ਚੇਅਰਮੈਨ ਰਮਨ ਬਹਿਲ ਨੇ ਸ਼ਹਿਜਾਦਾ ਨੰਗਲ ’ਚ ਈਸਾਈ ਭਾਈਚਾਰੇ ਨਾਲ ਮਨਾਈ ਕਿ੍ਰਸਮਸ

ਗੁਰਦਾਸਪੁਰ(ਦ ਸਟੈਲਰ ਨਿਊਜ਼): ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਨੇ ਸਮੂਹ ਮਸੀਹ ਭਾਈਚਾਰੇ ਨੂੰ ਕਿ੍ਰਸਮਸ ਦੇ ਸ਼ੁੱਭ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਹੈ ਕਿ ਪ੍ਰਭੂ ਯਿਸੂ ਮਸੀਹ ਦੀਆਂ ਸਿੱਖਿਆਵਾਂ ਸਾਨੂੰ ਸ਼ਾਂਤੀ, ਪਿਆਰ, ਏਕਤਾ, ਦਇਆ ਅਤੇ ਮਿਲਵਰਤਣ ਦਾ ਸੰਦੇਸ਼ ਦਿੰਦੀਆਂ ਹਨ, ਜਿਨਾਂ ਦੀ ਮੌਜੂਦਾ ਸੰਦਰਭ ਵਿੱਚ ਵੀ ਓਨੀ ਹੀ ਸਾਰਥਕਤਾ ਹੈ। ਰਮਨ ਬਹਿਲ ਅੱਜ ਕਿ੍ਰਸਮਸ ਦੇ ਦਿਹਾੜੇ ਨੂੰ ਸਮਰਪਿਤ ਗੁਰਦਾਸਪੁਰ ਦੇ ਸ਼ਹਿਜਾਦਾ ਨੰਗਲ ਇਲਾਕੇ ਵਿੱਚ ਮਨਾਏ ਜਾ ਰਹੇ ਕ੍ਰਿਸਮਿਸ ਤਿਉਹਾਰ ਵਿੱਚ ਈਸਾਈ ਭਾਈਚਾਰੇ ਨੂੰ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੀ ਮੁਬਾਰਕਬਾਦ ਦੇਣ ਲਈ ਪਹੁੰਚੇ ਹੋਏ ਸਨ। ਉਨ੍ਹਾਂ ਕਿਹਾ ਕਿ ਕਿ੍ਰਸਮਸ ਜੋ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੇ ਤੌਰ ’ਤੇ ਮਨਾਇਆ ਜਾਂਦਾ ਹੈ, ਨੂੰ ਦੁਨੀਆ ਭਰ ਵਿੱਚ ਸਿਰਫ ਈਸਾਈ ਭਾਈਚਾਰੇ ਦੇ ਲੋਕਾਂ ਵੱਲੋਂ ਹੀ ਨਹੀਂ, ਸਗੋਂ ਹਰ ਵਰਗ ਦੇ ਲੋਕਾਂ ਵੱਲੋਂ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਉਨਾਂ ਕਿਹਾ ਕਿ ਅਜਿਹੇ ਮੌਕੇ ਸਾਨੂੰ ਫਿਰਕੂ ਸਦਭਾਵਨਾ ਅਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਪੀਡੀਆਂ ਕਰਨ ਦੇ ਨਾਲ-ਨਾਲ ਲੋਕਾਂ ਨੂੰ ਇਕ ਆਦਰਸ਼ ਸਮਾਜ ਦੇ ਸਿਰਜਣਾ ਲਈ ਮਨੁੱਖਤਾ ਦੀ ਸੇਵਾ ਵਿੱਚ ਸਮਰਪਿਤ ਹੋਣ ਲਈ ਵੀ ਪ੍ਰੇਰਿਤ ਕਰਦੇ ਹਨ।

