ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਦੇ ਲਾਭਪਾਤਰੀਆਂ ਦੀ ਭਲਾਈ ਲਈ 71.17 ਲੱਖ ਦੀ ਰਾਸ਼ੀ ਪ੍ਰਵਾਨ

ਜਲੰਧਰ (ਦ ਸਟੈਲਰ ਨਿਊਜ਼)। ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਦੇ ਰਜਿਸਟਰਡ ਲਾਭਪਾਤਰੀਆਂ ਨੂੰ ਬੋਰਡ ਦੀਆਂ ਵੱਖ-ਵੱਖ ਸਕੀਮਾਂ ਦਾ ਲਾਭ ਦੇਣ ਤਹਿਤ 71.17 ਲੱਖ ਰੁਪਏ ਦੀ ਰਾਸ਼ੀ ਪ੍ਰਵਾਨ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਬੰਧਤ ਬੋਰਡ ਦੇ ਪੋਰਟਲ ਤੋਂ ਸਬ ਡਵੀਜ਼ਨ, ਜਲੰਧਰ-1 ਨਾਲ ਸਬੰਧਤ ਆਨਲਾਈਨ ਪ੍ਰਾਪਤ ਵੱਖ-ਵੱਖ ਭਲਾਈ ਸਕੀਮਾਂ ਸਬੰਧੀ ਅਰਜ਼ੀਆਂ ਨੂੰ ਕਮੇਟੀ ਮੈਂਬਰਾਂ ਦੀ ਮਨਜ਼ੂਰੀ ਉਪਰੰਤ ਵੱਖ-ਵੱਖ ਸਕੀਮਾਂ ਤਹਿਤ ਲਾਭ ਦੇਣ ਲਈ ਪ੍ਰਵਾਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਬ ਡਵੀਜ਼ਨ ਜਲੰਧਰ-1 ਨਾਲ ਸਬੰਧਤ ਰਜਿਸਟਰਡ ਕਿਰਤੀਆਂ ਦੀਆਂ ਪ੍ਰਾਪਤ 289 ਅਰਜ਼ੀਆਂ ਤਹਿਤ 71 ਲੱਖ 17 ਹਜ਼ਾਰ ਰੁਪਏ ਦੀ ਰਾਸ਼ੀ ਪ੍ਰਵਾਨ ਕੀਤੀ ਗਈ ਹੈ।

Advertisements


ਜਸਪ੍ਰੀਤ ਸਿੰਘ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਜ਼ੀਫਾ ਸਕੀਮ ਅਧੀਨ 236 ਕੇਸਾਂ ਲਈ 28,55000 ਰੁਪਏ, ਸ਼ਗਨ ਸਕੀਮ ਲਈ ਪ੍ਰਾਪਤ 9 ਅਰਜ਼ੀਆਂ ਲਈ 3,79,000, ਐਕਸਗ੍ਰੇਸ਼ੀਆ ਲਈ 16 ਕੇਸਾਂ ਅਧੀਨ 33,00,000,  ਦਾਹ-ਸੰਸਕਾਰ ਸਬੰਧੀ 23 ਕੇਸਾਂ ਲਈ 4,60,000,  ਜਨਰਲ ਸਰਜਰੀ ਦੇ ਇਕ ਕੇਸ ਲਈ 50,000, ਮਾਨਸਿਕ ਦਿਵਿਆਂਗਤਾ ਸਬੰਧੀ ਇਕ ਕੇਸ ਲਈ 20,000, ਬਾਲੜੀ ਤੋਹਫਾ ਸਕੀਮ ਦੇ ਇਕ ਕੇਸ ਲਈ 51,000, ਐਲ.ਟੀ.ਸੀ. ਦੇ ਇਕ ਕੇਸ ਲਈ 2,000 ਰੁਪਏ ਅਤੇ ਇੱਕ ਪੈਨਸ਼ਨ ਕੇਸ ਲਈ ਰਾਸ਼ੀ ਮਨਜ਼ੂਰ ਕੀਤੀ ਗਈ ਹੈ।


