ਡਿਪਟੀ ਕਮਿਸ਼ਨਰ ਵੱਲੋਂ ਬਾਇਓ ਮੈਡੀਕਲ ਵੇਸਟ ਦੇ ਪ੍ਰਬੰਧਨ ਸਬੰਧੀ ਮੀਟਿੰਗ

ਫਿਰੋਜ਼ਪੁਰ, (ਦ ਸਟੈਲਰ ਨਿਊਜ਼)। ਬਾਇਓ ਮੈਡੀਕਲ ਵੇਸਟ ਦੇ ਸੁਚੱਜੇ ਪ੍ਰਬੰਧਨ ਲਈ ਡਿਪਟੀ ਕਮਿਸ਼ਨਰ ਮੈਡਮ ਅਮ੍ਰਿਤ ਸਿੰਘ ਆਈ.ਏ.ਐਸ. ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਤੋਂ ਜ਼ਿਲ੍ਹੇ ਅੰਦਰ ਬਾਇਓਮੈਡੀਕਲ ਵੇਸਟ (ਬੀ.ਐਮ.ਡਬਲਯੂ.) ਦੇ ਵਿਗਿਆਨਕ ਢੰਗ ਨਾਲ ਪ੍ਰਬੰਧਨ ਅਤੇ ਨਿੱਜੀ ਤੇ ਸਰਕਾਰੀ ਹਸਪਤਾਲਾਂ ਵਿੱਚ ਬਾਇਓਮੈਡੀਕਲ ਵੇਸਟ ਦੇ ਪ੍ਰਬੰਧਨ ਤੋਂ ਇਲਾਵਾ ਇਸ ਲਈ ਬਾਰ ਕੋਡ ਪ੍ਰਣਾਲੀ ਦੀ ਵਰਤੋਂ ਸਬੰਧੀ ਵਿਚਾਰ-ਚਰਚਾ ਕੀਤੀ ਤੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਹਾਸਿਲ ਕੀਤੀ।