Advertisements

ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਾਰੇ ਵਰਗਾਂ ਦੇ ਨਾਲ ਈਸਾਈ ਭਾਈਚਾਰੇ ਦੀ ਭਲਾਈ ਲਈ ਵੀ ਵਚਨਬੱਧ ਹੈ। ਉਨ੍ਹਾਂ ਕਿਹਾ ਰਾਜ ਸਰਕਾਰ ਨੇ 300 ਯੂਨਿਟ ਪ੍ਰਤੀ ਮਹੀਨਾ ਮੁਆਫ਼ ਕਰਕੇ ਰਾਜ ਦੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਰਾਜ ਦੇ 86 ਫੀਸਦੀ ਪਰਿਵਾਰਾਂ ਦਾ ਜ਼ੀਰੋ ਬਿਜਲੀ ਬਿੱਲ ਆਇਆ ਹੈ। ਉਨ੍ਹਾਂ ਕਿਹਾ ਕਿ ਘਰ ਦੇ ਨੇੜੇ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕ ਖੋਲ੍ਹੇ ਹਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਗੁਰਦਾਸਪੁਰ ਵਿੱਚ 26 ਜਨਵਰੀ ਨੂੰ 4 ਹੋਰ ਆਮ ਆਦਮੀ ਕਲੀਨਿਕ ਖੁੱਲ੍ਹ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਦੇ ਪੁਰਾਣੇ ਹਸਪਤਾਲ ਨੂੰ ਅਰਬਨ ਕਮਿਊਨਿਟੀ ਹੈਲਥ ਸੈਂਟਰ ਦਾ ਦਰਜਾ ਦੇ ਦਿੱਤਾ ਗਿਆ ਹੈ ਅਤੇ 30 ਬੈਡੱਡ ਇਹ ਹਸਪਤਾਲ ਬਹੁਤ ਜਲਦੀ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਜ਼ਿਲ੍ਹਾ ਹਸਪਤਾਲ ਵਿੱਚ ਸੀਟੀ ਸਕੈਨ ਸਮੇਤ ਹਰ ਤਰਾਂ ਦੇ ਟੈਸਟ ਬਹੁਤ ਰਿਆਇਤੀ ਦਰਾਂ ’ਤੇ ਕਰਨ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ। ਸ੍ਰੀ ਬਹਿਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਇਸ ਵੱਲੋਂ ਆਮ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਯਤਨ ਕੀਤੇ ਜਾ ਰਹੇ ਹਨ।  

ਇਸ ਮੌਕੇ ਉੱਘੇ ਜਨਤਕ ਆਗੂ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਪ੍ਰਭੂ ਯਿਸੂ ਮਸੀਹ ਨੇ ਕੁੱਲ ਲੋਕਾਈ ਨੂੰ ਪ੍ਰੇਮ ਅਤੇ ਸੱਚ ਦਾ ਰਸਤਾ ਦਿਖਾਇਆ ਹੈ ਅਤੇ ਉਨਾਂ ਦੀਆਂ ਸਿਖਿਆਵਾਂ ਇਨਸਾਨ ਨੂੰ ਆਦਰਸ਼ ਇਨਸਾਨ ਬਣਨ ਦਾ ਰਸਤਾ ਦੱਸਦੀਆਂ ਹਨ। ਉਨਾਂ ਕਿਹਾ ਕਿ ਈਸਾਈ ਧਰਮ ਪੂਰੀ ਦੁਨੀਆਂ ਵਿੱਚ ਫੈਲਿਆ ਹੋਇਆ ਹੈ ਅਤੇ ਮਨੁੱਖਤਾ ਦੀ ਸੇਵਾ ਵਿੱਚ ਇਸਾਈ ਭਾਈਚਾਰੇ ਦਾ ਬਹੁਤ ਅਹਿਮ ਸਥਾਨ ਹੈ।

ਇਸ ਮੌਕੇ ਰਮਨ ਬਹਿਲ ਤੇ ਈਸਾਈ ਭਾਈਚਾਰੇ ਦੇ ਆਗੂਆਂ ਮਿਲ ਕੇ ਕ੍ਰਿਸਮਿਸ ਨੂੰ ਸਮਰਪਿਤ ਕੇਕ ਕੱਟਿਆ ਗਿਆ। ਇਸ ਮੌਕੇ ਪਾਦਰੀ ਬਿਸੰਬਰ ਮਸੀਹ, ਆਸ਼ੂ ਰੰਧਾਵਾ, ਸੰਨੀ ਮਸੀਹ, ਪ੍ਰਧਾਨ ਹੇਮਰਾਜ ਗਿੱਲ, ਭਾਰਤ ਭੂਸ਼ਨ ਸ਼ਰਮਾਂ ਜ਼ਿਲ੍ਹਾ ਸਕੱਤਰ ਆਪ, ਸਰਬਜੀਤ ਕੌਰ ਪ੍ਰਧਾਨ ਜ਼ਿਲ੍ਹਾ ਆਪ ਮਹਿਲਾ ਵਿੰਗ, ਐਲਬਰਟ ਗਿੱਲ, ਮੁਸ਼ਤਾਕ ਮਸੀਹ, ਅਮਰੀਕ ਸਿੰਘ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਰੋਹਿਤ ਗਿੱਲ ਪੀ.ਸੀ.ਐੱਸ, ਅਸ਼ੋਕ, ਹਰੀਸ਼, ਡਾ. ਆਸ਼ਿਸ਼ ਚੌਹਾਨ, ਮੰਗਾ ਮਸੀਹ ਤੋਂ ਇਲਾਵਾ ਹੋਰ ਵੀ ਆਗੂ ਹਾਜ਼ਰ ਸਨ।  

LEAVE A REPLY

Please enter your comment!
Please enter your name here