ਮੁੱਖ ਮੰਤਰੀ ਵੱਲੋਂ ਪੰਜਾਬ ਸਕੱਤਰੇਤ ਕ੍ਰਿਕਟ ਕਲੱਬ ਚੰਡੀਗੜ੍ਹ ਦੀ ਅਧਿਕਾਰਤ ਜਰਸੀ ਲਾਂਚ 

ਚੰਡੀਗੜ੍ਹ, (ਦ ਸਟੈਲਰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਥੇ ਆਪਣੇ ਦਫ਼ਤਰ ਵਿਖੇ ਪੰਜਾਬ ਸਿਵਲ ਸਕੱਤਰੇਤ ਕ੍ਰਿਕਟ ਕਲੱਬ, ਚੰਡੀਗੜ੍ਹ ਦੀ ਅਧਿਕਾਰਤ ਜਰਸੀ ਲਾਂਚ ਕੀਤੀ। ਹਾਲ ਹੀ ਵਿੱਚ ਹੋਏ ਟੂਰਨਾਮੈਂਟਾਂ ਦੌਰਾਨ ਪ੍ਰਾਪਤੀਆਂ ਲਈ ਕਲੱਬ ਦੇ ਕਾਰਜਕਰਤਾਵਾਂ ਦੀ ਪਿੱਠ ਥਾਪੜਦਿਆਂ ਮੁੱਖ ਮੰਤਰੀ ਨੇ ਖੇਡਾਂ ਦੇ ਖੇਤਰ ਵਿੱਚ ਸੂਬੇ ਦੀ ਪੁਰਾਣੀ ਸ਼ਾਨ ਨੂੰ ਬਹਾਲ ਕਰਨ ਲਈ ਸੂਬਾ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਸੂਬੇ ਵੱਲੋਂ ਇਸ ਦਿਸ਼ਾ ਵੱਲ ਪਹਿਲਾਂ ਹੀ ਠੋਸ ਯਤਨ ਕੀਤੇ ਜਾ ਰਹੇ ਹਨ। ਭਗਵੰਤ ਮਾਨ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਸੂਬਾ ਸਰਕਾਰ ਵੱਲੋਂ ਪਿੰਡ ਪੱਧਰ ‘ਤੇ, ਜਿੱਥੋਂ ਨਵੀਂ ਪ੍ਰਤਿਭਾ ਪੈਦਾ ਹੁੰਦੀ ਹੈ, ਨਵੇਂ ਸਟੇਡੀਅਮ ਬਣਾਉਣ ਲਈ ਪਹਿਲਾਂ ਹੀ ਖੇਡਾਂ ਦੇ ਬਜਟ ਵਿਚ ਵਾਧਾ ਕੀਤਾ ਹੈ ਜਦਕਿ ਹੁਣ ਤੱਕ ਇਸ ਨੂੰ ਨਜ਼ਰਅੰਦਾਜ਼ ਕੀਤਾ ਗਿਆ ਸੀ। 29 ਅਗਸਤ ਤੋਂ ਸ਼ੁਰੂ ਕੀਤੇ ਖੇਡ ਮੇਲੇ ‘ਖੇਡਾਂ ਵਤਨ ਪੰਜਾਬ ਦੀਆ’ ਬਾਰੇ ਗੱਲ ਕਰਦਿਆਂ ਉਨ੍ਹਾਂ ਆਸ ਪ੍ਰਗਟਾਈ ਕਿ ਇਹ ਖੇਡਾਂ ਖਿਡਾਰੀਆਂ ਦੀ ਊਰਜਾ ਨੂੰ ਸਕਾਰਾਤਮਕ ਦਿਸ਼ਾ ਵੱਲ ਲਿਜਾ ਕੇ ਸੂਬੇ ਵਿੱਚ ਖੇਡ ਗਤੀਵਿਧੀਆਂ ਨੂੰ ਹੁਲਾਰਾ ਦੇਣਗੀਆਂ।

Advertisements

ਕਲੱਬ ਦੇ ਕਾਰਜਕਰਤਾਵਾਂ ਨੂੰ ਉਨ੍ਹਾਂ ਦੇ ਭਵਿੱਖ ਦੇ ਉਪਰਾਲਿਆਂ ਲਈ ਉਤਸ਼ਾਹਿਤ ਕਰਦਿਆਂ ਮੁੱਖ ਮੰਤਰੀ ਨੇ ਕਲੱਬ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਵਾਅਦਾ ਕੀਤਾ। ਜ਼ਿਕਰਯੋਗ ਹੈ ਕਿ ਕਲੱਬ ਦੀ ਅਧਿਕਾਰਤ ਜਰਸੀ ਨੂੰ ਆਰੀਅਨ ਗਰੁੱਪ ਆਫ਼ ਕਾਲਜਿਜ਼, ਰਾਜਪੁਰਾ ਵੱਲੋਂ ਸਪਾਂਸਰ ਕੀਤਾ ਗਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਲੱਬ ਦੇ ਪ੍ਰਧਾਨ ਸਤੀਸ਼ ਚੰਦਰ, ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ, ਆਰੀਅਨ ਗਰੁੱਪ ਆਫ਼ ਕਾਲਜਿਜ਼ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆ ਹਾਜ਼ਰ ਸਨ।

LEAVE A REPLY

Please enter your comment!
Please enter your name here