ਸਾਕਸ਼ੀ ਸਾਹਨੀ ਨੇ ਸਰਕਾਰੀ ਸਕੂਲ ਦੀ ਵਿਦਿਆਰਥਣ ਮਹਿਫ਼ੂਜਾ ਨੂੰ ਜ਼ਿਲ੍ਹੇ ਦਾ ਇੱਕ ਦਿਨ ਦਾ ਡੀ.ਸੀ. ਬਣਾਇਆ

ਪਟਿਆਲਾ, (ਦ ਸਟੈਲਰ ਨਿਊਜ਼): ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਪੁੱਜੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਡਲ ਟਾਊਨ ਦੀ ਦਸਵੀ ਕਲਾਸ ਦੀ ਵਿਦਿਆਰਥਣ ਮਹਿਫ਼ੂਜਾ ਨੂੰ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਆਪਣੀ ਕੁਰਸੀ ‘ਤੇ ਬਿਠਾ ਕੇ ਵਿਦਿਆਰਥਣ ਦੇ ਆਈ.ਏ.ਐਸ. ਬਣਨ ਦੀ ਸੁਪਨੇ ਨੂੰ ਅੱਜ ਇੱਕ ਨਵੀਂ ਦਿਸ਼ਾ ਪ੍ਰਦਾਨ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਦਾ ਸਹੀ ਮਾਰਗਦਰਸ਼ਨ ਕਰਨ ਲਈ ਆਈ ਐਸ-ਪਾਇਰ ਲੀਡਰਸ਼ਿਪ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੇ ਨਿਰਦੇਸ਼ਾਂ ਤਹਿਤ ਵਿਦਿਆਰਥੀਆਂ ਨੂੰ ਸਿਵਲ ਸੇਵਾਵਾਂ ਦੀ ਪ੍ਰੀਖਿਆ ਪਾਸ ਕਰਨ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਕ ਨਵਾਂ ਉਪਰਾਲਾ ਕੀਤਾ ਗਿਆ ਹੈ ਜਿਸ ਤਹਿਤ ਹੁਣ ਹਰੇਕ ਮਹੀਨੇ ਜ਼ਿਲ੍ਹੇ ਦੇ ਸਕੂਲਾਂ ਦੇ ਚੋਣਵੇਂ ਵਿਦਿਆਰਥੀਆਂ ਨੂੰ ਜਿਸ ਖੇਤਰ ਵਿਚ ਉਹ ਜਾਣਾ ਚਾਹੁੰਦੇ ਹਨ ਉਸ ਖੇਤਰ ਦੇ ਅਧਿਕਾਰੀਆਂ ਨਾਲ ਇੱਕ ਦਿਨ ਬਿਤਾਉਣ ਲਈ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਵਿਦਿਆਰਥੀਆਂ ਨੂੰ ਅੱਗੇ ਵੱਧਣ ਦੀ ਪ੍ਰੇਰਨਾ ਮਿਲ ਸਕੇ। ਉਨ੍ਹਾਂ ਦੱਸਿਆ ਕਿ ਇਸ ਲੜੀ ਤਹਿਤ ਅੱਜ ਵਿਦਿਆਰਥਣ ਮਹਿਫ਼ੂਜਾ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਦਫ਼ਤਰ ਵਿਖੇ ਪੁੱਜੀ ਹੈ ਤੇ ਦੋਵੇਂ ਅਹੁਦਿਆਂ ਦੀ ਕਾਰਜਪ੍ਰਣਾਲੀ ਨੂੰ ਵਿਦਿਆਰਥਣ ਵੱਲੋਂ ਸਮਝਿਆ ਗਿਆ ਹੈ।

