ਹੁਸ਼ਿਆਰਪੁਰ, (ਦ ਸਟੈਲਰ ਨਿਊਜ਼):ਵਿਜੀਲੈਂਸ ਬਿਊਰੋ ਹੁਸ਼ਿਆਰਪੁਰ ਯੂਨਿਟ ਵੱਲੋਂ ਭ੍ਰਿਸ਼ਟਾਚਾਰ ਖਿਲਾਫ਼ ‘ਭ੍ਰਿਸ਼ਟਾਚਾਰ ਮੁਕਤ ਭਾਰਤ-ਵਿਕਸਿਤ ਭਾਰਤ’ ਥੀਮ ਤਹਿਤ ਅੱਜ ਸਹਾਰਾ ਕੰਪਲੈਕਸ ਦਸੂਹਾ ਅਤੇ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫਾਰ ਵਿਮਿਨ ਦਸੂਹਾ ਵਿਖੇ ਸੈਮੀਨਾਰ ਕਰਵਾਏ ਗਏ। ਸਹਾਰਾ ਕੰਪਲੈਕਸ ਵਿਖੇ ਡੀ. ਐਸ. ਪੀ ਵਿਜੀਲੈਂਸ ਯੂਨਿਟ ਹੁਸ਼ਿਆਰਪੁਰ ਮਨੀਸ਼ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਕਰਵਾਏ ਗਏ ਸੈਮੀਨਾਰ ਵਿਚ ਬਲਾਕ ਦਸੂਹਾ ਦੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਦੇ ਕਰੀਬ 200 ਪੰਚਾਂ-ਸਰਪੰਚਾਂ, ਬਲਾਕ ਸੰਮਤੀ ਮੈਂਬਰਾਂ ਅਤੇ ਹੋਰਨਾਂ ਪਤਵੰਤਿਆਂ ਨੇ ਭਾਗ ਲਿਆ। ਸੈਮੀਨਾਰ ਵਿਚ ਵਿਧਾਇਕ ਦਸੂਹਾ ਐਡਵੋਕੇਟ ਕਰਮਵੀਰ ਸਿੰਘ ਘੁੰਮਣ, ਜਗਮੋਹਨ ਸਿੰਘ ਘੁੰਮਣ, ਐਸ. ਐਮ. ਓ ਡਾ. ਲਖਬੀਰ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਤੇ ਡਾ. ਲਖਬੀਰ ਸਿੰਘ ਨੇ ਵਿਜੀਲੈਂਸ ਦੇ ਕੰਮਕਾਜ਼ ਅਤੇ ਭ੍ਰਿਸ਼ਟਾਚਾਰ ਨੂੰ ਰੋਕਣ ਸਬੰਧੀ ਵਿਸ਼ਿਆਂ ’ਤੇ ਹਾਜ਼ੀਰਨ ਨੂੰ ਵਿਜੀਲੈਂਸ ਬਿਊਰੋ ਦੀ ਕਾਰਜਸ਼ੈਲੀ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਕੋਈ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਕੋਈ ਸਰਕਾਰੀ ਕੰਮ ਕਰਨ ਬਦਲੇ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਇਸ ਸਬੰਧੀ ਵਿਜੀਲੈਂਸ ਬਿਊਰੋ ਕੋਲ ਸ਼ਿਕਾਇਤ ਕਰਕੇ ਉਸ ਨੂੰ ਰੰਗੇ ਹੱਥੀਂ ਗ੍ਰਿਫ੍ਰਤਾਰ ਕਰਵਾ ਸਕਦੇ ਹਨ। ਡੀ. ਐਸ. ਪੀ ਵਿਜੀਲੈਂਸ ਮਨੀਸ਼ ਕੁਮਾਰ ਨੇ ਇਸ ਮੌਕੇ ਸੱਦਾ ਦਿੱਤਾ ਕਿ ਸਮਾਜ ਵਿਚੋਂ ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਵਿਜੀਲੈਂਸ ਵਿਭਾਗ ਦਾ ਸਹਿਯੋਗ ਕੀਤਾ ਜਾਵੇ।
