ਪੰਜਾਬ ਦੇ 10 ਜ਼ਿਲ੍ਹਿਆਂ ‘ਚ ਸਾਰੇ ਪੇਂਡੂ ਘਰਾਂ ਵਿਚ ਸਾਫ ਤੇ ਸੁਰੱਖਿਅਤ ਪਾਣੀ ਦੀ ਸਹੂਲਤ ਮੁਹੱਈਆ: ਜਿੰਪਾ 

ਚੰਡੀਗੜ੍ਹ (ਦ ਸਟੈਲਰ ਨਿਊਜ਼): ਪੰਜਾਬ ਦੇ 10 ਜ਼ਿਲ੍ਹਿਆਂ ਨੇ ‘ਜਲ ਜੀਵਨ ਮਿਸ਼ਨ-ਹਰ ਘਰ ਜਲ’ ਦੇ ਤਹਿਤ ਸਾਰੇ ਪੇਂਡੂ ਘਰਾਂ ਨੂੰ ਸਾਫ ਤੇ ਸੁਰੱਖਿਅਤ ਪਾਣੀ ਦੀ ਸਹੂਲਤ ਮੁਹੱਈਆ ਕਰਵਾਉਣ ਵਿਚ ਦੇਸ਼ ਦੇ ਮੋਹਰੀ ਸੂਬਿਆਂ ਦੀ ਸੂਚੀ ਵਿਚ ਆਪਣਾ ਨਾਮ ਦਰਜ ਕਰਵਾਇਆ ਹੈ। ਇਸ ਮਾਣਮੱਤੀ ਪ੍ਰਾਪਤੀ ‘ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਵਿਭਾਗ ਦੇ ਸਾਰੇ ਇੰਜੀਨੀਅਰਾਂ ਅਤੇ ਹੋਰ ਅਧਿਕਾਰੀਆਂ/ਕਰਮਚਾਰੀਆਂ ਨੂੰ ਵਧਾਈ ਪੇਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸਾਰੇ ਪੰਜਾਬ ਵਾਸੀਆਂ ਦੀਆਂ ਮੁੱਢਲੀਆਂ ਜ਼ਰੂਰਤਾਂ ਦੀ ਪੂਰਤੀ ਲਈ ਸੁਚੱਜੇ ਅਤੇ ਸਾਰਥਕ ਯਤਨ ਕਰ ਰਹੀ ਹੈ। 

Advertisements

ਸਥਾਨਕ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾ ਵਿਖੇ 55ਵੇਂ ਇੰਜੀਨੀਅਰ ਦਿਵਸ ਮੌਕੇ ਕਰਵਾਏ ਸਮਾਗਮ ਦੌਰਾਨ ਬੋਲਦਿਆਂ ਜਿੰਪਾ ਨੇ ਕਿਹਾ ਕਿ ਕਿਸੇ ਵੀ ਸੂਬੇ ਦੀ ਤਰੱਕੀ ਵਿਚ ਉੱਥੋਂ ਦੇ ਇੰਜੀਨੀਅਰਾਂ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ ਅਤੇ ਕੌਮੀ ਪੱਧਰ ‘ਤੇ ਪੰਜਾਬ ਦਾ ਨਾਂ ਚਮਕਾਉਣ ਵਿਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸਾਰੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਪਾਏ ਯੋਗਦਾਨ ਲਈ ਉਹ ਵਧਾਈ ਪੇਸ਼ ਕਰਦੇ ਹਨ। ਪਾਈਪਾਂ ਰਾਹੀਂ 100 ਫੀਸਦੀ ਪੇਂਡੂ ਵਸੋਂ ਨੂੰ ਘਰਾਂ ਵਿਚ ਸਾਫ ਪਾਣੀ ਪਹੁੰਚਾਉਣ ਵਾਲੇ 10 ਜ਼ਿਲ੍ਹੇ ਬਰਨਾਲਾ, ਫਰੀਦਕੋਟ, ਫਤਹਿਗੜ੍ਹ ਸਾਹਿਬ, ਗੁਰਦਾਸਪੁਰ, ਜਲੰਧਰ, ਕਪੂਰਥਲਾ, ਮਲੇਰਕੋਟਲਾ, ਮੁਕਤਸਰ, ਪਠਾਨਕੋਟ ਅਤੇ ਐਸਏਐਸ ਨਗਰ ਹਨ। ਇਨ੍ਹਾਂ ਜ਼ਿਲ੍ਹਿਆਂ ਦੇ ਕੁੱਲ 11 ਲੱਖ 55 ਹਜ਼ਾਰ 725 ਘਰਾਂ ਨੂੰ ਪਾਈਪਾਂ ਰਾਹੀਂ ਟੂਟੀ ਜ਼ਰੀਏ ਸਾਫ ਅਤੇ ਸੁਰੱਖਿਅਤ ਪਾਣੀ ਮੁਹੱਈਆ ਕਰਵਾਇਆ ਗਿਆ ਹੈ। 