Advertisements

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਮਾਪੇ ਅਧਿਆਪਕ ਮਿਲਣ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਟਿਆਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਡਲ ਟਾਊਨ ਵਿਖੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਕੀਤੀ ਵਿਸ਼ੇਸ਼ ਗੱਲਬਾਤ ਦੌਰਾਨ ਵਿਦਿਆਰਥਣ ਮਹਿਫ਼ੂਜਾ ਨੇ ਮੁੱਖ ਮੰਤਰੀ ਕੋਲ ਆਈ.ਏ.ਐਸ. ਬਣਨ ਦੀ ਇੱਛਾ ਜਾਹਰ ਕੀਤੀ ਸੀ, ਜਿਸ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਤੇ ਐਸ.ਐਸ.ਪੀ. ਵਰੁਣ ਸ਼ਰਮਾ ਨੂੰ ਵਿਦਿਆਰਥਣ ਦੀ ਹੌਸਲਾ ਅਫ਼ਜ਼ਾਈ ਤੇ ਮਾਗਰਦਰਸ਼ਨ ਕਰਨ ਲਈ ਆਪਣੇ ਦਫ਼ਤਰ ਬਲਾਉਣ ਤੇ ਆਪਣੀ ਕੁਰਸੀ ‘ਤੇ ਬਿਠਾਕੇ ਅਹੁਦੇ ਦੀ ਪ੍ਰਤੀਸ਼ਠਾ ਅਤੇ ਉਸ ਨੂੰ ਪ੍ਰਾਪਤ ਕਰਨ ਲਈ ਕੀਤੀ ਜਾਣ ਵਾਲੀ ਮਿਹਨਤ ਲਈ ਪ੍ਰੇਰਿਤ ਕਰਨ ਲਈ ਕਿਹਾ ਸੀ। ਡਿਪਟੀ ਕਮਿਸ਼ਨਰ ਦੀ ਕੁਰਸੀ ‘ਤੇ ਬੈਠਣ ਉਪਰੰਤ ਵਿਦਿਆਰਥਣ ਮਹਿਫ਼ੂਜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਐਸ.ਐਸ.ਪੀ. ਵਰੁਣ ਸ਼ਰਮਾ ਵੱਲੋਂ ਅੱਜ ਮੇਰੇ ਆਈ.ਏ.ਐਸ. ਬਣਨ ਦੇ ਸੁਪਨੇ ਨੂੰ ਪੂਰਾ ਕਰਨ ਲਈ ਕੀਤਾ ਗਈ ਇਹ ਪਹਿਲਕਦਮੀ ਮੈਨੂੰ ਆਪਣਾ ਇਹ ਟੀਚਾ ਪੂਰਾ ਕਰਨ ਲਈ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰੇਗੀ। ਵਿਦਿਆਰਥਣ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹੁਣ ਇੰਨ੍ਹਾਂ ਵੱਕਾਰੀ ਪ੍ਰੀਖਿਆਵਾਂ ਨੂੰ ਪਾਸ ਕਰਨ ਦੇ ਸੁਪਨੇ ਦੇਖਣ ਲੱਗੇ ਹਨ, ਇਹ ਸਭ ਹੋ ਰਹੇ ਸਿੱਖਿਆ ਸੁਧਾਰ ਦਾ ਹੀ ਨਤੀਜਾ ਹੈ।

ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਮਾਪੇ ਅਧਿਆਪਕ ਮਿਲਣ ਦੌਰਾਨ ਮੁੱਖ ਮੰਤਰੀ ਵੱਲੋਂ ਵਿਦਿਆਰਥੀਆਂ ਦੀਆਂ ਪੁੱਛੀਆਂ ਭਵਿੱਖੀ ਯੋਜਨਾਵਾਂ ਦੌਰਾਨ ਵਿਦਿਆਰਥੀਆਂ ਵੱਲੋਂ ਆਈ.ਏ.ਐਸ. ਤੇ ਆਈ.ਪੀ.ਐਸ. ਬਣਨ ਦੀ ਇੱਛਾ ਜਤਾਈ ਗਈ ਸੀ ਜਿਸ ਦੇ ਚਲਦਿਆਂ ਮੁੱਖ ਮੰਤਰੀ ਨੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਲਈ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਇਨ੍ਹਾਂ ਨੂੰ ਬੁਲਾਕੇ ਮਾਰਗਦਰਸ਼ਨ ਕਰਨ ਲਈ ਕਿਹਾ ਸੀ। ਜਿਸ ਦੇ ਚਲਦਿਆਂ ਅੱਜ ਵਿਦਿਆਰਥਣ ਮਹਿਫ਼ੂਜਾ ਨੂੰ ਡਿਪਟੀ ਕਮਿਸ਼ਨਰ ਦੀ ਕੁਰਸੀ ‘ਤੇ ਬਿਠਾਇਆ ਗਿਆ ਹੈ, ਤਾਂ ਜੋ ਉਹ ਆਪਣੇ ਸੁਪਨੇ ਨੂੰ ਸਾਕਾਰ ਕਰਨ ਲਈ ਹੋਰ ਮਿਹਨਤ ਕਰਨ ਲਈ ਉਤਸ਼ਾਹਤ ਹੋ ਸਕੇ। ਉਨ੍ਹਾਂ ਦੱਸਿਆ ਕਿ ਵਿਦਿਆਰਥਣ ਨੂੰ ਡਿਪਟੀ ਕਮਿਸ਼ਨਰ ਦੇ ਸਾਰੇ ਕੰਮਕਾਜ ਸਬੰਧੀ ਜਾਣਕਾਰੀ ਦਿੱਤੀ ਗਈ ਹੈ ਤੇ ਵੱਖ ਵੱਖ ਵਿਭਾਗਾਂ ਦੀਆਂ ਹੋਈਆਂ ਮੀਟਿੰਗਾਂ ਜਿਸ ਵਿੱਚ ਪਰਾਲੀ ਪ੍ਰਬੰਧਨ ਦੀ ਹੋਈ ਮੀਟਿੰਗ ‘ਚ ਮਹਿਫ਼ੂਜਾ ਵੱਲੋਂ ਸੁਝਾਅ ਵੀ ਦਿੱਤੇ ਗਏ ਹਨ। ਇਸ ਦੇ ਨਾਲ ਹੀ ਮਾਲ ਵਿਭਾਗ ਦੇ ਰਿਕਾਰਡ ਰੂਮ ਦਾ ਦੌਰਾ ਕਰਕੇ ਪੁਰਾਣੇ ਰਿਕਾਰਡ ਦੀ ਸਾਂਭ ਸੰਭਾਲ ਨੂੰ ਵੀ ਵਿਦਿਆਰਥਣ ਵੱਲੋਂ ਦੇਖਿਆ ਗਿਆ ਹੈ ਤੇ ਆਪਣੇ ਪਿੰਡ ਇੰਦਰਪੁਰਾ ਦਾ ਪੁਰਾਣਾ ਰਿਕਾਰਡ ਵੀ ਉਸਨੇ ਦੇਖਿਆ।