ਉਕਤ ਸੈਮੀਨਾਰ ਤੋਂ ਬਾਅਦ ਡੀ. ਐਸ. ਪੀ ਵਿਜੀਲੈਂਸ ਮਨੀਸ਼ ਸ਼ਰਮਾ ਦੀ ਅਗਵਾਈ ਹੇਠ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫਾਰ ਵਿਮਿਨ ਦਸੂਹਾ ਵਿਖੇ ਕਰਵਾਏ ਜਾਗਰੂਕਤਾ ਸੈਮੀਨਾਰ ਵਿਚ ਕਾਲਜ ਦੀ ਪ੍ਰਿੰਸੀਪਲ ਨਰਿੰਦਰ ਕੌਰ ਘੁੰਮਣ, ਡੀਨ ਡਾ. ਰੁਪਿੰਦਰ ਕੌਰ ਰੰਧਾਵਾ, ਸਮੂਹ ਸਟਾਫ ਤੋਂ ਇਲਾਵਾ 200 ਵਿਦਿਆਰਥਣਾਂ ਨੇ ਸ਼ਿਰਕਤ ਕੀਤੀ। ਸੈਮੀਨਾਰ ਵਿਚ ਐਸ. ਐਮ. ਓ ਡਾ. ਲਖਵੀਰ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ, ਜਿਨ੍ਹਾਂ ਨੇ ਕਾਲਜ ਦੇ ਸਮੂਹ ਸਟਾਫ ਤੇ ਵਿਦਿਆਰਥਣਾਂ ਨੂੰ ਭ੍ਰਿਸ਼ਟਾਚਾਰ ਨੂੰ ਰੋਕਣ ਸਬੰਧੀ ਜਾਗਰੂਕ ਕੀਤਾ। ਡੀ. ਐਸ. ਪੀ ਵਿਜੀਲੈਂਸ ਮਨੀਸ਼ ਸ਼ਰਮਾ ਨੇ ਇਸ ਮੌਕੇ ਕਿਹਾ ਕਿ ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਆਪਣੇ ਅਧਿਕਾਰਾਂ ਦੀ ਗ਼ਲਤ ਵਰਤੋਂ ਕਰਦਿਆਂ ਕਿਸੇ ਵਿਅਕਤੀ ਜਾਂ ਸੰਸਥਾ ਨੂੰ ਨਿੱਜੀ ਜਾਂ ਵਿੱਤੀ ਲਾਭ ਪਹੁੰਚਾਉਂਦਾ ਹੈ ਤਾਂ ਇਹ ਵੀ ਸਜ਼ਾਯੋਗ ਅਪਰਾਧ ਹੈ। ਇਸ ਤੋਂ ਇਲਾਵਾ ਕੋਈ ਸਰਕਾਰੀ ਕਰਮਚਾਰੀ ਆਪਣੇ ਅਹੁਦੇ ਦਾ ਦੁਰਉਪਯੋਗ ਕਰਦਿਆਂ ਸਰਕਾਰੀ ਫੰਡਾਂ ਵਿਚ ਕੋਈ ਘੁਟਾਲਾ ਕਰਕੇ ਜਾਂ ਚਲਾਕੀ ਨਾਲ ਭ੍ਰਿਸ਼ਟਾਚਾਰ ਕਰਕੇ ਆਪਣੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਦੇ ਨਾਂਅ ’ਤੇ ਕੋਈ ਬੇਨਾਮੀ ਜਾਇਦਾਦ ਦੀ ਖ਼ਰੀਦ ਕਰਦਾ ਹੈ, ਤਾਂ ਕੋਈ ਵੀ ਵਿਅਕਤੀ ਇਸ ਸਬੰਧੀ ਸੂਚਨਾ ਵਿਜੀਲੈਂਸ ਵਿਭਾਗ ਨੂੰ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ ਸੂਚਨਾ ਦੇਣ ਵਾਲੇ ਦਾ ਨਾਂਅ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕੋਈ ਵੀ ਵਿਅਕਤੀ ਆਪਣੀ ਸ਼ਿਕਾਇਤ ਟੋਲ ਫਰੀ ਨੰਬਰ 1800-1800-100 ਅਤੇ ਮੁੱਖ ਮੰਤਰੀ ਪੰਜਾਬ ਵਲੋਂ ਜਾਰੀ ਕੀਤੇ ਗਏ ਐਟੀ ਕਰੱਪਸ਼ਨ ਐਕਸ਼ਨ ਲਾਈਨ ਨੰਬਰ 95012-00200 ’ਤੇ ਕਰ ਸਕਦਾ ਹੈ।
ਸਰਕਾਰੀ ਅਧਿਕਾਰੀ ਜਾਂ ਕਰਚਮਚਾਰੀ ਰਿਸ਼ਵਤ ਦੀ ਮੰਗ ਕਰੇ ਤਾਂ ਵਿਜੀਲੈਂਸ ਬਿਊਰੋ ਨੂੰ ਕਰੋ ਸੂਚਿਤ
Advertisements