ਡਿਪਟੀ ਕਮਿਸ਼ਨਰ ਵੱਲੋਂ ਪਰਾਲੀ ਦੀਆਂ ਪੈਲੇਟਸ ਨੂੰ ਭੱਠਿਆਂ ‘ਚ ਬਾਲਣ ਵਜੋਂ ਵਰਤਣ ਲਈ ਭੱਠਾ ਮਾਲਕਾਂ ਨਾਲ ਮੀਟਿੰਗ

ਪਟਿਆਲਾ, (ਦ ਸਟੈਲਰ ਨਿਊਜ਼)। ਪਰਾਲੀ ਨੂੰ ਅੱਗ ਲਗਾਉਣ ਨਾਲ ਹੁੰਦੇ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਲਈ ਪਰਾਲੀ ਦੀਆਂ ਪੈਲੇਟਸ (ਗੋਲੀਆਂ) ਦੀ ਵਰਤੋਂ ਇੱਟਾਂ ਦੇ ਭੱਠਿਆਂ ਵਿੱਚ ਬਾਲਣ ਦੇ ਰੂਪ ਵਿੱਚ ਕਰਨ ਲਈ ਅੱਜ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਦੇ ਭੱਠਾ ਮਾਲਕਾਂ ਨਾਲ ਆਨ ਲਾਈਨ ਮੀਟਿੰਗ ਕਰਕੇ ਭੱਠਿਆਂ ਵਿੱਚ ਪਰਾਲੀ ਦੀਆਂ ਪੈਲੇਟਸ ਵਰਤੋਂ ਸਬੰਧੀ ਜਾਰੀ ਨੋਟੀਫ਼ਿਕੇਸ਼ਨ ਤੋਂ ਭੱਠਾ ਮਾਲਕਾਂ ਨੂੰ ਜਾਣੂ ਕਰਵਾਇਆ ਅਤੇ ਇਸ ਸਬੰਧੀ ਇੱਕ ਟੀਮ ਦੇ ਤੌਰ ਉਤੇ ਕੰਮ ਕਰਨ ਦੀ ਗੱਲ ਆਖੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭੱਠਿਆਂ ਵਿੱਚ ਘੱਟੋ ਘੱਟ 20 ਫ਼ੀਸਦੀ ਕੋਲੇ ਦੀ ਥਾਂ ਉਤੇ ਪਰਾਲੀ ਦੀਆਂ ਪੈਲੇਟਸ ਵਰਤੋਂ ਕਰਨ ਲਈ ਜ਼ਿਲ੍ਹੇ ਵਿੱਚ ਐਕਸ਼ਨ ਪਲਾਨ ਤਿਆਰ ਕੀਤਾ ਜਾਵੇਗਾ ਜਿਸ ਲਈ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਐਕਸੀਅਨ ਅਤੇ ਡੀ.ਐਫ.ਐਸ.ਸੀ. ਭੱਠਾ ਮਾਲਕਾਂ ਨਾਲ ਮੀਟਿੰਗਾਂ ਕਰਕੇ ਪੂਰਾ ਪਲਾਨ ਤਿਆਰ ਕਰਨਾ ਯਕੀਨੀ ਬਣਾਉਣਗੇ।

Advertisements

ਉਨ੍ਹਾਂ ਕਿਹਾ ਕਿ ਪਰਾਲੀ ਨੂੰ ਭੱਠਿਆਂ ਵਿੱਚ ਬਾਲਣ ਵਜੋਂ ਵਰਤਣ ਲਈ ਪੰਜਾਬ ਸਟੇਟ ਕੌਂਸਲ ਆਫ਼ ਸਾਇੰਸ ਐਂਡ ਟੈਕਨਾਲੋਜੀ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਸਫਲਤਾਪੂਰਵਕ ਤਜਰਬਾ ਕੀਤਾ ਜਾ ਚੁੱਕਾ ਹੈ। ਉਨ੍ਹਾਂ ਪਰਾਲੀ ਦੀਆਂ ਭੱਠਿਆਂ ਲਈ ਪੈਲੇਟਸ (ਗੋਲੀਆਂ) ਬਣਾਉਣ ਲਈ ਹੁਣੇ ਤੋਂ ਕੰਮ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਅਜਿਹੀ ਇੰਡਸਟਰੀ ਦੀ ਪਹਿਚਾਣ ਕੀਤੀ ਜਾਵੇ ਜੋ ਪਰਾਲੀ ਦੀਆਂ ਭੱਠਿਆਂ ਵਿੱਚ ਵਰਤੋਂ ਲਈ ਗੋਲੀਆਂ ਬਣਾਉਣ ਦਾ ਕੰਮ ਕਰ ਸਕੇ। ਉਨ੍ਹਾਂ ਕਿਹਾ ਕਿ 1 ਮਈ 2023 ਤੋਂ ਲਾਗੂ ਹੋਣ ਵਾਲੇ ਨਿਰਦੇਸ਼ਾਂ ਦੀ ਜ਼ਿਲ੍ਹੇ ਵਿੱਚ ਪੂਰਨ ਤੋਂ ਉਤੇ ਪਾਲਣਾ ਕਰਵਾਉਣ ਲਈ ਸਬੰਧਤ ਵਿਭਾਗ ਅਤੇ ਭੱਠਾ ਮਾਲਕ ਹੁਣ ਤੋਂ ਹੀ ਕਾਰਵਾਈ ਕਰਨਾ ਆਰੰਭ ਕਰਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਭੱਠਾ ਮਾਲਕਾਂ ਦੀ ਹਰ ਸੰਭਵ ਸਹਾਇਤਾ ਲਈ ਤਿਆਰ ਹੈ। ਇਸ ਮੌਕੇ ਭੱਠਾ ਮਾਲਕਾ ਨੇ ਵੀ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਈਸ਼ਾ ਸਿੰਘਲ, ਜ਼ਿਲ੍ਹੇ ਦੇ ਸਮੂਹ ਐਸ.ਡੀ.ਐਮਜ਼, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਸਮੇਤ ਭੱਠਾ ਮਾਲਕ ਹਾਜ਼ਰ ਸਨ।

LEAVE A REPLY

Please enter your comment!
Please enter your name here