ਜ਼ੀਰੋ ਟਾਲਰੈਂਸ ਜ਼ੋਨਾਂ ‘ਚ ਟ੍ਰੈਫਿਕ ਉਲੰਘਣਾ ਕਰਨ ਵਾਲਿਆਂ ਨੂੰ ਪੜ੍ਹਾਇਆ ਜਾਵੇ ਟ੍ਰੈਫਿਕ ਦਾ ਪਾਠ: ਸਾਕਸ਼ੀ ਸਾਹਨੀ

ਪਟਿਆਲਾ, (ਦ ਸਟੈਲਰ ਨਿਊਜ਼): ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਟ੍ਰੈਫਿਕ ਉਲੰਘਣਾ ਕਰਨ ਵਾਲਿਆਂ ਨੂੰ ਟ੍ਰੈਫਿਕ ਨਿਯਮਾਂ ਦਾ ਪਾਠ ਪੜ੍ਹਾਉਣ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੜ੍ਹਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਟ੍ਰੈਫਿਕ ਪੁਲਿਸ ਨੂੰ ਹਦਾਇਤ ਕੀਤੀ ਕਿ ਸ਼ਹਿਰ ਵਿਖੇ ਵੱਖ-ਵੱਖ ਸੜ੍ਹਕਾਂ ‘ਤੇ ਬਣਾਏ ਜਾ ਰਹੇ ਜ਼ੀਰੋ ਟਾਲਰੈਂਸ ਜ਼ੋਨਜ਼ ਨੂੰ ਮੁੜ ਤੋਂ ਸ਼ੁਰੂ ਕੀਤਾ ਜਾਵੇ ਅਤੇ ਇੱਥੇ ਟ੍ਰੈਫਿਕ ਉਲੰਘਣਾ ਕਰਨ ਵਾਲਿਆਂ ਲਈ ਆਵਾਜਾਈ ਨੇਮ ਸਿਖਾਉਣ ਲਈ ਵਿਸ਼ੇਸ਼ ਕਲਾਸਾਂ ਲਾਈਆਂ ਜਾਣ ਅਤੇ ਇਨ੍ਹਾਂ ਤੋਂ 2-2 ਘੰਟੇ ਟ੍ਰੈਫਿਕ ਮਾਰਸ਼ਲ ਵਜੋਂ ਸੇਵਾਵਾਂ ਵੀ ਲਈਆਂ ਜਾਣ ਤਾਂ ਕਿ ਉਹ ਭਵਿੱਖ ਵਿੱਚ ਆਵਜਾਈ ਨੇਮਾਂ ਦੀ ਪਾਲਣਾ ਸਖ਼ਤੀ ਨਾਲ ਕਰਨੀ ਸਿੱਖ ਜਾਣ।

Advertisements

ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸੁਰੱਖਿਅਤ ਆਵਾਜਾਈ ਲਈ ਟ੍ਰੈਫਿਕ ਪੁਲਿਸ ਅਤੇ ਪ੍ਰਸ਼ਾਸਨ ਨੂੰ ਸਹਿਯੋਗ ਕੀਤਾ ਜਾਵੇ। ਉਨ੍ਹਾਂ ਨੇ ਜ਼ਿਲ੍ਹੇ ਦੀਆਂ ਸੜ੍ਹਕਾਂ ਉਪਰ ਵਧੇਰੇ ਹਾਦਸਿਆਂ ਵਾਲੇ ਪਛਾਣ ਕੀਤੇ 55 ਬਲੈਕ ਸਪਾਟਸ ਉੱਤੇ ਵਾਪਰਦੇ ਹਾਦਸੇ ਘਟਾਉਣ ਲਈ ਸਬੰਧਤ ਵਿਭਾਗਾਂ ਵੱਲੋਂ ਕੀਤੀ ਗਈ ਕਾਰਵਾਈ ਦੀ ਰਿਪੋਰਟ ਪ੍ਰਾਪਤ ਕਰਦਿਆਂ ਕਿਹਾ ਕਿ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਉਣ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਸਾਕਸ਼ੀ ਸਾਹਨੀ ਨੇ ਮੀਟਿੰਗ ‘ਚ ਮੌਜੂਦ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਨਮਨ ਮੜਕਨ, ਏ.ਡੀ.ਸੀ. (ਸ਼ਹਿਰੀ ਵਿਕਾਸ) ਪੂਜਾ ਸਿਆਲ ਗਰੇਵਾਲ, ਰੋਡ ਸੇਫਟੀ ਇੰਜੀਨੀਅਰ ਸ਼ਵਿੰਦਰ ਬਰਾੜ, ਟ੍ਰੈਫਿਕ ਇੰਚਾਰਜ ਇੰਸਪੈਕਟਰ ਪ੍ਰੀਤਇੰਦਰ ਸਿੰਘ, ਪਟਿਆਲਾ ਫਾਊਂਡੇਸ਼ਨ ਦੇ ਨੁਮਾਇੰਦੇ ਸਮੇਤ ਲੋਕ ਨਿਰਮਾਣ, ਈ.ਓਜ਼ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਠੰਢ ਦੇ ਮੌਸਮ ‘ਚ ਧੁੰਦ ਕਾਰਨ ਵਾਪਰਦੇ ਹਾਸਦੇ ਰੋਕਣ ਲਈ ਭਾਰੀ ਵਾਹਨਾਂ, ਖਾਸ ਕਰਕੇ ਟਰੱਕ, ਟਰਾਲੀਆਂ ਆਦਿ ਦੇ ਪਿਛਲੇ ਪਾਸੇ ਰੇਡੀਅਮ ਰਿਫਲੈਕਟਰ ਲਗਾਏ ਜਾਣ। ਇਸ ਤੋਂ ਬਿਨ੍ਹਾਂ ਦੋਧੀਆਂ ਦੇ ਡਰੰਮਾਂ ਵਾਲੇ ਲੋਹੇ ਦੇ ਸਿਕੰਜਿਆਂ ਉਪਰ ਵੀ ਰਿਫਲੈਕਟਰ ਟੇਪਾਂ ਲਗਾਈਆਂ ਜਾਣ ਅਤੇ ਅਵਾਰਾ ਪਸ਼ੂਆਂ ਦੇ ਗਲਾਂ ਵਿੱਚ ਰਿਫਲੈਕਟਰ ਟੇਪਾਂ ਵਾਲੇ ਪਟੇ ਪਾਏ ਜਾਣੇ ਯਕੀਨੀ ਬਣਾਏ ਜਾਣ।

LEAVE A REPLY

Please enter your comment!
Please enter your name here