ਜ਼ਿਲ੍ਹਾ ਪੱਧਰੀ ਸਮਾਗਮ ਦੀਆਂ ਤਿਆਰੀਆਂ, ਡਿਪਟੀ ਕਮਿਸ਼ਨਰ ਵੱਲੋਂ ਮੀਟਿੰਗ

ਪਟਿਆਲਾ, (ਦ ਸਟੈਲਰ ਨਿਊਜ਼)। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਅੰਦਰ ਖੇਡਾਂ ਦੀ ਚਿਣਗ ਪੈਦਾ ਕਰਨ ਲਈ ਸ਼ੁਰੂ ਕੀਤੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦਾ ਸ਼ਾਨਦਾਰ ਆਗਾਜ਼ 12 ਸਤੰਬਰ ਨੂੰ ਪਟਿਆਲਾ ਦੇ ਰਾਜਾ ਭਾਲਿੰਦਰ ਸਿੰਘ ਖੇਡ ਕੰਪਲੈਕਸ ਪੋਲੋ ਗਰਾਊਂਡ ਵਿਖੇ ਹੋਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੌਰਾਨ ਦਿੱਤੀ। ਸਾਕਸ਼ੀ ਸਾਹਨੀ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਆਗਾਜ਼ ਮੌਕੇ ਨਾਭਾ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਘੋੜ ਸਵਾਰੀ ਕਰਤੱਬ, ਹਵਾਈ ਜਹਾਜ ਰਾਹੀਂ ਫੁੱਲਾਂ ਦੀ ਵਰਖਾ, ਖਿਡਾਰੀਆਂ ਦਾ ਮਾਰਚ ਪਾਸਟ, ਵਿਦਿਆਰਥੀਆਂ ਦਾ ਪੀ.ਟੀ. ਸ਼ੋਅ, ਦਿਵਿਆਂਗਜਨ ਖਿਡਾਰੀਆਂ ਦੀ ਕਬੱਡੀ ਦਾ ਪ੍ਰਦਰਸ਼ਨੀ ਮੈਚ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾਵੇਗਾ। ਉਨ੍ਹਾਂ ਨੇ ਇਨ੍ਹਾਂ ਖੇਡਾਂ ਦਾ ਆਨੰਦ ਮਾਣਨ ਲਈ ਜ਼ਿਲ੍ਹਾ ਨਿਵਾਸੀਆਂ ਨੂੰ ਖੁੱਲ੍ਹਾ ਸੱਦਾ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ 14 ਸਾਲ ਤੋਂ ਉਪਰ ਦਾ ਕੋਈ ਵੀ ਨਾਗਰਿਕ ਆਪਣੀ ਰਜਿਸਟ੍ਰੇਸ਼ਨ ਕਰਵਾ ਕੇ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈ ਸਕਦਾ ਹੈ।
ਬਲਾਕ ਪੱਧਰੀ ਖੇਡਾਂ ਦੀ ਸਫ਼ਲਤਾ ਤੋਂ ਬਾਅਦ ਹੋਣ ਵਾਲੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੀ ਸਫ਼ਲਤਾ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਜਿੰਮੇਵਾਰੀਆਂ ਸੌਂਪਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਰ ਵਿਭਾਗ ਆਪੋ-ਆਪਣੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਏ। ਉਨ੍ਹਾਂ ਨੇ ਪੁਲਿਸ ਨੂੰ ਸੁਰੱਖਿਆ, ਪਾਰਕਿੰਗ, ਲੋਕ ਨਿਰਮਾਣ ਵਿਭਾਗ ਨੂੰ ਮੰਚ ਦੀ ਤਿਆਰੀ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਤੇ ਮੰਡੀ ਬੋਰਡ ਨੂੰ ਪੀਣ ਵਾਲੇ ਪਾਣੀ ਤੇ ਪਖਾਨਿਆਂ ਦਾ ਪ੍ਰਬੰਧ ਕਰਨ ਸਮੇਤ ਨਗਰ ਨਿਗਮ ਨੂੰ ਸਾਫ਼ ਸਫ਼ਾਈ ਤੇ ਬਾਗਬਾਨੀ ਵਿਭਾਗ ਨੂੰ ਫੁੱਲਾਂ ਦੀ ਸਜਾਵਟ ਕਰਨ ਦੇ ਆਦੇਸ਼ ਦਿੱਤੇ।
ਮੀਟਿੰਗ ‘ਚ ਇਨ੍ਹਾਂ ਖੇਡਾਂ ਦੇ ਨੋਡਲ ਅਫ਼ਸਰ ਤੇ ਏ.ਡੀ.ਸੀ. (ਦਿਹਾਤੀ ਵਿਕਾਸ) ਈਸ਼ਾ ਸਿੰਘਲ, ਐਸ.ਪੀ. ਸਥਾਨਕ ਹਰਬੰਤ ਕੌਰ, ਸਹਾਇਕ ਕਮਿਸ਼ਨਰ (ਯੂ.ਟੀ.) ਡਾ. ਅਕਸ਼ਿਤਾ ਗੁਪਤਾ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਸਾਸ਼ਵਤ ਰਾਜ਼ਦਾਨ, ਲੋਕ ਨਿਰਮਾਣ ਵਿਭਾਗ ਦੇ ਐਕਸੀਐਨ ਪਿਯੂਸ਼ ਅਗਰਵਾਲ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਇੰਜ. ਅਮਰਜੀਤ ਸਿੰਘ, ਜ਼ਿਲ੍ਹਾ ਯੂਥ ਅਫ਼ਸਰ ਰਮਨਾ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਡਾ. ਦਿਲਬਰ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ।

Advertisements

LEAVE A REPLY

Please enter your comment!
Please enter your name here