Advertisements

ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਜਿੰਦਰ ਮਨਚੰਦਾ ਨੇ ਬਾਇਓਮੈਡੀਕਲ ਵੇਸਟ ਸਬੰਧੀ ਕਾਨੂੰਨ ਬਨਾਏ ਜਾਣ ਅਤੇ ਜ਼ਿਲੇ ਅੰਦਰ ਬਾਇਓਮੈਡੀਕਲ ਵੇਸਟ ਦੇ ਨਿਪਟਾਰੇ ਬਾਰੇ ਵਿਸਤ੍ਰਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਵਲ ਸਰਜਨ ਡਾ. ਰਜਿੰਦਰ ਪਾਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਬਾਇਓਮੈਡੀਕਲ ਵੇਸਟ (ਬੀ.ਐਮ.ਡਬਲਯੂ.) ਦੇ ਵਿਗਿਆਨਕ ਢੰਗ ਨਾਲ ਪ੍ਰਬੰਧਨ ਨੂੰ ਯਕੀਨੀ ਬਨਾਉਣ ਲਈ ਜ਼ਿਲ੍ਹੇ ਦੇ ਨਿੱਜੀ ਤੇ ਸਰਕਾਰੀ ਹਸਪਤਾਲਾਂ ਵਿੱਚ ਬਾਇਓਮੈਡੀਕਲ ਵੇਸਟ ਦੇ ਪ੍ਰਬੰਧਨ ਲਈ ਬਾਰ ਕੋਡ ਪ੍ਰਣਾਲੀ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਜਾਰੀ ਹੁਕਮਾਂ ਅਨੁਸਾਰ ਬਾਇਓਮੈਡੀਕਲ ਵੇਸਟ ਨੂੰ ਅਤਿ ਖਤਰਨਾਕ ਅਤੇ ਸੰਕਰਮਣਸ਼ੀਲ ਮੰਨਦੇ ਹੋਏ ਜ਼ਿਲ੍ਹੇ ਦੇ ਸਾਰੇ ਹਸਪਤਾਲਾਂ ਵਿੱਚ ਬਾਰ ਕੋਡ ਪ੍ਰਣਾਲੀ ਨੂੰ ਪੂਰੀ ਤਰਾਂ ਲਾਗੂ ਕੀਤਾ ਗਿਆ ਹੈ। ਡਾ. ਮਨਚੰਦਾ ਨੇ ਕਿਹਾ ਕਿ ਰਾਜ ਭਰ ਵਿੱਚ ਬਾਇਓਮੈਡੀਕਲ ਵੇਸਟ ਦੇ ਵਿਗਿਆਨਕ ਢੰਗ ਨਾਲ ਨਿਪਟਾਰੇ ਨੂੰ ਯਕੀਨੀ ਬਨਾਉਣ ਹਿੱਤ ਰਾਜ ਸਲਾਹਕਾਰ ਕਮੇਟੀ ਅਤੇ ਜ਼ਿਲਾ ਪੱਧਰੀ ਨਿਗਰਾਨ ਕਮੇਟੀਆਂ ਦਾ ਗਠਣ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਸਾਰੇ (ਕਾਮਨ ਬਾਇਓਮੈਡੀਕਲ ਵੇਸਟ ਟ੍ਰੀਟਮੈਂਟ ਫੈਸਿਲਿਟੀ) ਸੀ.ਬੀ.ਡਬਲਯੂ.ਟੀ.ਐਫ. ਆਪਰੇਟਰਾਂ ਨੂੰ ਬਾਇਓ ਮੈਡੀਕਲ ਵੇਸਟ ਮੈਨੇਜਮੈਂਟ ਰੂਲਜ਼ (ਬੀ.ਐਮ.ਡਬਲਯੂ.ਐਮ.) 2016 (ਸੋਧਾਂ 2018 ਅਤੇ 2019) ਦੀਆਂ ਧਾਰਾਵਾਂ ਅਨੁਸਾਰ ਬਾਰ ਕੋਡ ਸਾਫਟਵੇਅਰ ਦੀ ਵਰਤੋਂ ਕਰਦਿਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚੋਂ ਬਾਇਓ ਮੈਡੀਕਲ ਵੇਸਟ ਨਿਯਮਿਤ ਸਮੇ ਸਿਰ ਇਕੱਠਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਰੋਜ਼ਾਨਾ ਦੇ ਬਾਇਓ ਮੀਡੀਕਲ ਵੇਸਟ ਸਬੰਧੀ ਸਾਰੇ ਵੇਰਵਿਆਂ / ਰਿਪੋਰਟਾਂ ਨੂੰ ਸਾਫਟਵੇਅਰ ਉੱਤੇ ਅਪਲੋਡ ਕੀਤਾ ਜਾਂਦਾ ਹੈ, ਜਿੱਥੇ ਹਰੇਕ ਹਸਪਤਾਲ ‘ਚੋਂ ਵੇਸਟ ਇਕੱਠਾ ਕਰਨ ਦਾ ਸਾਰਾ ਰਿਕਾਰਡ ਦਰਜ਼ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹੁਣ ਹਸਪਤਾਲਾਂ ਵਿੱਚ ਕੋਈ ਰਹਿੰਦ-ਖੂਹੰਦ ਨਹੀਂ ਦੱਬੀ ਜਾ ਰਹੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਛੋਟੇ ਹਸਪਤਾਲਾਂ ਸਮੇਤ ਸਾਰੇ ਹਸਪਤਾਲ ਬਾਇਓਮੈਡੀਕਲ ਵੇਸਟ ਦੇ ਨਿਪਟਾਰੇ ਲਈ ਸੀ.ਬੀ.ਡਬਲਯੂ.ਐਫ. ਨਾਲ ਜੁੜੇ ਹੋਏ ਹਨ। ਇਸ ਇਸ ਮੌਕੇ ਡਾ. ਗੁਰਮੇਜ ਗੁਰਾਇਆ, ਡਾ.ਬਲਕਾਰ ਸਿੰਘ, ਡਾ.ਸਾਕਸ਼ੀ,ਦੀਵਾਨ ਚੰਦ, ਨਵਨੀਤ ਕੌਰ ਅਤੇ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।

LEAVE A REPLY

Please enter your comment!
Please enter your name here