ਫਾਜ਼ਿਲਕਾ, (ਦ ਸਟੈਲਰ ਨਿਊਜ਼): ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬੀ ਨੂੰ ਪ੍ਰਫੂਲਿਤ ਕਰਨ ਲਈ ਉਪਰਾਲੇ ਸ਼ੁਰੂ ਹੋ ਗਏ ਹਨ। ਇਸ ਸਬੰਧੀ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਆਦੇਸ਼ ਅਨੁਸਾਰ ਉਚੇਰੀ ਸਿਖਿਆ ਤੇ ਭਾਸ਼ਾ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ ਜ਼ਸਪ੍ਰੀਤ ਤਲਵਾੜ ਆਈ.ਏ.ਐਸ. ਵੱਲੋਂ ਸਾਰੇ ਵਿਭਾਗਾਂ ਨੂੰ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਵਿਚ ਸਮੁੱਚੇ ਰਾਜ ਵਿਚ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ਨੂੰ ਵਧੇਰੇ ਮਹੱਤਤਾ ਦੇਣ ਲਈ ਸਮੂਹ ਸਰਕਾਰੀ, ਅਰਧ ਸਰਕਾਰੀ, ਵਿਭਾਗਾਂ, ਅਦਾਰਿਆਂ, ਬੋਰਡਾਂ, ਨਿਗਮਾਂ ਅਤੇ ਗੈਰ ਸਰਕਾਰੀ ਸੰਸਥਾਵਾਂ, ਪਬਲਿਕ ਤੇ ਪ੍ਰਾਈਵੇਟ ਦੁਕਾਨਾਂ ਅਤੇ ਵਪਾਰਿਕ ਅਦਾਰਿਆਂ ਦੇ ਨਾਮ ਅਤੇ ਸੜਕਾਂ ਦੇ ਨਾਮ/ਨਾਮ ਪੱਟੀਆਂ/ਮੀਲ ਪੱਥਰ/ਸਾਈਨ ਬੋਰਡ ਲਿਖਣ ਸਮੇਂ ਸਭ ਤੋਂ ਪਹਿਲਾਂ ਉਪਰਾਲੇ ਪਾਸੇ ਪੰਜਾਬੀ ਭਾਸ਼ਾ (ਗੁਰਮੁੱਖੀ ਲਿਪੀ) ਵਿਚ ਲਿਖੇ ਜਾਣ ਅਤੇ ਜੇਕਰ ਕਿਸੇ ਹੋਰ ਭਾਸ਼ਾ ਵਿਚ ਲਿਖਣਾ ਹੋਵੇ ਤਾਂ ਪੰਜਾਬੀ ਭਾਸ਼ਾ ਤੋਂ ਹੇਠ ਦੂਸਰੀ ਭਾਸ਼ਾ ਵਿਚ ਲਿਖਣ ਲਈ ਹਦਾਇਤ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ. ਸੇਨੂੰ ਦੁੱਗਲ ਨੇ ਜ਼ਿਲੇ੍ਹ ਦੇ ਸਮੂਹ ਵਿਭਾਗਾਂ ਨੂੰ ਹਦਾਇਤ ਕਰਦਿਆਂ ਮਿਤੀ 21 ਫਰਵਰੀ 2023 ਤੋਂ ਪਹਿਲਾਂ ਪਹਿਲਾਂ ਸਮੂਹ ਨਾਮ ਪਟੀਆਂ/ਸਾਈਨ ਬੋਰਡ ਪੰਜਾਬੀ ਭਾਸ਼ਾ ਵਿਚ ਲਿਖੇ ਜਾਣੇ ਯਕੀਨੀ ਬਣਾਏ ਜਾਣ ਦੇ ਨਿਰਦੇਸ਼ ਦਿੱਤੇ ਹਨ।ਹੁਕਮਾਂ ਦੀ ਪਾਲਣਾ ਨਾ ਕੀਤੇ ਜਾਣ ਦੀ ਸੂਰਤ ਵਿਚ ਪੰਜਾਬ ਰਾਜ ਭਾਸ਼ਾ ਐਕਟ (2008 ਅਤੇ 2021) ਵਿਚ ਦਰਜ ਉਪਬੰਧਾਂ ਅਨੁਸਾਰ ਜੁਰਮਾਨਾ ਲਗਾਉਣ ਸਬੰਧੀ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਭਾਸ਼ਾ ਅਫਸਰ ਭੁਪਿੰਦਰ ਉਤਰੇਜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬੀ ਨੂੰ ਪ੍ਰਫੂਲਿਤ ਕਰਨ ਲਈ ਗੰਭੀਰ ਯਤਨ ਕੀਤੇ ਜਾ ਰਹੇ ਹਨ ਅਤੇ ਸਾਰੇ ਲੋਕ ਇਸ ਵਿਚ ਸਹਿਯੋਗ ਕਰਨ।