ਇਸ ਮੌਕੇ ਐਸ.ਐਸ.ਪੀ. ਦਫ਼ਤਰ ਵਿਖੇ ਪੁੱਜੀ ਮਹਿਫ਼ੂਜਾ ਨੂੰ ਐਸ.ਐਸ.ਪੀ ਵਰੁਣਾ ਸ਼ਰਮਾ ਨੇ ਆਪਣੀ ਕੁਰਸੀ ‘ਤੇ ਬਿਠਾਉਦਿਆਂ ਪੁਲਿਸ ਵਿਭਾਗ ਦੀ ਕਾਰਜਪ੍ਰਣਾਲੀ ਦੱਸਦਿਆਂ ਕਿਹਾ ਕਿ ਪੁਲਿਸ ਵਿਭਾਗ ਨਾਗਰਿਕਾਂ ਦੀ ਸੁਰੱਖਿਆ ਲਈ 24 ਘੰਟੇ ਤਿਆਰ ਰਹਿੰਦਾ ਹੈ ਤੇ ਕਿਸੇ ਵੀ ਨਾਗਰਿਕ ਨੂੰ ਮੁਸ਼ਕਲ ਸਮੇਂ ਸਹਾਇਤਾ ਕਰਦਾ ਹੈ। ਉਨ੍ਹਾਂ ਵਿਦਿਆਰਥਣ ਨੂੰ 11 ਹਜ਼ਾਰ ਰੁਪਏ ਦੀ ਰਾਸ਼ੀ ਦਾ ਚੈਕ ਭੇਂਟ ਕੀਤਾ ਅਤੇ ਮਿਹਨਤ ਕਰਨ ਲਈ ਪ੍ਰੇਰਿਤ ਕਰਦਿਆਂ ਤੋਹਫ਼ੇ ਵਜੋਂ ਪੈਨ ਸੌਪਿਆ। ਇਸ ਮੌਕੇ ਭਾਵੁਕ ਹੁੰਦਿਆਂ ਵਿਦਿਆਰਥਣ ਦੇ ਪਿਤਾ ਮੱਖਣ ਖਾਨ ਨੇ ਕਿਹਾ ਕਿ ਅੱਜ ਦਾ ਦਿਨ ਉਨ੍ਹਾਂ ਦੇ ਪਰਿਵਾਰ ਲਈ ਭਾਗਾਂ ਵਾਲਾ ਹੈ ਜਦੋਂ ਉਨ੍ਹਾਂ ਦੀ ਧੀ ਨੇ ਜ਼ਿਲ੍ਹੇ ਦੇ ਸਭ ਤੋਂ ਵੱਡੇ ਅਹੁਦੇ ਦੀ ਕੁਰਸੀ ਉਤੇ ਬੈਠਣ ਦਾ ਮਾਣ ਪ੍ਰਾਪਤ ਕੀਤਾ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਤੇ ਐਸ.ਐਸ.ਪੀ ਵਰੁਣ ਸ਼ਰਮਾ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਵੱਲੋਂ ਕੀਤਾ ਗਿਆ ਸਹੀ ਮਾਰਗਦਰਸ਼ਨ ਮੇਰੀ ਧੀ ਸਮੇਤ ਹੋਰਨਾਂ ਵਿਦਿਆਰਥੀਆਂ ਦਾ ਭਵਿੱਖ ਸਵਾਰਨ ਵਿਚ ਸਹਾਈ ਹੋਵੇਗਾ।

ਸਾਕਸ਼ੀ ਸਾਹਨੀ ਨੇ ਵਿਦਿਆਰਥਣ ਨੂੰ ਚੰਗੇ ਭਵਿੱਖ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਪੁਸਤਕ ਭੇਂਟ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹਰ ਸਮੇਂ ਵਿਦਿਆਰਥੀਆਂ ਨੂੰ ਅੱਗੇ ਵੱਧਣ ਵਿਚ ਮਦਦ ਕਰਨ ਲਈ ਤਿਆਰ ਹੈ ਤੇ ਇਸ ਲਈ ਜੋ ਵੀ ਸੰਭਵ ਮਦਦ ਹੋ ਸਕਦੀ ਹੈ ਉਹ ਕੀਤੀ ਜਾਵੇਗੀ। ਇਸ ਮੌਕੇ ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ) ਡਾ. ਅਕਸ਼ਿਤਾ ਗੁਪਤਾ, ਏ.ਡੀ.ਸੀ ਗੁਰਪ੍ਰੀਤ ਸਿੰਘ ਥਿੰਦ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਡੀ.ਡੀ.ਐਫ. ਪ੍ਰਿਆ ਸਿੰਘ, ਸਕੂਲ ਪ੍ਰਿੰਸੀਪਲ ਬਲਬੀਰ ਸਿੰਘ ਜੋੜਾ ਵੀ ਮੌਜੂਦ ਸਨ।

LEAVE A REPLY

Please enter your comment!
Please enter your name here