ਐਨਸੀਸੀ ਦਾ ਸਾਲਾਨਾ ਸਿਖਲਾਈ ਕੈਂਪ ਸਮਾਪਤ

ਪਟਿਆਲਾ, (ਦ ਸਟੈਲਰ ਨਿਊਜ਼): ਚੌਥੀ ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ ਪਟਿਆਲਾ ਦੇ ਐਨ.ਸੀ.ਸੀ ਕੈਡਿਟਾਂ ਦਾ ਅੱਠ ਰੋਜ਼ਾ ਸਾਲਾਨਾ ਸਿਖਲਾਈ ਕੈਂਪ ਅੱਜ ਸਫਲਤਾਪੂਰਵਕ ਸਮਾਪਤ ਹੋ ਗਿਆ। ਕੈਂਪ ਵਿੱਚ ਐਨ.ਸੀ.ਸੀ ਦੇ ਸੀਨੀਅਰ ਵਿੰਗ ਦੇ 200 ਤੋਂ ਵੱਧ ਕੈਡਿਟਾਂ ਨੇ ਭਾਗ ਲਿਆ। ਕੈਂਪ ਕਮਾਂਡੈਂਟ ਕਰਨਲ ਐਸ.ਕੇ ਸ਼ਰਮਾ ਨੇ ਕੈਡਿਟਾਂ ਨੂੰ ਉਚ ਦਰਜੇ ਦੀ ਸਿਖਲਾਈ ਦੇਣ ਅਤੇ ਸਾਰੀਆਂ ਗਤੀਵਿਧੀਆਂ ਵਿੱਚ ਸਰਗਰਮ ਭਾਗੀਦਾਰੀ ਲਈ ਐਨ.ਸੀ.ਸੀ. ਟ੍ਰੇਨਿੰਗ ਸਟਾਫ਼ ਦੀ ਸ਼ਲਾਘਾ ਕੀਤੀ। ਉਨ੍ਹਾਂ ਕੈਡਿਟਾਂ ਨੂੰ ਸਰੀਰਕ ਤੌਰ ਉਤੇ ਤੰਦਰੁਸਤ, ਮਾਨਸਿਕ ਤੌਰ ਉਤੇ ਮਜ਼ਬੂਤ ਹੋਣ ਅਤੇ ਐੱਨ.ਸੀ.ਸੀ. ਦੀ ਸਿਖਲਾਈ ਦੇ ਗੁਣਾਂ ਨੂੰ ਜਿੰਮੇਵਾਰੀ ਦੀ ਭਾਵਨਾ ਨਾਲ ਗ੍ਰਹਿਣ ਕਰਨ ਲਈ ਪ੍ਰੇਰਿਤ ਕੀਤਾ। ਉਸ ਨੇ ਐਨ.ਸੀ.ਸੀ. ਦੇ ਮਾਟੋ ਨੂੰ ਹਮੇਸ਼ਾ ਮਾਰਗ ਦਰਸ਼ਕ ਕਾਰਕ ਵਜੋਂ ਰੱਖਦੇ ਹੋਏ ਨਿਰਸਵਾਰਥ ਹੋ ਕੇ ਕੰਮ ਕਰਨ ਅਤੇ ਰਾਸ਼ਟਰ ਨਿਰਮਾਣ ਲਈ ਵਿਅਕਤੀਗਤ ਅਤੇ ਸਮੂਹਿਕ ਤੌਰ ਉਤੇ ਯੋਗਦਾਨ ਪਾਉਣ ਦੀ ਜ਼ਰੂਰਤ ਉਤੇ ਜ਼ੋਰ ਦਿੱਤਾ।

Advertisements

ਜ਼ਿਕਰਯੋਗ ਹੈ ਕਿ ਕੈਂਪ ਐਨ.ਸੀ.ਸੀ ਡਾਇਰੈਕਟੋਰੇਟ ਦੀ ਅਗਵਾਈ ਹੇਠ ਲਗਾਇਆ ਗਿਆ, ਜਿਸ ਦੌਰਾਨ ਐਨ.ਸੀ.ਸੀ ਕੈਡਿਟਾਂ ਨੂੰ ਵੱਖ-ਵੱਖ ਜ਼ਰੂਰੀ ਗਤੀਵਿਧੀਆਂ ਜਿਵੇਂ ਕਿ ਅੱਗ ਬੁਝਾਊ ਅਤੇ ਬਚਾਅ, ਕੁਦਰਤੀ ਆਫ਼ਤਾਂ ਦੌਰਾਨ ਮੁੱਢਲੀ ਸਹਾਇਤਾ ਬਾਰੇ ਜਾਣਕਾਰੀ ਦਿੱਤੀ ਗਈ। ਐਨ.ਡੀ.ਆਰ.ਐਫ., ਸਥਾਨਕ ਫਾਇਰ ਸਰਵਿਸ ਵਿਭਾਗ, ਟਰੈਫ਼ਿਕ ਪੁਲਿਸ ਅਤੇ ਖੇਤਰੀ ਹਸਪਤਾਲ ਦੇ ਮਾਹਿਰਾਂ ਦੀਆਂ ਟੀਮਾਂ ਨੂੰ ਕੈਡਿਟਾਂ ਨਾਲ ਗੱਲਬਾਤ ਕਰਨ ਅਤੇ ਉਹਨਾਂ ਨੂੰ ਸਿੱਖਿਅਤ ਕਰਨ ਲਈ ਬੁਲਾਇਆ ਗਿਆ ਸੀ। ਕੈਡਿਟਾਂ ਵਿੱਚ ਲੀਡਰਸ਼ਿਪ ਦੇ ਗੁਣ ਪੈਦਾ ਕਰਨ ਅਤੇ ਉਹਨਾਂ ਨੂੰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਆਦਰਸ਼ ਪਲੇਟਫ਼ਾਰਮ ਪ੍ਰਦਾਨ ਕਰਨ ਲਈ ਸਭਿਆਚਾਰਕ ਸਮਾਗਮਾਂ ਸਮੇਤ ਕਈ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਸਮਾਪਤੀ ਸਮਾਗਮ ਤੋਂ ਪਹਿਲਾਂ ਨਸ਼ਿਆਂ ਦੀ ਵਰਤੋਂ ਵਿਰੁੱਧ ਅਤੇ ਸਵੱਛਤਾ ਅਤੇ ਸਿਹਤਮੰਦ ਜੀਵਨ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਇੱਕ ਸਮਾਜਿਕ ਜਾਗਰੂਕਤਾ ਰੈਲੀ ਵੀ ਕੱਢੀ ਗਈ।

LEAVE A REPLY

Please enter your comment!
Please enter your name here