ਦੀਵਾਲੀ ਮੌਕੇ ਪਟਾਖੇ ਵੇਚਣ ਲਈ ਜ਼ਿਲ੍ਹਾ ਗੁਰਦਾਸਪੁਰ ਵਿੱਚ 15 ਆਰਜ਼ੀ ਲਾਇਸੰਸ ਜਾਰੀ

ਗੁਰਦਾਸਪੁਰ, ( ਦ ਸਟੈਲਰ ਨਿਊਜ਼)। ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਦੀਵਾਲੀ ਮੌਕੇ ਪਟਾਖੇ ਵੇਚਣ/ਸਟੋਰ ਕਰਨ ਲਈ ਆਰਜ਼ੀ ਲਾਇਸੰਸ ਜਾਰੀ ਕੀਤੇ ਗਏ ਹਨ। ਇਸਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਪਟਾਖੇ ਵੇਚਣ ਲਈ ਥਾਂ ਨਿਰਧਾਰਤ ਕੀਤੀ  ਗਈ ਹੈ ਜਿਥੇ ਕੇਵਲ ਆਰਜ਼ੀ ਲਾਇਸੰਸ ਧਾਰਕ ਹੀ ਪਟਾਕੇ ਵੇਚ ਸਕਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ ਦੀਵਾਲੀ ਮੌਕੇ ਪਟਾਖੇ ਵੇਚਣ ਲਈ ਬਟਾਲਾ ਸ਼ਹਿਰ ਵਿੱਚ 5 ਆਰਜ਼ੀ ਲਾਇਸੰਸ ਜਾਰੀ ਕੀਤੇ ਗਏ ਹਨ ਜਦਕਿ ਗੁਰਦਾਸਪੁਰ ਸ਼ਹਿਰ ਵਿੱਚ 4, ਦੀਨਾਨਗਰ ਵਿੱਚ 3 ਅਤੇ ਡੇਰਾ ਬਾਬਾ ਨਾਨਕ ਵਿੱਚ 3 ਲਾਇਸੰਸ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਬਟਾਲਾ ਸ਼ਹਿਰ ਵਿੱਚ ਪਸ਼ੂ ਮੰਡੀ (ਗੁਰਦਾਸਪੁਰ ਰੋਡ) ਵਿਖੇ, ਗੁਰਦਾਸਪੁਰ ਸ਼ਹਿਰ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰੀਜ਼ਨਲ ਕੈਂਪਸ ਦੇ ਸਾਹਮਣੇ ਵਾਲੀ ਗਰਾਉਂਡ ਵਿੱਚ, ਦੀਨਾ ਨਗਰ ਸ਼ਹਿਰ ਵਿੱਚ ਪਾਰਕ ਨਜ਼ਦੀਕ 5 ਨੰਬਰ ਬਿਜਲੀ ਘਰ ਜੀ.ਟੀ. ਰੋਡ ਵਿਖੇ ਅਤੇ ਡੇਰਾ ਬਾਬਾ ਨਾਨਕ ਵਿਖੇ ਦਾਣਾ ਮੰਡੀ ਵਿੱਚ ਪਟਾਕੇ ਵੇਚਣ ਲਈ ਥਾਂ ਨਿਰਧਾਰਤ ਕੀਤੀ ਗਈ ਹੈ।

Advertisements

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਰਜ਼ੀ ਲਾਇਸੰਸ ਧਾਰਕਾਂ ਪਾਸੋਂ ਉਕਤ ਸਥਾਨਾਂ ਦਾ ਕਿਰਾਇਆ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਾਰਪੋਰੇਸ਼ਨ ਬਟਾਲਾ ਲਈ 2000 ਰੁਪਏ ਅਤੇ ਨਗਰ ਕੌਂਲਸ ਗੁਰਦਾਸਪੁਰ, ਡੇਰਾ ਬਾਬਾ ਨਾਨਕ ਅਤੇ ਦੀਨਾਨਗਰ ਲਈ ਪ੍ਰਤੀ ਨਗਰ ਕੌਂਸਲ 1000 ਰੁਪਏ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਨਿਰਧਾਰਤ ਥਾਵਾਂ ਉੱਪਰ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣਗੇ ਅਤੇ ਸਮੂਹ ਐੱਸ.ਡੀ.ਐੱਮ. ਓਵਰਆਲ ਇੰਚਾਰਜ ਹੋਣਗੇ। ਨਿਰਧਾਰਤ ਥਾਵਾਂ ’ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ। ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਅਤੇ ਉਨ੍ਹਾਂ ਦੇ ਇਲੈਕਟਰੀਕਲ ਵਿੰਗ ਐਕਸਪਲੋਸਿਵ ਰੂਲਜ਼ 1998 ਵਿੱਚ ਦਿੱਤੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣਗੇ। ਪਟਾਖਾ ਵਿਕਰੇਤਾ ਵੱਲੋਂ ਪਟਾਖੇ ਵੇਚਣ ਲਈ ਬਣਾਏ ਜਾਣ ਵਾਲੇ ਸ਼ੈੱਡ ਨਾਜਲਣਯੋਗ ਮਟੀਰੀਅਲ ਦੇ ਪੂਰੀ ਤਰਾਂ ਬੰਦ ਅਤੇ ਸੁਰੱਖਿਅਤ ਹੋਣੇ ਚਾਹੀਦੇ ਹਨ। ਪਟਾਕੇ ਵੇਚਣ ਵਾਲੀ ਥਾਂ ’ਤੇ ਜਲਣਯੋਗ ਪਦਾਰਥ ਤੇਲ ਦੇ ਦੀਵੇ, ਗੈਸ ਲੈਂਪ ਆਦਿ ਨਹੀਂ ਹੋਣੇ ਚਾਹੀਦੇ।

