ਵਾਤਾਵਰਣ ਦੀ ਸੰਭਾਲ ਲਈ ਪੈਰ ਪੁੱਟਣ ਵਾਲੇ 10 ਪਿੰਡਾਂ ਨੂੰ ਵਿਸ਼ੇਸ਼ ਪੁਰਸਕਾਰ ਦੇਣ ਲਈ ਅੱਗੇ ਆਈਆਂ ਐਨ.ਜੀ.ਓਜ਼

ਪਟਿਆਲਾ(ਦ ਸਟੈਲਰ ਨਿਊਜ਼): ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਦੀ ਨਿਵਕੇਲੀ ਪਹਿਲਕਦਮੀ ਦੇ ਚਲਦਿਆਂ ਦੋ ਵੱਖ-ਵੱਖ ਐਨ.ਜੀ.ਓਜ਼ ਐਲਾਨ ਕਰ ਚੁੱਕੀਆਂ ਹਨ ਕਿ ਉਹ ਜ਼ਿਲ੍ਹੇ ਦੇ ਵਾਤਾਵਰਣ ਦੀ ਸੰਭਾਲ ਕਰਨ ਵਾਲੇ 10 ਅਜਿਹੇ ਪਿੰਡਾਂ ਨੂੰ ਵਿਸ਼ੇਸ਼ ਤੋਹਫ਼ੇ ਤੇ ਨਗ਼ਦ ਇਨਾਮ ਪ੍ਰਦਾਨ ਕਰਨਗੀਆਂ, ਜਿਹੜੇ ਪਿੰਡਾਂ ਵਿੱਚ ਪਰਾਲੀ ਨੂੰ ਬਿਲਕੁਲ ਵੀ ਅੱਗ ਨਹੀਂ ਲਗਾਈ ਜਾਵੇਗੀ। ਅੱਜ ਸੀ.ਆਈ.ਆਈ. ਫਾਊਂਡੇਸ਼ਨ, ਜੋ ਕਿ ਪਹਿਲਾਂ ਹੀ ਨਾਭਾ ਸਬ-ਡਵੀਜਨ ਵਿੱਚ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਕਿਸਾਨ ਜਾਗਰੂਕਤਾ ਦਾ ਕੰਮ ਕਰ ਰਹੀ ਹੈ, ਨੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨਾਲ ਮੀਟਿੰਗ ਦੌਰਾਨ ਇਸੇ ਬਲਾਕ ਦੇ ਪਰਾਲੀ ਨੂੰ ਬਿਲਕੁਲ ਵੀ ਅੱਗ ਨਾ ਲਗਾਉਣ ਵਾਲੇ 5 ਪਿੰਡਾਂ ਨੂੰ ਵਿਸ਼ੇਸ਼ ਤੋਹਫ਼ੇ ਦੇਣ ਉਤੇ ਸਹਿਮਤੀ ਪ੍ਰਗਟਾਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿੰਜੈਂਟਾ ਐਨ.ਜੀ.ਓ. ਨੇ ਆਪਣੇ ਪ੍ਰਾਣਾ ਪ੍ਰਾਜੈਕਟ ਤਹਿਤ ਜ਼ਿਲ੍ਹੇ ਦੇ ਪਰਾਲੀ ਨਾ ਸਾੜਨ ਵਾਲੇ 5 ਪਿੰਡਾਂ ਨੂੰ ਇਨਾਮ ਦੇਣ ਦਾ ਪਹਿਲਾਂ ਹੀ ਐਲਾਨ ਕੀਤਾ ਹੈ। ਜਦੋਂਕਿ ਅੱਜ ਸੀ.ਆਈ.ਆਈ. ਫਾਊਂਡੇਸ਼ਨ ਦੇ ਹਰਿਆਣਾ ਤੇ ਪੰਜਾਬ ਦੇ ਪ੍ਰਾਜੈਕਟ ਕੋਆਰਡੀਨੇਟਰ ਐਸ.ਐਮ. ਤਾਹਿਰ ਹੁਸੈਨ ਤੇ ਪ੍ਰਾਜੈਕਟ ਮੈਨੇਜਰ ਚੰਦਰਕਾਂਤ ਪ੍ਰਧਾਨ ਨੇ ਸਹਿਮਤੀ ਪ੍ਰਗਟਾਈ ਕਿ ਸਬ ਡਵੀਜਨ ਨਾਭਾ ਦੇ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ 5 ਪਿੰਡਾਂ ਨੂੰ ਸੀ.ਆਈ.ਆਈ. ਦੀ ਤਰਫ਼ੋਂ ਨਗ਼ਦ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇਗਾ। ਸਾਕਸ਼ੀ ਸਾਹਨੀ ਨੇ ਇਸ ਮੌਕੇ ਸਮੂਹ ਐਸ.ਡੀ.ਐਮਜ਼ ਨਾਲ ਵੀਡੀਓ ਕਾਨਫਰੰਸਿੰਗ ਜਰੀਏ ਕਿਹਾ ਕਿ ਉਹ ਪਰਾਲੀ ਸਾੜਨ ਦੇ ਮਾਮਲਿਆਂ ਉਤੇ ਬਰੀਕੀ ਨਾਲ ਨਜ਼ਰ ਰੱਖਣ ਲਈ ਸਾਰੇ ਨੰਬਰਦਾਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀ ਸਹਾਇਤਾ ਲੈਣ। ਜਦੋਂਕਿ ਪਰਾਲੀ ਪ੍ਰਬੰਧਨ ਲਈ ਮਾਈਕਰੋ ਪੱਧਰ ਉਤੇ ਕੰਮ ਕੀਤਾ ਜਾਵੇ, ਜ਼ਿਲ੍ਹੇ ਅੰਦਰ ਉਪਲਬੱਧ 4398 ਤੋਂ ਵਧੇਰੇ ਮਸ਼ੀਨਾਂ ਦੀ ਵੱਧ ਤੋਂ ਵੱਧ ਵਰਤੋਂ ਵੀ ਯਕੀਨੀ ਬਣਾਉਣ ਲਈ ਆਦੇਸ਼ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ ਕਿਉਂਕਿ ਇੱਕ ਮਸ਼ੀਨ ਇੱਕ ਸੀਜ਼ਨ ਵਿੱਚ 80 ਏਕੜ ਜਮੀਨ ਵਿੱਚ ਪਰਾਲੀ ਨੂੰ ਸੰਭਾਲਦੀ ਹੈ।
ਮੀਟਿੰਗ ਦੌਰਾਨ ਏ.ਡੀ.ਸੀ. ਗੁਰਪ੍ਰੀਤ ਸਿੰਘ ਥਿੰਦ, ਡੀ.ਡੀ.ਪੀ.ਓ. ਸੁਖਚੈਨ ਸਿੰਘ ਪਾਪੜਾ ਤੇ ਅਗਾਂਹਵਧੂ ਕਿਸਾਨ ਜਸਪ੍ਰੀਤ ਸਿੰਘ, ਚਰਨਪ੍ਰੀਤ ਸਿੰਘ, ਹਰਜਿੰਦਰ ਸਿੰਘ, ਰਾਜਪਾਲ ਸਿੰਘ ਤੇ ਜਸਵਿੰਦਰ ਸਿੰਘ ਤੇ ਡੀ.ਡੀ.ਐਫ. ਪ੍ਰਿਆ ਵੀ ਮੌਜੂਦ ਸਨ।

Advertisements

LEAVE A REPLY

Please enter your comment!
Please enter your name here