ਡਿਪਟੀ ਕਮਿਸ਼ਨਰ ਨੇ ਕਿਰਤੀ-ਕਾਮਿਆਂ ਨੂੰ ਬੋਰਡ ਨਾਲ ਜੁੜ ਕੇ ਵੱਧ ਤੋਂ ਵੱਧ ਕਿਰਤ ਭਲਾਈ ਸਕੀਮਾਂ ਦਾ ਲਾਭ ਹਾਸਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਰਾਜਮਿਸਤਰੀ, ਇੱਟਾਂ/ਸੀਮਿੰਟ ਫੜਾਉਣ ਵਾਲੇ ਮਜ਼ਦੂਰ, ਪਲੰਬਰ, ਤਰਖਾਣ, ਵੈਲਡਰ, ਇਲੈਕਟ੍ਰੀਸ਼ਨ ਦਾ ਕੰਮ ਕਰਨ ਵਾਲੇ ਬੋਰਡ ਅਧੀਨ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਕਿਸੇ ਸਰਕਾਰੀ, ਅਰਧ ਸਰਕਾਰੀ ਜਾਂ ਪ੍ਰਾਈਵੇਟ ਅਦਾਰੇ ਵਿੱਚ ਇਮਾਰਤਾਂ, ਸੜਕਾਂ, ਨਹਿਰਾਂ, ਬਿਜਲੀ ਦੇ ਉਤਪਾਦਨ ਜਾਂ ਵੰਡ,  ਟੈਲੀਫੋਨ, ਤਾਰ, ਰੇਡੀਓ, ਰੇਲ, ਹਵਾਈ ਅੱਡੇ ਆਦਿ ਵਿਖੇ ਉਸਾਰੀ, ਮੁਰੰਮਤ, ਰੱਖ-ਰਖਾਅ ਜਾਂ ਤੋੜ ਫੋੜ ਦੇ ਕੰਮ ਲਈ ਕੁਸ਼ਲ/ਅਰਧਕੁਸ਼ਲ, ਕਾਰੀਗਰ ਜਾਂ ਸੁਪਰਵਾਈਜ਼ਰ ਦੇ ਤੌਰ ’ਤੇ ਤਨਖਾਹ ਜਾਂ ਮਿਹਨਤਾਨਾ ਲੈ ਕੇ ਕੰਮ ਕਰਨ ਵਾਲਾ ਵਿਅਕਤੀ ਵੀ ਰਜਿਸਟ੍ਰੇਸ਼ਨ ਯੋਗ ਹੈ।


ਰਜਿਸਟ੍ਰੇਸ਼ਨ ਲਈ ਯੋਗਤਾ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਲਾਭਪਾਤਰੀ ਦੀ ਉਮਰ 18 ਤੋਂ 60 ਸਾਲ ਵਿਚਕਾਰ ਹੋਣੀ ਚਾਹੀਦੀ ਹੈ ਅਤੇ ਪਿਛਲੇ 12 ਮਹੀਨਿਆਂ ਦੌਰਾਨ ਪੰਜਾਬ ਵਿੱਚ 90 ਦਿਨ ਬਤੌਰ ਉਸਾਰੀ ਕਿਰਤੀ ਕੰਮ ਕੀਤਾ ਹੋਵੇ, ਬੋਰਡ ਦੇ ਲਾਭਪਾਤਰੀ ਵਜੋਂ ਰਜਿਸਟਰ ਹੋ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਰਤੀ ਆਪਣੇ ਅਤੇ ਪਰਿਵਾਰਕ ਮੈਂਬਰਾਂ ਦੇ ਆਧਾਰ ਕਾਰਡ, ਬੈਂਕ ਖਾਤੇ ਦੀ ਕਾਪੀ, ਜਨਮ ਮਿਤੀ ਦਾ ਸਬੂਤ, ਪਰਿਵਾਰ ਦੀ ਫੋਟੋ ਤੇ ਹੋਰ ਲੋੜੀਂਦੇ ਦਸਤਾਵੇਜ਼ਾਂ ਸਮੇਤ ਆਪਣੇ ਨੇੜਲੇ ਸੇਵਾ ਕੇਂਦਰ ਵਿੱਚ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।

LEAVE A REPLY

Please enter your comment!
Please enter your name here