ਡਿਪਟੀ ਕਮਿਸ਼ਨਰ ਨੇ ਸਰਕਾਰੀ ਗਊਸ਼ਾਲਾ ਕਲਾਨੌਰ ਦੇ ਪ੍ਰਬੰਧਾਂ ਦਾ ਲਿਆ ਜਾਇਜਾ

ਗੁਰਦਾਸਪੁਰ, (ਦ ਸਟੈਲਰ ਨਿਊਜ਼): ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਾਰਵਾਲ ਨੇ ਸਰਕਾਰੀ ਗਊਸ਼ਾਲਾ ਕਲਾਨੌਰ ਦੇ ਪ੍ਰਬੰਧਾਂ ਦਾ ਜਾਇਜਾ ਲੈਂਦਿਆਂ ਜ਼ਿਲ੍ਹੇ ਦੀਆਂ ਸਮੂਹ ਨਗਰ ਕੌਂਸਲਾਂ ਅਤੇ ਨਗਰ ਨਿਗਮ ਬਟਾਲਾ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੇ ਅਧਿਕਾਰ ਖੇਤਰਾਂ ਵਿੱਚੋਂ ਗਊ ਸੈੱਸ ਨੂੰ ਇਕੱਠਾ ਕਰਕੇ ਸਮੇਂ ਸਿਰ ਜਮ੍ਹਾਂ ਕਰਵਾਉਣ ਤਾਂ ਜੋ ਗਊਸ਼ਾਲਾ ਵਿੱਚ ਗਊ ਵੰਸ਼ ਦੀ ਸੇਵਾ ਤੇ ਬਿਹਤਰੀ ਲਈ ਇਸਨੂੰ ਖਰਚ ਕੀਤਾ ਜਾ ਸਕੇ। ਉਨ੍ਹਾਂ ਨਾਲ ਹੀ ਇਹ ਵੀ ਹਦਾਇਤ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਪੈਟਰੋਲ ਪੰਪਾਂ, ਮੈਰਿਜ ਪੈਲੇਸਾਂ, ਸੀਮੈਂਟ ਦੀਆਂ ਦੁਕਾਨਾਂ ਸਮੇਤ ਹੋਰ ਜਿਹੜੇ ਵੀ ਕਾਰੋਬਾਰੀ ਅਦਾਰਿਆਂ ਜਾਂ ਵਸਤਾਂ ਉੱਪਰ ਗਊ ਸੈੱਸ ਲਗਾਇਆ ਗਿਆ ਹੈ ਉਸਨੂੰ ਪੂਰੀ ਤਰ੍ਹਾਂ ਇਕੱਤਰ ਕੀਤਾ ਜਾਵੇ।