ਇੰਜੀਨੀਅਰ ਦਿਵਸ ਬਾਬਤ ਬੋਲਦਿਆਂ ਜਿੰਪਾ ਨੇ ਕਿਹਾ ਕਿ ਇੰਜੀਨੀਅਰਾਂ ਦੇ ਸਮਰਪਣ ਅਤੇ ਗਿਆਨ ਦੇ ਸਦਕਾ ਦੁਨੀਆਂ ਵਿਚ ਬਹੁਤ ਸਾਰੀਆਂ ਨਵੀਆਂ ਕਾਢਾਂ ਹੋਈਆਂ ਹਨ ਜਿਸ ਨੇ ਮਨੁੱਖੀ ਜੀਵਨ ਨੂੰ ਸੁਖਾਲਾ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੁਦਰਤੀ ਸਰੋਤਾਂ ਦੀ ਉੱਤਮ ਵਰਤੋਂ ਕਰਨ ਲਈ ਵੱਖ-ਵੱਖ ਖੇਤਰਾਂ ਦੇ ਇੰਜੀਨੀਅਰ ਸਖਤ ਮਿਹਨਤ ਕਰਦੇ ਹਨ ਅਤੇ ਉਨ੍ਹਾਂ ਦੇ ਯੋਗਦਾਨ ਦੀ ਜਿੰਨੀ ਪ੍ਰਸੰਸ਼ਾ ਕੀਤੀ ਜਾਵੇ ਓਨੀ ਘੱਟ ਹੈ। ਪਾਣੀ, ਹਵਾ ਅਤੇ ਧਰਤੀ ਨੂੰ ਸਾਫ-ਸੁਥਰਾ ਅਤੇ ਸ਼ੁੱਧ ਰੱਖਣ ਲਈ ਉਨ੍ਹਾਂ ਇੰਜੀਨੀਅਰਾਂ ਨੂੰ ਹੋਰ ਹੰਭਲੇ ਮਾਰਨ ਲਈ ਪ੍ਰੇਰਿਤ ਕੀਤਾ। ਇੰਜੀਨੀਅਰ ਦਿਵਸ ਵਰਗੇ ਮਹੱਤਵਪੂਰਨ ਦਿਨ ਮੌਕੇ ਜਿੰਪਾ ਨੇ ਸਾਰੇ ਇੰਜੀਨੀਅਰਾਂ ਨੂੰ ਆਪਣੀਆਂ ਸ਼ੁਭਕਾਮਵਾਨਾਂ ਦਿੱਤੀਆਂ। 

ਇਸ ਮੌਕੇ ਜਲ ਸਪਾਲਈ ਅਤੇ ਸੈਨੀਟੇਸ਼ਨ ਮੰਤਰੀ ਨੇ ਸੂਬੇ ਭਰ ‘ਚੋਂ ਵਿਭਾਗ ਦੇ 15 ਇੰਜੀਨੀਅਰਾਂ ਨੂੰ ਸਨਮਾਨਤ ਕੀਤਾ ਜਿਨ੍ਹਾਂ ਵਿਚ ਵਿਕਰਮ ਸਿੰਘ, ਪ੍ਰਭਜੋਧ ਸਿੰਘ, ਸੰਦੀਪ ਬਾਵਾ, ਪਾਰਸ ਮਲਹੋਤਰਾ, ਸਤਪਾਲ, ਹਨੀ ਗੁਪਤਾ, ਸਰਬਜੀਤ ਸਿੰਘ, ਪਰਮਵੀਰ ਸਿੰਘ, ਵਿਨੋਦ ਕੁਮਾਰ, ਰਿਤੇਸ਼ ਗਰਗ, ਪੁਨੀਤ ਭਸੀਨ, ਮਾਈਕਲ, ਕੇਵਲ ਗਰਗ, ਪੁਨੀਤ ਗਰਗ ਅਤੇ ਕਾਰਤਿਕ ਜਿੰਦਲ ਦੇ ਨਾਂ ਸ਼ਾਮਲ ਹਨ। 

ਸਮਾਗਮ ਦੌਰਾਨ ਜਲ ਸਪਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਡੀ.ਕੇ.ਤਿਵਾੜੀ, ਵਿਭਾਗ ਮੁਖੀ ਵਿਪੁਲ ਉਜਵਲ ਅਤੇ ਮੁੱਖ ਇੰਜੀਨੀਅਰ (ਉੱਤਰੀ) ਕੁਲਦੀਪ ਸਿੰਘ ਸੈਣੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵਿਸ਼ਵ ਪ੍ਰਸਿੱਧ ਪਾਣੀ ਮਾਹਰ ਡਾ. ਇੰਜੀਨੀਅਰ ਥੋਮਸ ਗਰੀਸਚੈਕ (ਜਰਮਨੀ) ਅਤੇ ਡਾ. ਦਿਪਾਂਕਰ ਸਾਹਾ (ਕੇਂਦਰੀ ਗਰਾਊਂਡ ਵਾਟਰ ਬੋਰਡ) ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਪੰਜਾਬ ਦੀਆਂ ਵੱਖ-ਵੱਖ ਥਾਂਵਾਂ ਤੋਂ ਆਏ ਇੰਜੀਨੀਅਰਾਂ ਤੋਂ ਇਲਾਵਾ ਮੁੱਖ ਇੰਜੀਨੀਅਰ (ਦੱਖਣੀ) ਇੰਜ. ਜੇ.ਜੇ. ਗੋਇਲ, ਮੁੱਖ ਇੰਜੀਨੀਅਰ (ਕੇਂਦਰੀ) ਇੰਜ. ਆਰ.ਕੇ. ਖੋਸਲਾ, ਇੰਜ. ਐਚਪੀਐਸ ਸੈਣੀ ਅਤੇ ਇੰਜ. ਕੇਐਸ ਬੀਹਲਾ ਵੀ ਹਾਜ਼ਰ ਸਨ। 

LEAVE A REPLY

Please enter your comment!
Please enter your name here