ਸ਼ਹਿਰ ਵਿਚਲੀ ਟ੍ਰੈਫਿਕ ਤੇ ਪਾਰਕਿੰਗ ਵਿਵਸਥਾ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਨੇ ਮੌਕਾ ਦੇਖਿਆ


ਪਟਿਆਲਾ (ਦ ਸਟੈਲਰ ਨਿਊਜ਼): ਪਟਿਆਲਾ ਸ਼ਹਿਰ ਦੇ ਅੰਦਰੂਨੀ ਇਲਾਕੇ ਵਿੱਚ ਚਾਂਦਨੀ ਚੌਂਕ ਤੇ ਏ.ਸੀ. ਮਾਰਕੀਟ ਦੇ ਪਿਛਲੇ ਪਾਸੇ (ਪੁਰਾਣੀ ਕਬਾੜੀ ਮਾਰਕੀਟ) ਗੱਡੀਆਂ ਦੀ ਸੁਚਾਰੂ ਢੰਗ ਨਾਲ ਪਾਰਕਿੰਗ ਵਿਵਸਥਾ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਮੌਕਾ ਦੇਖਿਆ। ਉਨ੍ਹਾਂ ਦੇ ਨਾਲ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਨਮਨ ਮੜਕਨ, ਇੰਪਰੂਵਮੈਂਟ ਟਰੱਸਟ ਦੇ ਕਾਰਜ ਸਾਧਕ ਅਫ਼ਸਰ ਯਾਦਵਿੰਦਰ ਸ਼ਰਮਾ ਤੇ ਕਾਰਜਕਾਰੀ ਇੰਜੀਨੀਅਰ ਬੂਟਾ ਰਾਮ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਚਾਂਦਨੀ ਚੌਂਕ ਨੇੜੇ ਤੇ ਏ.ਸੀ. ਮਾਰਕੀਟ ਦੇ ਪਿਛਲੇ ਤਜਵੀਜ਼ਸ਼ੁਦਾ ਬਹੁ-ਮੰਜ਼ਿਲਾ ਪਾਰਕਿੰਗ ਲਈ ਅਧਿਕਾਰੀਆਂ ਨੂੰ ਰਿਪੋਰਟ ਬਣਾ ਕੇ ਪੇਸ਼ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਵਿੱਚ ਟ੍ਰੈਫਿਕ ਦੀ ਭੀੜ ਅਤੇ ਪਾਰਕਿੰਗ ਦੀ ਸਮੱਸਿਆ ਦੇ ਨਿਪਟਾਰੇ ਲਈ ਇੰਪਰੂਵਮੈਂਟ ਟਰੱਸਟ ਦੀ ਬਹੇੜਾ ਰੋਡ ‘ਤੇ ਸਥਿਤ ਜਮੀਨ ਵਿੱਚ ਐਸ.ਸੀ.ਓ. ਤੇ ਸ਼ੋਅ ਰੂਮਜ਼ ਸਮੇਤ ਬਹੁ-ਮੰਜ਼ਿਲਾ ਪਾਰਕਿੰਗ ਬਣਾਈ ਜਾਣੀ ਹੈ ਅਤੇ ਇਸ ਲਈ ਵੱਖ-ਵੱਖ ਤਜਵੀਜ਼ਾਂ ਬਣਾਈਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੀ.ਡੀ.ਏ. ਦੀ ਸ਼ਮੂਲੀਅਤ ਬਾਰੇ ਰਿਪੋਰਟ ਫੌਰੀ ਤੌਰ ‘ਤੇ ਸੌਂਪਣ ਦੇ ਨਿਰਦੇਸ਼ ਦਿੱਤੇ ਗਏ ਹਨ।

Advertisements


ਸਾਕਸ਼ੀ ਸਾਹਨੀ ਨੇ ਦੱਸਿਆ ਕਿ ਅਦਾਲਤ ਬਾਜ਼ਾਰ, ਅਨਾਰਦਾਨਾ ਚੌਂਕ, ਧਰਮਪੁਰਾ ਚੌਂਕ, ਬਹੇੜਾ ਰੋਡ, ਏ.ਸੀ. ਮਾਰਕੀਟ ਦੇ ਪਿਛਲੇ ਪਾਸੇ ਆਦਿ ਬਾਜ਼ਾਰਾਂ ਵਿੱਚ ਗੱਡੀਆਂ ਦੀ ਬਹੁਤ ਭੀੜ ਹੁੰਦੀ ਹੈ, ਇਸ ਲਈ ਪਾਰਕਿੰਗ ਸਥਾਨ ਦੀ ਤੁਰੰਤ ਲੋੜ ਹੈ, ਜਿਸ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਤਜਵੀਜ਼ ਬਣਾਈ ਗਈ ਹੈ, ਜਿਸ ‘ਤੇ ਤੇਜੀ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਚਾਂਦਨੀ ਚੌਂਕ ਤੇ ਏ.ਸੀ. ਮਾਰਕੀਟ ਦੇ ਪਿਛਲੇ ਪਾਸੇ ਪਾਰਕਿੰਗ ਸਮੇਤ ਹੋਰ ਥਾਵਾਂ ਦਾ ਦੌਰਾ ਕਰਕੇ ਮੌਕੇ ਦਾ ਜਾਇਜ਼ਾ ਲਿਆ। ਇਸ ਮੌਕੇ ਨਗਰ ਨਿਗਮ ਦੇ ਨਿਗਰਾਨ ਇੰਜੀਨੀਅਰ ਹਰਕਿਰਨ ਸਿੰਘ, ਸੁਪਰਡੈਂਟ ਲੈਂਡ ਬਰਾਂਚ ਸੁਰਜੀਤ ਸਿੰਘ ਚੀਮਾ ਅਤੇ ਹੋਰ ਅਧਿਕਾਰੀ ਮੌਜੂਦ ਸਨ।

LEAVE A REPLY

Please enter your comment!
Please enter your name here