ਜਦਕਿ ਲਾਇਨਜ਼ ਕਲੱਬ (ਗੋਲਡ) ਦੇ ਰਿਜਨਲ ਚੇਅਰਮੈਨ ਜੇ.ਪੀ ਗਰਗ, ਵਣ ਰੇਂਜ ਅਫ਼ਸਰ ਸਮਾਣਾ ਇਕਬਾਲ ਸਿੰਘ ਅਤੇ ਵਣ ਰੇਂਜ ਅਫ਼ਸਰ (ਵਿਸਥਾਰ) ਪਟਿਆਲਾ ਸੁਰਿੰਦਰ ਸ਼ਰਮਾ ਬਤੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।

ਸ.ਡੀ.ਐਮ ਚਰਨਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਵੀ ਪ੍ਰੇਰਿਤ ਕੀਤਾ। ਪ੍ਰਿੰਸੀਪਲ ਡਾ. ਜਤਿੰਦਰ ਦੇਵ ਨੇ ਆਪਣੇ ਪ੍ਰਧਾਨਗੀ ਭਾਸ਼ਣ ‘ਚ ਕਿਹਾ ਕਿ ਮਨੁੱਖ ਦੇ ਜ਼ਿੰਦਗੀ ਜਿਊਣ ਲਈ ਕੇਵਲ ਪ੍ਰਿਥਵੀ ਹੀ ਇੱਕ ਮਾਤਰ ਗ੍ਰਹਿ ਹੈ, ਇਸ ਲਈ ਸਾਡੇ ਕੋਲ ਕੁਦਰਤ ਪ੍ਰਤੀ ਸੁਹਿਰਦ ਰਹਿ ਕੇ ਵਿਚਰਨ ਤੋਂ ਇਲਾਵਾ ਕੋਈ ਹੋਰ ਵਿਕਲਪ ਨਹੀਂ ਹੈ। ਵਣ ਬੀਟ ਅਫ਼ਸਰ ਮਨਵੀਨ ਕੌਰ ਔਲ਼ਖ ਅਤੇ ਅਮਨ ਅਰੋੜਾ ਨੇ ਵਾਤਾਵਰਣ ਸੰਭਾਲ ਬਾਰੇ ਨੁਕਤੇ ਸਾਂਝੇ ਕੀਤੇ।

ਇਸ ਮੌਕੇ ਆਯੋਜਿਤ ਭਾਸ਼ਣ ਮੁਕਾਬਲੇ ਵਿੱਚ ਗਿਆਰ੍ਹਵੀਂ ਕਲਾਸ ਦੀ ਮਨਬੀਰ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਬੀ.ਏ. ਭਾਗ ਦੂਜਾ ਦੀਆਂ ਵਿਦਿਆਰਥਣਾਂ ਗੁਰਪ੍ਰੀਤ ਕੌਰ ਅਤੇ ਚਾਹਤ ਗੋਇਲ ਦੂਜੇ ਅਤੇ ਤੀਜੇ ਸਥਾਨ ਤੇ ਰਹੀਆਂ। ਕਵਿਤਾ ਉਚਾਰਨ ਮੁਕਾਬਲੇ ਵਿੱਚ ਬਾਰ੍ਹਵੀਂ ਦੀ ਤਾਨੀਆ ਸ਼ਰਮਾ ਅੱਵਲ ਰਹੀ। ਗਿਆਰ੍ਹਵੀਂ ਦੀ ਕੋਮਲਪ੍ਰੀਤ ਕੌਰ ਨੇ ਦੂਜਾ ਅਤੇ ਬੀ.ਏ. ਭਾਗ ਤੀਜਾ ਦੀ ਕਮਲਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰੋਫੈਸਰ ਅਸ਼ਵਨੀ ਕੁਮਾਰ ਨੇ ਬਾਖ਼ੂਬੀ ਮੰਚ ਸੰਚਾਲਨ ਕੀਤਾ। ਡਾ. ਪੀਐਸ ਸੰਧੂ, ਪ੍ਰੋਫੈਸਰ ਮਨਦੀਪ ਪਾਲ ਕੌਰ ਅਤੇ ਪ੍ਰੋਫੈਸਰ ਪਰਮਜੀਤ ਕੌਰ ਨੇ ਮੁਕਾਬਲਿਆਂ ਦੀ ਜੱਜਮੈਂਟ ਕੀਤੀ। ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਪੌਦੇ ਦੇ ਕੇ ਸਨਮਾਨਿਤ ਕੀਤਾ ਗਿਆ। ਐਸਡੀਐਮ ਅਤੇ ਹੋਰ ਮਹਿਮਾਨਾਂ ਵੱਲੋਂ ਕਾਲਜ ਕੈਂਪਸ ਵਿੱਚ ਬੂਟੇ ਵੀ ਲਗਾਏ ਗਏ। ਇਸ ਮੌਕੇ ਤੇ ਬੀਟ ਅਫ਼ਸਰ ਹਰਦੀਪ ਸ਼ਰਮਾ, ਪ੍ਰੋਫੈਸਰ ਮਨੀਸ਼ਾ, ਪ੍ਰੋਫੈਸਰ ਨਛੱਤਰ ਸਿੰਘ, ਪ੍ਰੋਫੈਸਰ ਪਲਵਿੰਦਰ ਕੌਰ ਅਤੇ ਹੋਰ ਸਟਾਫ਼ ਮੈਂਬਰ ਮੌਜੂਦ ਸਨ।

LEAVE A REPLY

Please enter your comment!
Please enter your name here