ਰਾਜਿੰਦਰਾ ਹਸਪਤਾਲ ਨੇ ਦਿਲ ਦੇ ਜਮਾਂਦਰੂ ਰੋਗ ਵਾਲੇ 90 ਸਕੂਲੀ ਵਿਦਿਆਰਥੀਆਂ ਦਾ ਮੁਫ਼ਤ ਕਰਵਾਇਆ ਇਲਾਜ

ਪਟਿਆਲਾ, (ਦ ਸਟੈਲਰ ਨਿਊਜ਼): ਸਰਕਾਰੀ ਰਾਜਿੰਦਰਾ ਹਸਪਤਾਲ ਨੇ ਪਿਛਲੇ 6 ਮਹੀਨਿਆਂ ਦੌਰਾਨ ਦਿਲ ਦੇ ਜਮਾਂਦਰੂ ਰੋਗ ਵਾਲੇ 90 ਸਕੂਲੀ ਵਿਦਿਆਰਥੀਆਂ ਦਾ ਮੁਫ਼ਤ ਇਲਾਜ ਕਰਵਾਇਆ ਹੈ। ਜਦੋਂਕਿ ਇੱਥੇ ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ (ਆਰ.ਬੀ.ਐਸ.ਕੇ.) ਤਹਿਤ 18 ਸਾਲ ਤੱਕ ਦੇ ਸਰਕਾਰੀ ਅਤੇ ਏਡਿਡ ਸਕੂਲਾਂ ‘ਚ ਪੜ੍ਹਦੇ ਵਿਦਿਆਰਥੀਆਂ ਨੂੰ ਹੋਣ ਵਾਲੀਆਂ ਦਿਲ ਦੀਆਂ ਜਮਾਂਦਰੂ ਬਿਮਾਰੀਆਂ, ਵਿੰਗੇ-ਟੇਡੇ ਪੈਰ, ਕੰਨਾਂ ਦੀਆਂ ਮਸ਼ੀਨਾਂ, ਪਲਾਸਟਿਕ ਸਰਜਰੀ ਸਮੇਤ 40 ਹੋਰ ਰੋਗਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਰਾਜਿੰਦਰਾ ਹਸਪਤਾਲ ਵਿਖੇ ਆਰ.ਬੀ.ਐਸ.ਕੇ. ਸਕੀਮ ਤਹਿਤ ਬੱਚਿਆਂ ਦੇ ਕੀਤੇ ਜਾਂਦੇ ਇਲਾਜ ਦਾ ਜਾਇਜ਼ਾ ਲੈਂਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਦੀਆਂ ਸਿਹਤ ਸੇਵਾਵਾਂ ਨੂੰ ਬਿਹਤਰ ਤੋਂ ਬਿਹਤਰ ਬਣਾਉਣ ਲਈ ਵਚਨਬੱਧ ਹੈ।
ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਨੇ ਆਰ.ਬੀ.ਐਸ.ਕੇ. ਸਕੀਮ ਦੇ ਨੋਡਲ ਅਫ਼ਸਰ ਡਾ. ਹਰਸ਼ਿੰਦਰ ਕੌਰ ਤੋਂ ਸਕੀਮ ਬਾਰੇ ਜਾਣਕਾਰੀ ਲੈਂਦਿਆਂ, ਇਸ ਨੂੰ ਹੋਰ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਦੇ ਨਿਰਦੇਸ਼ ਦਿੱਤੇ। ਸਿਹਤ ਮੰਤਰੀ ਨੇ ਦੱਸਿਆ ਕਿ ਰਾਜਿੰਦਰਾ ਹਸਪਤਾਲ ਨੇ ਇੱਕ ਬੱਚੇ ਦਾ ਬੋਨ ਮੈਰੋ ਤਬਦੀਲ ਕਰਵਾਉਣ ਦਾ ਉਪਰੇਸ਼ਨ ਵੀ ਕਰਵਾਇਆ ਹੈ ਅਤੇ ਇੱਕ ਹੋਰ ਬੱਚੇ ਦਾ ਅਜਿਹਾ ਹੋਰ ਉਪਰੇਸ਼ਨ ਕਰਵਾਉਣ ਦੀ ਤਿਆਰੀ ਹੈ।