Advertisements

ਡਿਪਟੀ ਕਮਿਸ਼ਨਰ ਡਾ. ਹਿਮਾਸ਼ੂ ਅਗਰਵਾਲ ਨੇ ਦੱਸਿਆ ਕਿ ਸਰਕਾਰੀ ਗਊਸ਼ਾਲਾ ਕਲਾਨੌਰ ਵਿੱਚ 300 ਗਊ ਵੰਸ਼ ਰੱਖਣ ਦੀ ਸਮਰੱਥਾ ਹੈ ਜਦਕਿ ਜ਼ਿਲ੍ਹਾ ਪਸ਼ੂ ਭਲਾਈ ਸੁਸਾਇਟੀ ਵੱਲੋਂ ਇਸ ਗਊਸ਼ਾਲਾ ਵਿੱਚ 485 ਗਊ ਵੰਸ਼ ਦੀ ਸੇਵਾ ਕੀਤੀ ਜਾ ਰਹੀ ਹੈ। ਪਸ਼ੂ ਪਾਲਣ ਵਿਭਾਗ ਦੇ ਵੈਟਨਰੀ ਡਾਕਟਰ ਗਊ ਵੰਸ਼ ਦੀ ਸੇਵਾ ਲਈ ਵਿਸ਼ੇਸ਼ ਤੌਰ ’ਤੇ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਗਊਸ਼ਾਲਾ ਵਿੱਚ ਗਊ ਵੰਸ਼ ਦੀ ਸਹੂਲਤ ਲਈ ਇੱਕ ਹੋਰ ਨਵਾਂ ਸ਼ੈੱਡ ਬਣਾਇਆ ਜਾਵੇਗਾ ਅਤੇ ਨਾਲ ਹੀ ਹੋਰ ਜਰੂਰਤਾਂ ਵੀ ਪੂਰੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਗਊਸ਼ਾਲਾ ਵਿੱਚ ਜਮ੍ਹਾਂ ਗੋਬਰ ਦਾ ਸਹੀ ਤਰੀਕੇ ਨਾਲ ਨਿਪਟਾਰਾ ਕੀਤਾ ਜਾਵੇ। ਇਸਦੇ ਨਾਲ ਹੀ ਉਨ੍ਹਾਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਗਊਸ਼ਾਲਾ ਦੇ ਚਾਰੇ ਪਾਸੇ ਦਰਖੱਤਾਂ ਦੀ ਵਾੜ ਬਣਾਉਣ ਲਈ ਪੌਦੇ ਲਗਾਏ ਜਾਣ ਤਾਂ ਜੋ ਬਾਹਰੋਂ ਕੋਈ ਜਾਨਵਰ ਗਊਸ਼ਾਲਾ ਦੇ ਅੰਦਰ ਨਾ ਵੜ ਸਕੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਕੁਝ ਵਿਅਕਤੀ ਰਾਤ ਨੂੰ ਗਊਸ਼ਾਲਾ ਦੇ ਗੇਟ ਅੱਗੇ ਗਊ ਵੰਸ਼ ਨੂੰ ਛੱਡ ਜਾਂਦੇ ਹਨ ਜੋ ਕਿ ਗਲਤ ਪਿਰਤ ਹੈ। ਉਨ੍ਹਾਂ ਕਿਹਾ ਕਿ ਗਊਸ਼ਾਲਾ ਵਿੱਚ ਪਹਿਲਾਂ ਹੀ ਸਮਰੱਥਾ ਨਾਲੋਂ ਵੱਧ ਗਊ ਵੰਸ਼ ਦੀ ਗਿਣਤੀ ਹੈ ਅਤੇ ਹੋਰ ਗਊਆਂ ਦੇ ਆਉਣ ਨਾਲ ਪ੍ਰਬੰਧਾਂ ਵਿੱਚ ਮੁਸ਼ਕਲ ਆਉਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੇ ਰਾਤ ਨੂੰ ਧੱਕੇ ਨਾਲ ਆਪਣੀ ਗਊ ਨੂੰ ਗਊਸ਼ਾਲਾ ਅੱਗੇ ਛੱਡਣ ਦੀ ਕੋਸ਼ਿਸ਼ ਕੀਤੀ ਤਾਂ ਉਸ ਵਿਅਕਤੀ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਸਮਾਜ ਸੇਵੀ ਸੰਸਥਾਵਾਂ ਅਤੇ ਗਊ ਵੰਸ ਦੀ ਸੇਵਾ ਕਰਨ ਵਾਲੀਆਂ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗਊ ਵੰਸ਼ ਦੀ ਕੀਤੀ ਜਾ ਰਹੀ ਸੇਵਾ ਵਿੱਚ ਆਪਣਾ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਗਊਸ਼ਾਲਾ ਵਿੱਚ ਸਮਰੱਥਾ ਤੋਂ ਵੱਧ ਗਊ ਵੰਸ਼ ਦੀ ਸੇਵਾ ਕਰਨ ਵਿੱਚ ਸੇਵਾ ਕਰਨ ਵਿੱਚ ਸਹਿਯੋਗ ਦੇਣ ਅਤੇ ਸੇਵਾ ਕਰਨ ਵਾਲੀਆਂ ਅਜਿਹੀਆਂ ਸੰਸਥਾਵਾਂ ਤੇ ਵਿਅਕਤੀਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਨਮਾਨਿਤ ਕੀਤਾ ਜਾਵੇਗਾ।  

