ਕਿਸਾਨਾਂ ਨੂੰ ਮੰਡੀਆਂ ’ਚ ਝੋਨਾ ਵੇਚਣ ਸਮੇਂ ਜੇ ਕੋਈ ਮੁਸ਼ਕਲ ਆਵੇ ਤਾਂ ਕੰਟਰੋਲ ਰੂਮ ਦੇ ਨੰਬਰ 01874-247193 ’ਤੇ ਰਾਬਤਾ ਕੀਤਾ ਜਾਵੇ: ਡਿਪਟੀ ਕਮਿਸ਼ਨਰ

ਗੁਰਦਾਸਪੁਰ, (ਦ ਸਟੈਲਰ ਨਿਊਜ਼): ਮੰਡੀਆਂ ਵਿੱਚ ਝੋਨੇ ਦੀ ਫਸਲ ਵੇਚਣ ਸਮੇਂ ਕਿਸਾਨਾਂ ਨੂੰ ਜੇਕਰ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਤੁਰੰਤ ਮੰਡੀਆਂ ਵਿੱਚ ਸਥਾਪਤ ਕਿਸਾਨ ਸੇਵਾ ਕੇਂਦਰਾਂ ਜਾਂ ਜ਼ਿਲ੍ਹਾ ਪੱਧਰ ’ਤੇ ਸਥਾਪਤ ਕੰਟਰੋਲ ਰੂਮ ਨਾਲ ਰਾਬਤਾ ਕਾਇਮ ਕਰਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਝੋਨੇ ਦੀ ਖਰੀਦ ਸਬੰਧੀ ਡੀ.ਐੱਫ.ਐੱਸ.ਸੀ. ਦਫ਼ਤਰ ਗੁਰਦਾਸਪੁਰ ਵਿੱਚ ਇੱਕ ਵਿਸ਼ੇਸ਼ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ, ਜਿਸਦਾ ਨੰਬਰ 01874-247193 ਹੈ। ਉਨ੍ਹਾਂ ਦੱਸਿਆ ਕਿ ਇਹ ਕੰਟਰੋਲ ਰੂਮ ਖਰੀਦ ਸੀਜ਼ਨ ਦੌਰਾਨ ਰੋਜ਼ਾਨਾ ਸਵੇਰੇ 7:00 ਵਜੇ ਤੋਂ ਦੇਰ ਸ਼ਾਮ 8:00 ਵਜੇ ਤੱਕ ਕੰਮ ਕਰ ਰਿਹਾ ਹੈ ਅਤੇ ਕਿਸਾਨ ਖਰੀਦ ਸਬੰਧੀ ਕਿਸੇ ਕਿਸਮ ਦੀ ਜਾਣਕਾਰੀ ਲੈਣ ਜਾਂ ਕਿਸੇ ਸਮੱਸਿਆ/ਸ਼ਿਕਾਇਤ ਦੇ ਹੱਲ ਲਈ ਏਥੇ ਸੰਪਰਕ ਕਰ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖਰੀਦ ਸੀਜ਼ਨ ਦੌਰਾਨ ਉਹ ਰੋਜ਼ਾਨਾਂ 9:30 ਵਜੇ ਅਧਿਕਾਰੀਆਂ ਨਾਲ ਆਨ-ਲਾਈਨ ਮੀਟਿੰਗ ਕਰਦੇ ਹਨ ਅਤੇ ਕਿਸਾਨ ਉਸ ਮੀਟਿੰਗ ਵਿੱਚ ਵੀ ਭਾਗ ਲੈ ਕੇ ਆਪਣੀ ਮੁਸ਼ਕਲ ਦੱਸ ਸਕਦੇ ਹਨ।  

Advertisements

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਝੋਨੇ ਦੀ ਫਸਲ ਵੇਚਣ ਸਮੇਂ ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਪਰੇਸ਼ਾਨੀ ਨਾ ਆਵੇ ਇਸ ਲਈ ਜ਼ਿਲ੍ਹੇ ਦੀਆਂ 10 ਵੱਡੀਆਂ ਮੰਡੀਆਂ ਬਟਾਲਾ, ਗੁਰਦਾਸਪੁਰ, ਕਲਾਨੌਰ, ਦੀਨਾਨਗਰ, ਡੇਰਾ ਬਾਬਾ ਨਾਨਕ, ਕਾਦੀਆਂ, ਫ਼ਤਹਿਗੜ ਚੂੜੀਆਂ, ਕਾਹਨੂੰਵਾਨ, ਸ੍ਰੀ ਹਰਗੋਬਿੰਪੁਰ ਸਾਹਿਬ ਅਤੇ ਧਾਰੀਵਾਲ ਵਿਚ ਕਿਸਾਨ ਸੇਵਾ ਕੇਂਦਰ ਸਥਾਪਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨਾਂ ਕਿਸਾਨ ਸੇਵਾ ਕੇਂਦਰਾਂ ’ਤੇ ਕਿਸਾਨ ਆਪਣੀਆਂ ਮੁਸ਼ਕਲਾਂ/ਸ਼ਿਕਾਇਤਾਂ ਜਿਵੇਂ ਝੋਨੇ ਵਿੱਚ ਨਮੀਂ ਦੀ ਮਾਤਰਾ, ਜੇ ਫਾਰਮ ਨਾ ਮਿਲਣਾ, ਘੱਟ ਤੋਲ ਅਤੇ ਬੋਲੀ ਨਾ ਲਗਾਉਣ ਸਬੰਧੀ ਸ਼ਿਕਾਇਤਾਂ ਦਰਜ ਕਰਾ ਸਕਦੇ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿਸਾਨ ਸੇਵਾ ਕੇਂਦਰ ’ਤੇ ਤਾਇਨਾਤ ਕਰਮਚਾਰੀ ਕਿਸਾਨਾਂ ਦੀ ਸ਼ਿਕਾਇਤ ਨੂੰ ਓਸੇ ਵੇਲੇ ਗੂਗਲਸ਼ੀਟ ’ਤੇ ਅਪਲੋਡ ਕਰਦੇ ਹਨ ਅਤੇ ਸਬੰਧਤ ਅਧਿਕਾਰੀਆਂ ਵੱਲੋਂ ਦੋ ਘੰਟਿਆਂ ਦੇ ਅੰਦਰ-ਅੰਦਰ ਉਸ ਸ਼ਿਕਾਇਤ ਉੱਪਰ ਕਾਰਵਾਈ ਕੀਤੀ ਜਾਂਦੀ ਹੈ। ਉਨਾਂ ਦੱਸਿਆ ਕਿ ਜ਼ਿਲ੍ਹੇ ਦੀਆਂ 10 ਵੱਡੀਆਂ ਮੰਡੀਆਂ ਤੋਂ ਇਲਾਵਾ ਬਾਕੀ ਮੰਡੀਆਂ ਵਿੱਚ ਵੀ ਮੋਬਾਇਲ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਝੋਨੇ ਦੇ ਖਰੀਦ ਪ੍ਰਬੰਧਾਂ ਉੱਪਰ ਤਿੱਖੀ ਨਜ਼ਰ ਰੱਖ ਰਹੀਆਂ ਹਨ।

LEAVE A REPLY

Please enter your comment!
Please enter your name here