ਜੌੜਾਮਾਜਰਾ ਨੇ ਕਿਹਾ ਕਿ ਮੌਜੂਦਾ ਸਰਕਾਰ ਸਮੇਂ ਵੱਖ-ਵੱਖ ਬਿਮਾਰੀਆਂ ਵਾਲੇ 2800 ਦੇ ਕਰੀਬ ਬੱਚਿਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 90 ਬੱਚਿਆਂ ਦੇ ਦਿਲ ਦੇ ਜਮਾਂਦਰੂ ਰੋਗਾਂ ਦਾ ਇਲਾਜ ਪੀ.ਜੀ.ਆਈ. ਜਾਂ ਫੋਰਟਿਸ ਹਸਪਤਾਲਾਂ ਵਿਖੇ ਹੋਇਆ ਹੈ ਅਤੇ ਇਨ੍ਹਾਂ ਉਪਰ ਪ੍ਰਤੀ ਬੱਚਾ ਕਰੀਬ 4 ਤੋਂ 7 ਲੱਖ ਰੁਪਏ ਤੱਕ ਦਾ ਖ਼ਰਚਾ ਆਇਆ ਹੈ। ਡਾ. ਹਰਸ਼ਿੰਦਰ ਕੌਰ ਨੇ ਦੱਸਿਆ ਕਿ ਆਰ.ਬੀ.ਐਸ.ਕੇ. ਸਕੀਮ ਤਹਿਤ ਭਗਵੰਤ ਮਾਨ ਸਰਕਾਰ ਸਮੇਂ 12 ਲੱਖ 80 ਹਜ਼ਾਰ ਰੁਪਏ ਦੀਆਂ 32 ਕੰਨਾਂ ਦੀਆਂ ਮਸ਼ੀਨਾਂ, ਵਿੰਗੇ-ਟੇਡੇ ਪੈਰਾਂ ਦੇ 9 ਉਪਰੇਸ਼ਨ, ਦੌਰਿਆਂ ਦੇ 900 ਮਰੀਜ, ਜਿਨ੍ਹਾਂ ਨੂੰ 5000 ਰੁਪਏ ਦੀ ਦਵਾਈ ਹਰ ਮਹੀਨੇ ਮੁਫ਼ਤ ਦਿੱਤੀ ਜਾਂਦੀ ਹੈ, ਦਮੇ ਦੇ 150, ਨਜ਼ਰ ਦੇ 22, ਲਰਨਿੰਗ ਡਿਸਆਰਡਰ ਦੇ 48 ਤੋਂ ਇਲਾਵਾ ਵਿਟਾਮਿਨਾਂ ਤੇ ਹੋਰ ਸਰੀਰਕ ਘਾਟਾਂ ਵਾਲੇ 1500 ਦੇ ਕਰੀਬ ਵਿਦਿਆਰਥੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਹਰ ਬੁੱਧਵਾਰ ਅਤੇ ਸ਼ਨੀਵਾਰ ਨੂੰ ਰਜਿੰਦਰਾ ਹਸਪਤਾਲ ਦੀ ਐਮ.ਸੀ.ਐਚ. ਬਿਲਡਿੰਗ ਵਿਖੇ ਦਿਖਾਇਆ ਜਾ ਸਕਦਾ ਹੈ, ਜਿੱਥੇ ਇਨ੍ਹਾਂ ਬੱਚਿਆਂ ਦੇ ਸਾਰੇ ਟੈਸਟ ਅਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ।

Advertisements

LEAVE A REPLY

Please enter your comment!
Please enter your name here