ਪਟਾਖੇ ਵੇਚਣ ਵਾਲੇ ਵਿਅਕਤੀਆਂ ਦੀ ਉਮਰ 18 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ। ਐਕਸੀਅਨ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਚੈਕਿੰਗ ਦੌਰਾਨ ਇਹ ਯਕੀਨੀ ਬਣਾਇਆ ਜਾਵੇਗਾ ਕਿ ਪਟਾਖਿਆਂ ਵਿੱਚ ਕੋਈ ਵਿਸਫੋਟਿਕ ਸਮੱਗਰੀ ਨਹੀਂ ਭਰੀ ਗਈ ਹੈ। ਪਟਾਖਿਆਂ ਦੀ ਵਿਕਰੀ ਆਨ-ਲਾਈਨ ਨਹੀਂ ਕੀਤੀ ਜਾ ਸਕੇਗੀ। ਸਮੂਹ ਨਗਰ ਕੌਂਸਲਾਂ ਅਤੇ ਨਗਰ ਨਿਗਮ ਬਟਾਲਾ ਪਟਾਖੇ ਵੇਚਣ ਵਾਲੇ ਥਾਂ ’ਤੇ ਚਿਤਾਵਨੀ ਬੋਰਡ ਲਗਾਉਣ ਦੇ ਨਾਲ ਸਾਫ਼-ਸਫ਼ਾਈ ਅਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨਗੇ। ਜੇਕਰ ਕਿਸੇ ਆਰਜ਼ੀ ਲਾਇਸੰਸ ਧਾਰਕ ਵੱਲੋਂ ਮਾਣਯੋਗ ਅਦਾਲਤਾਂ ਅਤੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਨਾ ਕੀਤੀ ਤਾਂ ਤੁਰੰਤ ਉਸਦਾ ਲਾਇਸੰਸ ਰੱਦ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਟਾਖੇ ਵੇਚਣ ਸਮੇਂ ਮਾਣਯੋਗ ਸੁਪਰੀਮ ਕੋਰਟ ਆਫ ਇੰਡੀਆ, ਨਵੀਂ ਦਿੱਲੀ ਵੱਲੋਂ ਸਿਵਲ ਰਿੱਟ ਪਟੀਸ਼ਨ ਨੰਬਰ 728 ਆਫ 2015 ਦਾ ਫੈਸਲਾ ਮਿਤੀ 23 ਅਕਤੂਬਰ 2018 ਅਤੇ ਨੈਸ਼ਨਲ ਗਰੀਨ ਟ੍ਰਿਬਿਊਨਲ ਨਵੀਂ ਦਿੱਲੀ ਵੱਲੋਂ ਸਮੇਂ-ਸਮੇਂ ’ਤੇ ਦਿੱਤੇ ਹੁਕਮਾਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਜਾਰੀ ਕੀਤੇ 15 ਪਟਾਖਾ ਵੇਚਣ/ਸਟੋਰ ਦੇ ਆਰਜ਼ੀ ਲਾਇਸੰਸਾਂ ਤੋਂ ਇਲਾਵਾ ਜੇਕਰ ਕੋਈ ਵੀ ਦੁਕਾਨਦਾਰ ਆਤਸ਼ਿਬਾਜ਼ੀ ਸਟੋਰ ਕਰਦਾ ਹੈ ਜਾਂ ਵੇਚਦਾ ਹੈ ਤਾਂ ਉਸ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here