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਦੇ ਮਾਹਿਰ ਵੈਟਨਰੀ ਡਾਕਟਰਾਂ ਅਨੁਸਾਰ ਜਿਆਦਾ ਸਰਦੀ ਅਤੇ ਗਰਮੀ ਵਿੱਚ ਕੁਦਰਤੀ ਤੌਰ ’ਤੇ 2.57 ਫੀਸਦੀ ਗਊ ਵੰਸ਼ ਦੀ ਮੌਤ ਹੋ ਜਾਂਦੀ ਹੈ ਜੋ ਕਿ ਇੱਕ ਕੁਦਰਤੀ ਵਰਤਾਰਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਕੁਝ ਸ਼ਰਾਰਤੀ ਅਨਸਰ ਜਾਣਬੁੱਝ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਜਿਨ੍ਹਾਂ ਖਿਲਾਫ ਸਖਤ ਕਾਰਵਾਈ ਕਰਨ ਲਈ ਉਨ੍ਹਾਂ ਪੁਲਿਸ ਨੂੰ ਨਿਰਦੇਸ਼ ਦਿੱਤੇ ਹਨ। ਇਸਦੇ ਨਾਲ ਹੀ ਉਨ੍ਹਾਂ ਡੀ.ਐੱਸ.ਪੀ. ਕਲਾਨੌਰ ਨੂੰ ਗਊਸ਼ਾਲਾ ਦੀ ਸੁਰੱਖਿਆ ਨੂੰ ਵਧਾਉਣ ਲਈ ਵੀ ਕਿਹਾ।  

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹਾ ਪਸ਼ੂ ਭਲਾਈ ਸੁਸਾਇਟੀ ਦੇ ਮੈਂਬਰਾਂ ਨੂੰ ਹਦਾਇਤ ਕੀਤੀ ਕਿ ਗਊਸ਼ਾਲਾ ਵਿੱਚ ਗਊ ਵੰਸ਼ ਦੇ ਹਰੇ ਤੇ ਸੁੱਕੇ ਚਾਰੇ ਦਾ ਪੁਖਤਾ ਪ੍ਰਬੰਧ ਕੀਤਾ ਜਾਵੇ ਅਤੇ ਇਸ ਵਿੱਚ ਕੋਈ ਤੋਟ ਜਾਂ ਕਮੀਂ ਨਹੀਂ ਆਉਣੀ ਚਾਹੀਦੀ। ਇਸਦੇ ਨਾਲ ਹੀ ਉਨ੍ਹਾਂ ਗਊ ਵੰਸ਼ ਨੂੰ ਠੰਡ ਤੋਂ ਬਚਾਉਣ ਲਈ ਵੀ ਯੋਗ ਉਪਰਾਲੇ ਜਿਵੇਂ ਕਿ ਤਰਪਾਲਾਂ, ਚਾਦਰਾਂ ਆਦਿ ਦੇ ਪ੍ਰਬੰਧ ਕਰਨ ਦੀ ਹਦਾਇਤ ਕੀਤੀ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਮੇਂ-ਸਮੇਂ ਖੁਦ ਜਾ ਕੇ ਗਊਸ਼ਾਲਾ ਦੇ ਪ੍ਰਬੰਧਾਂ ਦਾ ਨਿਰੀਖਣ ਕਰਨ ਅਤੇ ਜੇਕਰ ਪ੍ਰਬੰਧਾਂ ਵਿੱਚ ਕੋਈ ਕਮੀ-ਪੇਸ਼ੀ ਹੈ ਤਾਂ ਉਸ ਨੂੰ ਦੂਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਗਊ ਵੰਸ਼ ਦੀ ਸੇਵਾ ਲਈ ਪੂਰੀ ਤਰ੍ਹਾਂ ਵਚਨਬੱਧ ਹੈ।  

ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਧੀ ਕੁਮੁਦ ਬਾਮਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਮਨਮੋਹਨ ਸਿੰਘ, ਐੱਸ.ਡੀ.ਐੱਮ. ਕਲਾਨੌਰ ਅਮਨਦੀਪ ਕੌਰ ਘੁੰਮਣ, ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਸ਼ਾਮ ਸਿੰਘ, ਡੀ.ਡੀ.ਪੀ.ਓ. ਸੰਦੀਪ ਮਲਹੋਤਰਾ ਤੋਂ ਇਲਾਵਾ ਜ਼ਿਲ੍ਹਾ ਪਸ਼ੂ ਭਲਾਈ ਸੁਸਾਇਟੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ।  

LEAVE A REPLY

Please enter your comment!
Please enter your name here